ਰੇਣੂਕਾ ਚੌਧਰੀ ਨੂੰ ਉਨ੍ਹਾਂ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਕਾਂਗਰਸ ਦੀ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਰੇਣੂਕਾ ਚੌਧਰੀ ਨੇ ਪੀਐਮ ਮੋਦੀ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਨ ਦੀ ਗੱਲ ਕਹੀ ਹੈ। ਰੇਣੁਕਾ ਨੇ ਟਵੀਟ 'ਚ ਲਿਖਿਆ- 'ਇਸ ਹਉਮੈਵਾਦੀ ਨੇ ਮੈਨੂੰ ਰਾਜ ਸਭਾ 'ਚ ਸ਼ੁਰਪਨਖਾ ਕਿਹਾ ਸੀ।'
ਰੇਣੂਕਾ ਚੌਧਰੀ ਨੇ ਕਿਹਾ ਕਿ ਮੈਂ ਉਸਦੇ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰਾਂਗੀ। ਹੁਣ ਦੇਖਦੇ ਹਾਂ ਕਿ ਅਦਾਲਤਾਂ ਕਿੰਨੀ ਤੇਜ਼ੀ ਨਾਲ ਕਾਰਵਾਈ ਕਰਦੀਆਂ ਹਨ। ਰੇਣੂਕਾ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਸੂਰਤ ਦੀ ਅਦਾਲਤ ਨੇ ਮੋਦੀ ਸਰਨੇਮ ਨਾਲ ਜੁੜੇ 2019 ਦੇ ਮਾਣਹਾਨੀ ਮਾਮਲੇ 'ਚ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ ਅਤੇ ਜੁਰਮਾਨਾ ਲਗਾਇਆ ਹੈ। ਰੇਣੁਕਾ ਨੇ ਆਪਣੇ ਟਵੀਟ 'ਚ ਵੀਡੀਓ ਕਲਿੱਪ ਵੀ ਸ਼ੇਅਰ ਕੀਤੀ ਹੈ।
ਭਾਰਤੀ ਸੰਵਿਧਾਨ ਦੀ ਧਾਰਾ 105 ਦੇ ਤਹਿਤ ਸੰਸਦ ਮੈਂਬਰਾਂ ਨੂੰ ਸਦਨ ਵਿੱਚ ਬੋਲਣ ਸਮੇਂ ਕੁਝ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ। ਇਸਦੇ ਅਨੁਸਾਰ ਸੰਸਦ ਮੈਂਬਰ ਨੂੰ ਸਦਨ ਵਿੱਚ ਕੀਤੇ ਗਏ ਕਿਸੇ ਵੀ ਭਾਸ਼ਣ, ਬਿਆਨ ਜਾਂ ਕੰਮ ਲਈ ਕਾਨੂੰਨੀ ਕਾਰਵਾਈ ਤੋਂ ਛੋਟ ਹੈ। ਉਦਾਹਰਨ ਲਈ, ਸਦਨ ਵਿੱਚ ਦਿੱਤੇ ਬਿਆਨ ਲਈ ਮਾਣਹਾਨੀ ਦਾ ਮੁਕੱਦਮਾ ਦਾਇਰ ਨਹੀਂ ਕੀਤਾ ਜਾ ਸਕਦਾ। ਯਾਨੀ ਰੇਣੂਕਾ ਚੌਧਰੀ ਚਾਹੇ ਤਾਂ ਵੀ ਪੀਐੱਮ ਮੋਦੀ ਦੇ ਖਿਲਾਫ ਮਾਣਹਾਨੀ ਦਾ ਕੇਸ ਨਹੀਂ ਦਰਜ ਕਰਵਾ ਸਕਦੀ।
7 ਫਰਵਰੀ 2018 ਨੂੰ ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਦੇ ਸੰਬੋਧਨ ਪ੍ਰਸਤਾਵ 'ਤੇ ਆਪਣਾ ਪੱਖ ਪੇਸ਼ ਕਰ ਰਹੇ ਸਨ। ਜਦੋਂ ਮੋਦੀ ਰਾਜ ਸਭਾ 'ਚ ਆਧਾਰ ਯੋਜਨਾ 'ਤੇ ਬੋਲ ਰਹੇ ਸਨ ਤਾਂ ਰੇਣੁਕਾ ਚੌਧਰੀ ਉੱਚੀ-ਉੱਚੀ ਹੱਸਣ ਲੱਗ ਪਈ। ਇਸ ਦੌਰਾਨ ਸਭਾਪਤੀ ਵੈਂਕਈਆ ਨਾਇਡੂ ਨੇ ਉਨ੍ਹਾਂ ਨੂੰ ਰੋਕਿਆ। ਇਸ 'ਤੇ ਪੀਐਮ ਮੋਦੀ ਨੇ ਕਿਹਾ- 'ਸਭਾਪਤੀ , ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਰੇਣੁਕਾ ਜੀ ਨੂੰ ਕੁਝ ਨਾ ਕਹੋ। ਰਾਮਾਇਣ ਸੀਰੀਅਲ ਤੋਂ ਬਾਅਦ ਅਜਿਹਾ ਹਾਸਾ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ।
ਪ੍ਰਧਾਨ ਮੰਤਰੀ ਮੋਦੀ ਦੀ ਰਾਵਣ ਨਾਲ ਤੁਲਨਾ ਕਰਨ ਵਾਲੇ ਕਾਂਗਰਸ ਪ੍ਰਧਾਨ ਖੜਗੇ ਦੇ ਬਿਆਨ ਦਾ ਸਮਰਥਨ ਕਰਦੇ ਹੋਏ ਰੇਣੂਕਾ ਨੇ ਪੁੱਛਿਆ ਸੀ- ਜਦੋਂ ਸੰਸਦ 'ਚ ਪੀਐੱਮ ਮੋਦੀ ਨੇ ਮੇਰੀ ਤੁਲਨਾ ਸ਼ੁਰਪਨਖਾ ਨਾਲ ਕੀਤੀ ਤਾਂ ਮੀਡੀਆ ਕਿੱਥੇ ਸੀ। ਹਾਲਾਂਕਿ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਰੇਣੂਕਾ ਦੇ ਦਾਅਵੇ ਨੂੰ ਝੂਠਾ ਦੱਸਿਆ ਅਤੇ ਕਿਹਾ ਕਿ ਪੀਐਮ ਮੋਦੀ ਨੇ ਕਦੇ ਵੀ ਉਨ੍ਹਾਂ ਨੂੰ ਸ਼ੁਰਪਨਾਖਾ ਨਹੀਂ ਕਿਹਾ ਸੀ।