
ਰਾਹੁਲ ਗਾਂਧੀ ਬੀਜੇਪੀ 'ਤੇ ਹਮਲਾ ਕਰਨ ਦਾ ਕੋਈ ਵੀ ਮੌਕਾ ਛੱਡ ਨਹੀਂ ਰਹੇ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਰਨਾਟਕ 'ਚ ਪੀਐੱਮ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਜੀ ਨੇ 15 ਲੱਖ ਰੁਪਏ ਦਾ ਵਾਅਦਾ ਕੀਤਾ ਸੀ, ਕੀ 15 ਲੱਖ ਰੁਪਏ ਆਏ। ਇਸ ਲਈ ਸਾਨੂੰ ਭਾਜਪਾ ਵਾਂਗ ਝੂਠੇ ਵਾਅਦੇ ਨਹੀਂ ਕਰਨੇ ਚਾਹੀਦੇ। ਕਾਂਗਰਸ ਜੋ ਵੀ ਵਾਅਦੇ ਕਰੇਗੀ, ਉਹ ਸਰਕਾਰ ਬਣਦਿਆਂ ਹੀ ਪੂਰੇ ਕੀਤੇ ਜਾਣਗੇ।
ਰਾਹੁਲ ਗਾਂਧੀ ਨੇ ਇਹ ਗੱਲਾਂ ਬਿਦਰ ਜ਼ਿਲ੍ਹੇ ਵਿੱਚ ਭਲਕੀ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਹੀਆਂ। ਦੱਸ ਦੇਈਏ ਕਿ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਈਸ਼ਵਰ ਖੰਡਰੇ ਭਲਕੀ ਤੋਂ ਚੋਣ ਲੜ ਰਹੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ 'ਚ ਪਹਿਲੀ ਵਾਰ ਜੇਕਰ ਕਿਸੇ ਨੇ ਲੋਕਤੰਤਰ ਦਾ ਰਸਤਾ ਦਿਖਾਇਆ ਤਾਂ ਉਹ ਬਸਵੰਨਾ ਜੀ ਸਨ। ਅੱਜ ਸਾਰੇ ਭਾਰਤ ਵਿੱਚ ਆਰ.ਐਸ.ਐਸ.-ਭਾਜਪਾ ਦੇ ਲੋਕ ਲੋਕਤੰਤਰ 'ਤੇ ਹਮਲਾ ਕਰ ਰਹੇ ਹਨ।
ਆਰਐਸਐਸ-ਭਾਜਪਾ ਦੇ ਲੋਕ ਭਾਰਤ ਵਿੱਚ ਨਫ਼ਰਤ ਅਤੇ ਹਿੰਸਾ ਫੈਲਾ ਕੇ ਬਸਵੰਨਾ ਜੀ ਦੀ ਸੋਚ 'ਤੇ ਹਮਲਾ ਕਰ ਰਹੇ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਤੋਂ 24 ਦਿਨ ਪਹਿਲਾਂ ਐਤਵਾਰ ਨੂੰ ਕੋਲਾਰ 'ਚ ਇਕ ਜਨ ਸਭਾ ਨੂੰ ਸੰਬੋਧਨ ਕੀਤਾ। ਇਹ ਉਹੀ ਕੋਲਾਰ ਹੈ, ਜਿੱਥੇ ਰਾਹੁਲ ਨੇ ਮੋਦੀ ਸਰਨੇਮ ਨੂੰ ਲੈ ਕੇ ਬਿਆਨ ਦਿੱਤਾ ਸੀ। 23 ਮਾਰਚ ਨੂੰ ਸੂਰਤ ਦੀ ਅਦਾਲਤ ਨੇ ਉਸਨੂੰ ਦੋ ਸਾਲ ਦੀ ਸਜ਼ਾ ਸੁਣਾਈ ਅਤੇ ਇਕ ਦਿਨ ਬਾਅਦ ਉਸਨੇ ਆਪਣੀ ਸੰਸਦ ਮੈਂਬਰ ਮੈਂਬਰਸ਼ਿਪ ਵੀ ਗੁਆ ਦਿਤੀ।
ਰਾਹੁਲ ਨੇ ਆਪਣੇ ਸੰਬੋਧਨ 'ਚ ਇਕ ਵਾਰ ਫਿਰ ਅਡਾਨੀ ਮਾਮਲੇ ਦਾ ਜ਼ਿਕਰ ਕੀਤਾ। ਕਰਨਾਟਕ ਦੀ ਭਾਜਪਾ ਸਰਕਾਰ ਦੇ 40 ਫੀਸਦੀ ਕਮਿਸ਼ਨ ਦਾ ਮੁੱਦਾ ਉਠਾਇਆ। ਇਸ ਤੋਂ ਇਲਾਵਾ ਉਨ੍ਹਾਂ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਨ 'ਤੇ ਦੋ ਸਾਲਾਂ ਤੱਕ ਬੇਰੁਜ਼ਗਾਰ ਨੌਜਵਾਨਾਂ ਨੂੰ 1500 ਤੋਂ 3000 ਰੁਪਏ, ਔਰਤਾਂ ਨੂੰ 2000 ਰੁਪਏ ਭੱਤਾ ਅਤੇ ਸੂਬੇ ਦੇ ਹਰੇਕ ਪਰਿਵਾਰ ਨੂੰ 200 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ। ਸੰਸਦ ਮੈਂਬਰ ਬਣਨ ਤੋਂ ਬਾਅਦ ਪਹਿਲੀ ਵਾਰ ਰਾਹੁਲ ਗਾਂਧੀ 11 ਅਪ੍ਰੈਲ ਨੂੰ ਕੇਰਲ ਦੇ ਆਪਣੇ ਸੰਸਦੀ ਖੇਤਰ ਵਾਇਨਾਡ ਪਹੁੰਚੇ। ਉਨ੍ਹਾਂ ਕਿਹਾ, ਮੇਰੀ ਸੰਸਦ ਦੀ ਮੈਂਬਰਸ਼ਿਪ ਖੋਹ ਲਈ ਗਈ ਹੈ। ਮੇਰਾ ਘਰ ਖੋਹ ਲਿਆ ਗਿਆ ਹੈ, ਪੁਲਿਸ ਮੇਰੇ ਮਗਰ ਲਾ ਦਿੱਤੀ ਗਈ ਹੈ, ਪਰ ਇਸ ਸਭ ਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ। ਭਾਵੇਂ ਉਹ ਮੈਨੂੰ ਜੇਲ੍ਹ ਵਿੱਚ ਪਾ ਦੇਣ ਮੈਂ ਫਿਰ ਵੀ ਸਵਾਲ ਪੁੱਛਦਾ ਰਹਾਂਗਾ।