ਦੇਸ਼ ਵਿਚ ਪੰਜ ਰਾਜਾਂ ਵਿਚ ਚੋਣਾਂ ਸ਼ੁਰੂ ਹੋਣ ਵਿਚ ਕੁਝ ਦਿਨ ਰਹਿ ਗਏ ਹਨ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਹਿਲੇ ਪੜਾਅ ਦੀਆਂ ਵੋਟਾਂ ਲਈ ਚੋਣ ਪ੍ਰਚਾਰ ਆਖਰੀ ਪੜਾਅ ਤੇ ਹੈ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੱਛਮੀ ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਚੋਣ ਪ੍ਰਚਾਰ ਕੀਤਾ।
ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਇੱਥੇ 10 ਫਰਵਰੀ ਨੂੰ ਵੋਟਿੰਗ ਹੋਣੀ ਹੈ। ਸਿੰਘ ਨੇ ਗਲਵਾਨ ਵਿਵਾਦ ਦਾ ਮੁੱਦਾ ਉਠਾਇਆ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 'ਤੇ ਹਮਲਾ ਬੋਲਿਆ। ਰਾਜਨਾਥ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਭਾਰਤੀ ਜਵਾਨਾਂ ਦੀ ਬਹਾਦਰੀ 'ਤੇ ਭਰੋਸਾ ਨਹੀਂ ਕਰਦੇ, ਸਗੋਂ ਚੀਨੀ ਮੀਡੀਆ 'ਤੇ ਜ਼ਿਆਦਾ ਭਰੋਸਾ ਕਰਦੇ ਹਨ।
ਚੋਣ ਪ੍ਰਚਾਰ ਦੌਰਾਨ ਜਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਦੁਨੀਆ ਨੂੰ ਸੁਨੇਹਾ ਦਿੱਤਾ ਹੈ ਕਿ ਭਾਰਤ ਹੁਣ ਕਮਜ਼ੋਰ ਦੇਸ਼ ਨਹੀਂ ਰਿਹਾ। ਅਸੀਂ ਸਰਹੱਦ ਪਾਰ ਕਰਕੇ ਹਮਲਾ ਕਰ ਸਕਦੇ ਹਾਂ। ਰੱਖਿਆ ਮੰਤਰੀ ਰਾਜਨਾਥ ਨੇ ਇਹ ਗੱਲਾਂ ਪੂਰਬੀ ਲੱਦਾਖ ਸੈਕਟਰ ਵਿੱਚ ਜੂਨ 2020 ਵਿੱਚ ਹੋਈ ਝੜਪ ਬਾਰੇ ਕਹੀਆਂ।ਰਾਜਨਾਥ ਨੇ ਅੱਗੇ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਗਲਵਾਨ ਵਿਚ ਕਈ ਭਾਰਤੀ ਸੈਨਿਕ ਮਾਰੇ ਗਏ ਅਤੇ ਕੁਝ ਚੀਨ ਵਿਚ।
ਉਸ ਨੇ ਚੀਨੀ ਮੀਡੀਆ 'ਤੇ ਭਰੋਸਾ ਕੀਤਾ। ਆਸਟ੍ਰੇਲੀਆਈ ਮੀਡੀਆ ਨੇ ਦੱਸਿਆ ਕਿ 38 ਤੋਂ 50 ਚੀਨੀ ਮਾਰੇ ਗਏ ਹਨ। ਕਾਂਗਰਸੀ ਆਗੂ ਨੂੰ ਸਾਡੇ ਫੌਜੀ ਜਵਾਨਾਂ ਦੀ ਬਹਾਦਰੀ ਤੇ ਭਰੋਸਾ ਨਹੀਂ ਹੈ। ਸਿੰਘ ਨੇ ਅੱਗੇ ਕਿਹਾ ਕਿ ਰੱਖਿਆ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਦਾ ਪੱਕਾ ਵਿਸ਼ਵਾਸ ਹੈ, ਕਿ ਕੋਈ ਵੀ ਭਾਰਤ ਦੇ ਮਾਣ ਤੇ ਹਮਲਾ ਨਹੀਂ ਕਰ ਸਕਦਾ।
ਉੱਤਰ ਪ੍ਰਦੇਸ਼ ਵਿੱਚ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਬਾਰੇ ਗੱਲ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਦੇ ਰਾਜ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਸਫਲ ਰਹੇ ਹਨ ਅਤੇ ਉਹ ਸ਼ਲਾਘਾ ਦੇ ਹੱਕਦਾਰ ਹਨ। ਅਪਰਾਧੀ ਭੱਜ ਰਹੇ ਹਨ, ਮਾਫੀਆ ਜਾਇਦਾਦਾਂ ਦੀ ਭੰਨਤੋੜ ਹੋ ਰਹੀ ਹੈ। ਯੂਪੀ ਤਰੱਕੀ ਦੇ ਰਾਹ ਤੇ ਹੈ। ਐਕਸਪ੍ਰੈਸਵੇਅ ਬਣਾਏ ਜਾ ਰਹੇ ਹਨ, ਤਹਿਸੀਲਾਂ ਅਤੇ ਬਲਾਕ ਹੈੱਡਕੁਆਟਰਾਂ ਨੂੰ ਜੋੜਨ ਲਈ ਸੜਕਾਂ ਬਣਾਈਆਂ ਜਾ ਰਹੀਆਂ ਹਨ।