
ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੈਡਰੇਸ਼ਨ ਆਫ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਦੀ 95ਵੀਂ ਸਾਲਾਨਾ ਕਾਨਫਰੰਸ ਅਤੇ ਏ.ਜੀ.ਐੱਮ. 'ਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਭਾਰਤ ਦੀ ਆਰਥਿਕਤਾ ਤੇਜ਼ੀ ਨਾਲ ਵਧ ਰਹੀ ਹੈ।
ਰਾਜਨਾਥ ਨੇ ਕਿਹਾ ਕਿ ਲਾਲ ਕਿਲੇ ਤੋਂ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਪੰਜ ਮਤਿਆਂ ਬਾਰੇ ਦੱਸਿਆ ਸੀ, ਜੋ ਭਾਰਤ ਨੂੰ ਸੁਪਰ ਪਾਵਰ ਬਣਾਉਣ ਲਈ ਜ਼ਰੂਰੀ ਹਨ। ਰਾਜਨਾਥ ਸਿੰਘ ਨੇ ਕਿਹਾ ਕਿ ਇਹ ਨਾ ਸੋਚਿਆ ਜਾਵੇ ਕਿ ਅਸੀਂ ਕਿਸੇ ਦੇਸ਼ 'ਤੇ ਹਾਵੀ ਹੋਣਾ ਚਾਹੁੰਦੇ ਹਾਂ ਜਾਂ ਕਿਸੇ ਹੋਰ ਦੇਸ਼ ਦੀ ਇਕ ਇੰਚ ਜ਼ਮੀਨ 'ਤੇ ਕਬਜ਼ਾ ਕਰਨ ਦਾ ਇਰਾਦਾ ਰੱਖਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਗਲਵਾਨ ਹੋਵੇ ਜਾਂ ਤਵਾਂਗ, ਸਾਡੀਆਂ ਰੱਖਿਆ ਬਲਾਂ ਨੇ ਆਪਣੀ ਬਹਾਦਰੀ ਅਤੇ ਤਾਕਤ ਦਾ ਸਬੂਤ ਦਿੱਤਾ ਹੈ।
ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ 'ਪੰਜ ਪ੍ਰਣ' ਯਾਨੀ ਪੰਜ ਸੰਕਲਪਾਂ ਦੀ ਗੱਲ ਕੀਤੀ ਸੀ, ਜਿਸ ਵਿੱਚ ਪਹਿਲਾ - ਇੱਕ ਵਿਕਸਤ ਭਾਰਤ ਦਾ ਨਿਰਮਾਣ, ਦੂਜਾ - ਗੁਲਾਮੀ ਦੀ ਹਰ ਸੋਚ ਤੋਂ ਆਜ਼ਾਦੀ, ਤੀਜਾ - ਵਿਰਾਸਤ ਵਿੱਚ ਮਾਣ, ਚੌਥਾ - ਏਕਤਾ ਅਤੇ ਇੱਕਜੁਟਤਾ ਅਤੇ ਪੰਜਵਾਂ ਨਾਗਰਿਕਾਂ ਦੁਆਰਾ ਕਰਤਵ ਦਾ ਪਾਲਣ ਸ਼ਾਮਲ ਹਨ। ਇਨ੍ਹਾਂ ਵਿੱਚੋਂ ਪਹਿਲੇ ਸੰਕਲਪਾਂ ਨੂੰ ਪੂਰਾ ਕੀਤੇ ਬਿਨਾਂ ਭਾਰਤ ਵਿਸ਼ਵ ਦੀ ਮਹਾਂਸ਼ਕਤੀ ਨਹੀਂ ਬਣ ਸਕਦਾ।
ਰੱਖਿਆ ਮੰਤਰੀ ਨੇ ਕਿਹਾ ਕਿ ਅਸੀਂ ਵਿਸ਼ਵ ਦੀ ਭਲਾਈ ਲਈ ਕੰਮ ਕਰਨ ਲਈ ਇੱਕ ਮਹਾਂਸ਼ਕਤੀ ਬਣਨਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ 1949 ਵਿੱਚ ਚੀਨ ਦੀ ਜੀਡੀਪੀ ਭਾਰਤ ਨਾਲੋਂ ਘੱਟ ਸੀ। 1980 ਤੱਕ ਭਾਰਤ ਚੋਟੀ ਦੀਆਂ 10 ਅਰਥਵਿਵਸਥਾਵਾਂ ਦੀ ਸੂਚੀ ਵਿੱਚ ਵੀ ਨਹੀਂ ਸੀ। 2014 ਵਿੱਚ, ਭਾਰਤ ਵਿਸ਼ਵ ਅਰਥਵਿਵਸਥਾਵਾਂ ਵਿੱਚ 9ਵੇਂ ਸਥਾਨ 'ਤੇ ਸੀ। ਅੱਜ ਭਾਰਤ 3.5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੇ ਨੇੜੇ ਹੈ ਅਤੇ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ।
ਜ਼ਿਕਰਯੋਗ ਹੈ ਕਿ 9 ਦਸੰਬਰ ਨੂੰ ਯਾਂਗਤਸੇ ਇਲਾਕੇ 'ਚ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਾਲੇ ਝੜਪ ਹੋਈ ਸੀ। ਇਸ ਝੜਪ 'ਚ 6 ਭਾਰਤੀ ਜਵਾਨ ਜ਼ਖਮੀ ਹੋਏ ਸਨ, ਜਦਕਿ ਚੀਨੀ ਸੈਨਿਕਾਂ ਨੂੰ ਵੀ ਕਾਫੀ ਸੱਟਾਂ ਲੱਗੀਆਂ ਹਨ। ਖਬਰਾਂ 'ਚ ਦੱਸਿਆ ਗਿਆ ਹੈ ਕਿ ਚੀਨ ਦਹਾਕਿਆਂ ਤੋਂ ਇਸ ਖੇਤਰ 'ਤੇ ਬੁਰੀ ਨਜ਼ਰ ਰੱਖ ਰਿਹਾ ਹੈ। ਚੀਨ ਤਵਾਂਗ ਦੇ ਖੇਤਰ 'ਤੇ ਲਗਾਤਾਰ ਅੱਗੇ ਵਧ ਰਿਹਾ ਹੈ। ਪਰ ਇਸ ਵਾਰ ਭਾਰਤੀ ਸੈਨਿਕ ਪੂਰੀ ਤਰ੍ਹਾਂ ਤਿਆਰ ਸਨ।