ਉਨ੍ਹਾਂ ਨੂੰ ਬ੍ਰੀਚ ਕੈਂਡੀ ਹਸਪਤਾਲ ਦੇ ਆਈਸੀਯੂ ਵਿੱਚ ਰੱਖਿਆ ਗਿਆ ਸੀ। ਡਾਕਟਰਾਂ ਦੀ ਟੀਮ ਪਿਛਲੇ ਕਾਫੀ ਸਮੇਂ ਤੋਂ ਡਾ: ਪ੍ਰਤੀਤ ਸਮਾਧਨੀ ਦੀ ਦੇਖ-ਰੇਖ ਹੇਠ ਲਤਾ ਤਾਈ ਦਾ ਇਲਾਜ ਕਰ ਰਹੀ ਸੀ। ਇਲਾਜ ਦੌਰਾਨ ਉਨ੍ਹਾਂ ਦੀ ਸਿਹਤ 'ਚ ਸੁਧਾਰ ਵੀ ਦੇਖਿਆ ਗਿਆ। ਉਨ੍ਹਾਂ ਨੂੰ ਲਗਾਤਾਰ ਨਿਗਰਾਨੀ ਹੇਠ ਰੱਖਿਆ ਗਿਆ। ਕਰੀਬ 5 ਦਿਨ ਪਹਿਲਾਂ ਉਨ੍ਹਾਂ ਦੀ ਸਿਹਤ 'ਚ ਸੁਧਾਰ ਆਉਣਾ ਸ਼ੁਰੂ ਹੋ ਗਿਆ ਸੀ। ਆਕਸੀਜਨ ਕੱਢ ਦਿੱਤੀ ਗਈ ਸੀ ਪਰ ਆਈਸੀਯੂ ਵਿੱਚ ਹੀ ਰੱਖਿਆ ਗਿਆ ਸੀ।
ਪਰ ਐਤਵਾਰ ਸਵੇਰੇ 8.12 ਵਜੇ ਉਨ੍ਹਾਂ ਦੀ ਮੌਤ ਹੋ ਗਈ। ਡਾ: ਪ੍ਰਤੀਤ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ, ਮਲਟੀ-ਆਰਗਨ ਫੇਲ੍ਹਿਅਰ ਕਾਰਨ ਹੋਈ ਹੈ।
ਲਤਾ ਜੀ ਦੀ ਕੋਰੋਨਾ ਰਿਪੋਰਟ 8 ਜਨਵਰੀ ਨੂੰ ਪਾਜ਼ੀਟਿਵ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਕੋਰੋਨਾ ਦੇ ਨਾਲ-ਨਾਲ ਉਨ੍ਹਾਂ ਨੂੰ ਨਿਮੋਨੀਆ ਵੀ ਹੋ ਗਿਆ ਸੀ।ਉਹ 29 ਦਿਨਾਂ ਤੱਕ ਕੋਰੋਨਾ ਅਤੇ ਨਿਮੋਨੀਆ ਦੋਵਾਂ ਨਾਲ ਲੜੇ। ਹੁਣ 4-5 ਦਿਨਾਂ ਤੋਂ ਉਨ੍ਹਾਂ ਦੀ ਸਿਹਤ ਵਿੱਚ ਕਾਫੀ ਸੁਧਾਰ ਦੱਸਿਆ ਜਾ ਰਿਹਾ ਸੀ।
ਲਤਾ ਜੀ ਦੀ ਮੌਤ 'ਤੇ ਦੋ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਸ਼ਿਵਾਜੀ ਪਾਰਕ ਵਿੱਚ ਰੱਖਿਆ ਜਾਵੇਗਾ।
ਆਉ ਲਤਾ ਜੀ ਦੇ ਜੀਵਨ ਨਾਲ ਸੰਬੰਧਤ ਕੁਝ ਰੋਚਕ ਤੱਥਾਂ ਤੇ ਝਾਤੀ ਮਾਰਦੇ ਹਾਂ।
ਲਗਭਗ 80 ਸਾਲਾਂ ਤੋਂ ਸੰਗੀਤ ਦੀ ਦੁਨੀਆਂ ਵਿੱਚ ਸਰਗਰਮ ਲਤਾ ਮੰਗੇਸ਼ਕਰ ਦਾ ਜਨਮ 28 ਸਤੰਬਰ 1929 ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਹੋਇਆ ਸੀ। ਉਨ੍ਹਾਂ ਨੇ 13 ਸਾਲ ਦੀ ਛੋਟੀ ਉਮਰ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਲਤਾ ਜੀ ਦੇ ਪਿਤਾ ਪੰਡਿਤ ਦੀਨਾਨਾਥ ਮੰਗੇਸ਼ਕਰ ਸੰਗੀਤ ਅਤੇ ਮਰਾਠੀ ਥੀਏਟਰ ਦੀ ਦੁਨੀਆ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਸੀ। ਉਨ੍ਹਾਂ ਨੇ ਹੀ ਲਤਾ ਜੀ ਨੂੰ ਸੰਗੀਤ ਸਿਖਾਇਆ ਸੀ। 5 ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ, ਲਤਾ ਜੀ ਦੀਆਂ ਤਿੰਨ ਭੈਣਾਂ ਆਸ਼ਾ ਭੌਂਸਲੇ, ਊਸ਼ਾ ਮੰਗੇਸ਼ਕਰ, ਮੀਨਾ ਮੰਗੇਸ਼ਕਰ ਅਤੇ ਭਰਾ ਹਿਰਦੇਨਾਥ ਮੰਗੇਸ਼ਕਰ ਹਨ।
ਲਤਾ ਜੀ ਨੇ 36 ਭਾਸ਼ਾਵਾਂ ਵਿੱਚ ਲਗਭਗ 50 ਹਜ਼ਾਰ ਗੀਤ ਗਾਏ ਹਨ। ਇਹ ਕਿਸੇ ਵੀ ਗਾਇਕ ਲਈ ਇੱਕ ਰਿਕਾਰਡ ਹੈ। ਉਨ੍ਹਾਂ ਨੇ 1000 ਤੋਂ ਵੱਧ ਫਿਲਮਾਂ ਲਈ ਗਾਇਆ ਹੈ। ਫਿਲਮ ਜਗਤ ਚ ਇੱਕ ਦੌਰ ਅਜਿਹਾ ਸੀ, ਜਦੋਂ ਲਤਾ ਮੰਗੇਸ਼ਕਰ ਦੀ ਆਵਾਜ਼ ਤੋਂ ਬਿਨਾਂ ਫ਼ਿਲਮਾਂ ਅਧੂਰੀਆਂ ਮੰਨੀਆਂ ਜਾਂਦੀਆਂ ਸਨ।
ਸੰਨ੍ਹ 2000 ਤੋਂ ਬਾਅਦ, ਉਨ੍ਹਾਂ ਨੇ ਫਿਲਮਾਂ ਵਿੱਚ ਗਾਉਣਾ ਘਟਾ ਦਿੱਤਾ ਅਤੇ ਕੁਝ ਚੋਣਵੀਆਂ ਫਿਲਮਾਂ ਵਿੱਚ ਹੀ ਗਾਇਆ। ਉਨ੍ਹਾਂ ਨੇ ਆਪਣਾ ਆਖਰੀ ਗੀਤ 2015 ਦੀ ਫਿਲਮ ਡੰਨੋ ਵਾਈ ਲਈ ਗਾਇਆ ਸੀ।
ਸੰਗੀਤ ਦੀ ਦੁਨੀਆ ਵਿੱਚ ਯੋਗਦਾਨ ਲਈ 2001 ਵਿੱਚ, ਲਤਾ ਜੀ ਨੂੰ ਭਾਰਤ ਦੇ ਸਰਵਉੱਚ ਨਾਗਰਿਕ ਪੁਰਸਕਾਰ, ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਦਾਦਾ ਸਾਹਿਬ ਫਾਲਕੇ ਸਮੇਤ ਕਈ ਸਨਮਾਨ ਦਿੱਤੇ ਜਾ ਚੁੱਕੇ ਹਨ।
ਦੱਸ ਦੇਈਏ ਕਿ ਲਤਾ ਜੀ ਇੱਕ ਗਾਇਕਾ ਦੇ ਨਾਲ-ਨਾਲ ਸੰਗੀਤਕਾਰ ਵੀ ਸਨ ਅਤੇ ਉਹਨਾਂ ਦਾ ਆਪਣਾ ਫਿਲਮ ਪ੍ਰੋਡਕਸ਼ਨ ਵੀ ਸੀ, ਜਿਸ ਦੇ ਬੈਨਰ ਹੇਠ ਫਿਲਮ "ਲੇਕਿਨ" ਬਣੀ ਸੀ।
ਇਸ ਫਿਲਮ ਲਈ ਉਹਨਾਂ ਨੂੰ ਸਾਲ ਦੀ ਸਰਵੋਤਮ ਗਾਇਕਾ ਦਾ ਰਾਸ਼ਟਰੀ ਪੁਰਸਕਾਰ ਵੀ ਮਿਲਿਆ ਸੀ। 61 ਦੀ ਉਮਰ ਵਿੱਚ ਗਾਉਣ ਲਈ ਰਾਸ਼ਟਰੀ ਪੁਰਸਕਾਰ ਜਿੱਤਣ ਵਾਲੀ ਉਹ ਇਕਲੌਤੀ ਗਾਇਕਾ ਸੀ। ਇਸ ਤੋਂ ਇਲਾਵਾ ਫਿਲਮ ''ਲੇਕਿਨ'' ਨੂੰ 5 ਹੋਰ ਨੈਸ਼ਨਲ ਐਵਾਰਡ ਮਿਲੇ ਸਨ।
ਲਤਾ ਜੀ ਨੇ ਵਿਆਹ ਨਹੀਂ ਕਰਵਾਇਆ ਸੀ। ਉਹ ਆਪਣੀ ਭੈਣ ਊਸ਼ਾ ਅਤੇ ਭਰਾ ਹਿਰਦੇਨਾਥ ਨਾਲ ਮੁੰਬਈ ਦੇ ਪੇਡਰ ਰੋਡ ਸਥਿਤ ਪ੍ਰਭੂਕੁੰਜ ਵਿੱਚ ਪਹਿਲੀ ਮੰਜ਼ਿਲ 'ਤੇ ਰਹਿੰਦੇ ਸਨ। ਉਹ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਸਨ। ਭੈਣ ਆਸ਼ਾ ਭੌਂਸਲੇ ਵੀ ਇੱਥੋਂ ਕੁਝ ਦੂਰੀ 'ਤੇ ਹੀ ਰਹਿੰਦੇ ਹਨ।