ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਰੂਪਾ ਗਾਂਗੁਲੀ ਕਿਸੇ ਵੀ ਪਹਿਚਾਣ ਦੀ ਮੋਹਤਾਜ਼ ਨਹੀਂ ਹੈ । ਟੀਵੀ ਸੀਰੀਅਲ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਕਈ ਬੰਗਾਲੀ ਫਿਲਮਾਂ 'ਚ ਕੰਮ ਕਰਕੇ ਆਪਣੀ ਅਦਾਕਾਰੀ ਦਾ ਸਬੂਤ ਵੀ ਦਿੱਤਾ ਹੈ।
ਉਹ ਨਾ ਸਿਰਫ਼ ਇੱਕ ਮਹਾਨ ਅਭਿਨੇਤਰੀ ਹੈ, ਸਗੋਂ ਇੱਕ ਮਹਾਨ ਗਾਇਕਾ ਵੀ ਹੈ। ਹਾਲਾਂਕਿ ਹੁਣ ਉਹ ਅਦਾਕਾਰੀ ਅਤੇ ਗਾਇਕੀ ਨੂੰ ਛੱਡ ਕੇ ਰਾਜਨੀਤੀ ਵਿੱਚ ਆ ਗਈ ਹੈ ਅਤੇ ਉੱਥੇ ਉਹ ਪੂਰੀ ਤਰ੍ਹਾਂ ਸਰਗਰਮ ਹੈ। ਉਸਨੇ ਕੋਲਕਾਤਾ ਤੋਂ ਹੀ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਰੂਪਾ ਗਾਂਗੁਲੀ ਨੇ ਫਿਲਮਾਂ ਵਿੱਚ ਕਰੀਅਰ ਬਣਾਉਣ ਦਾ ਫੈਸਲਾ ਕੀਤਾ ਅਤੇ ਮੁੰਬਈ ਚਲੀ ਗਈ।
ਰੂਪਾ ਗਾਂਗੁਲੀ ਨੇ ਸਾਲ 1985 'ਚ ਫਿਲਮ 'ਸਾਹਿਬ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ। ਇਸ ਫਿਲਮ 'ਚ ਉਨ੍ਹਾਂ ਨਾਲ ਅਨਿਲ ਕਪੂਰ ਨੇ ਮੁੱਖ ਭੂਮਿਕਾ ਨਿਭਾਈ ਸੀ। ਫਿਲਮ 'ਚ ਰੂਪਾ ਗਾਂਗੁਲੀ ਦੀ ਜ਼ਬਰਦਸਤ ਐਕਟਿੰਗ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 'ਵਿਰੋਧੀ', 'ਪਿਆਰ ਕਾ ਦੇਵਤਾ' ਅਤੇ 'ਬਰਫੀ' ਸਮੇਤ ਕਈ ਫਿਲਮਾਂ 'ਚ ਕੰਮ ਕੀਤਾ। ਹਾਲਾਂਕਿ ਉਸ ਨੂੰ ਅਸਲੀ ਪਛਾਣ ਟੀਵੀ ਸੀਰੀਅਲ 'ਮਹਾਭਾਰਤ' ਤੋਂ ਮਿਲੀ।
ਮਹਾਭਾਰਤ ਸੀਰੀਅਲ ਪਹਿਲੀ ਵਾਰ ਦੂਰਦਰਸ਼ਨ 'ਤੇ ਸਾਲ 1988 'ਚ ਪ੍ਰਸਾਰਿਤ ਹੋਇਆ ਸੀ। ਹਰ ਐਤਵਾਰ ਨੂੰ ਇਹ ਸੀਰੀਅਲ ਦੂਰਦਰਸ਼ਨ 'ਤੇ ਦਿਖਾਇਆ ਜਾਂਦਾ ਸੀ, ਜਿਸ ਲਈ ਦਰਸ਼ਕਾਂ 'ਚ ਵੱਖਰਾ ਹੀ ਕ੍ਰੇਜ਼ ਸੀ। ਸੀਰੀਅਲ 'ਚ ਦਿਖਾਈਆਂ ਗਈਆਂ ਘਟਨਾਵਾਂ ਦਾ ਜ਼ਿਕਰ ਲੋਕਾਂ ਲਈ ਚਰਚਾ ਦਾ ਵਿਸ਼ਾ ਬਣ ਗਿਆ ਸੀ।
ਰੂਪਾ ਗਾਂਗੁਲੀ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਜਿੱਥੋਂ ਤੱਕ ਰੂਪਾ ਗਾਂਗੁਲੀ ਦੀ ਨਿੱਜੀ ਜ਼ਿੰਦਗੀ ਦਾ ਸਵਾਲ ਹੈ, ਉਸਨੇ ਸਾਲ 1992 ਵਿੱਚ ਧਰੁਵ ਮੁਖਰਜੀ ਨਾਮ ਦੇ ਇੱਕ ਮਕੈਨੀਕਲ ਇੰਜੀਨੀਅਰ ਨਾਲ ਵਿਆਹ ਕੀਤਾ ਸੀ। ਪਰ ਵਿਆਹ ਦੇ ਕਰੀਬ 14 ਸਾਲ ਬਾਅਦ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ। ਸਾਲ 2009 'ਚ ਦੋਹਾਂ ਦਾ ਤਲਾਕ ਹੋ ਗਿਆ ਸੀ। ਇਸ ਬਾਰੇ ਗੱਲ ਕਰਦਿਆਂ ਅਦਾਕਾਰਾ ਨੇ ਇੱਕ ਵਾਰ ਕਿਹਾ ਸੀ ਕਿ ਉਹ ਰੋਜ਼ਾਨਾ ਦੀ ਲੜਾਈ ਤੋਂ ਤੰਗ ਆ ਚੁੱਕੀ ਸੀ। ਇਸੇ ਪ੍ਰੇਸ਼ਾਨੀ ਅਤੇ ਤਣਾਅ ਕਾਰਨ ਉਸ ਨੇ ਤਿੰਨ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ। ਮੌਜੂਦਾ ਸਮੇਂ ਵਿੱਚ ਉਹ ਅਦਾਕਾਰੀ ਤੋਂ ਦੂਰ ਹੋ ਕੇ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ।