ਪਹਿਲਵਾਨਾਂ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂਐਫਆਈ) ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਵਿਰੁੱਧ ਆਪਣਾ ਅੰਦੋਲਨ ਖਤਮ ਕਰਨ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂਐਫਆਈ) ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਪ੍ਰਦਰਸ਼ਨ 'ਚ ਸ਼ਾਮਲ ਪਹਿਲਵਾਨ ਸਾਕਸ਼ੀ ਮਲਿਕ, ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਆਪਣੀਆਂ ਨੌਕਰੀਆਂ 'ਤੇ ਪਰਤ ਗਏ ਹਨ। ਤਿੰਨੋਂ ਰੇਲਵੇ ਵਿੱਚ ਕੰਮ ਕਰਦੇ ਹਨ।
ਇਸ ਗੱਲ ਦੀ ਪੁਸ਼ਟੀ ਰੇਲਵੇ ਪਬਲਿਕ ਰਿਲੇਸ਼ਨ ਦੇ ਡਾਇਰੈਕਟਰ ਜਨਰਲ ਨੇ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਤਿੰਨੋਂ ਅੱਜ ਹੀ ਡਿਊਟੀ ਜੁਆਇਨ ਕਰ ਗਏ ਹਨ। ਇਹ ਖਬਰ ਉਸ ਸਮੇਂ ਆਈ ਹੈ ਜਦੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬ੍ਰਿਜ ਭੂਸ਼ਣ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀ ਨਾਬਾਲਗ ਪਹਿਲਵਾਨ ਬਿਆਨ ਤੋਂ ਪਲਟ ਗਈ ਹੈ। ਦਾਅਵੇ ਮੁਤਾਬਕ ਨਾਬਾਲਗ ਨੇ ਇਹ ਬਿਆਨ ਦਿੱਲੀ ਦੇ ਕਨਾਟ ਪਲੇਸ ਥਾਣੇ 'ਚ ਦਿੱਤਾ ਹੈ।
ਇਸ ਤੋਂ ਬਾਅਦ ਉਸਨੂੰ ਪਟਿਆਲਾ ਹਾਊਸ ਕੋਰਟ ਲਿਜਾਇਆ ਗਿਆ, ਜਿੱਥੇ ਉਸ ਨੇ ਬਿਆਨ ਵਾਪਸ ਲੈ ਲਏ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਪਹਿਲਵਾਨ ਵੀ ਅੰਦੋਲਨ ਤੋਂ ਹਟ ਗਏ ਹਨ, ਪਰ ਸਾਕਸ਼ੀ ਮਲਿਕ ਨੇ ਟਵੀਟ ਕਰਕੇ ਅਜਿਹੀਆਂ ਖਬਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ- ਇਨਸਾਫ਼ ਮਿਲਣ ਤੱਕ ਸਾਡੀ ਲੜਾਈ ਜਾਰੀ ਰਹੇਗੀ। ਬਜਰੰਗ ਪੂਨੀਆ ਨੇ ਵੀ ਕਿਹਾ- FIR ਵਾਪਸ ਲੈਣ ਦੀ ਗੱਲ ਝੂਠੀ ਹੈ। ਸਾਡੀ ਲੜਾਈ ਜਾਰੀ ਰਹੇਗੀ।
ਨਾਬਾਲਗ ਪਹਿਲਵਾਨ ਦੀ ਉਮਰ ਨੂੰ ਲੈ ਕੇ ਵੀ ਵਿਵਾਦ ਹੈ। ਲੜਕੀ ਦੇ ਚਾਚੇ ਨੇ ਦਾਅਵਾ ਕੀਤਾ ਕਿ ਉਸਦੀ ਉਮਰ 18 ਸਾਲ ਤੋਂ ਉਪਰ ਹੈ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਇੱਕ ਟੀਮ ਰੋਹਤਕ ਵੀ ਆਈ ਸੀ। ਸਕੂਲ ਵਿੱਚ ਰਿਕਾਰਡ ਦੀ ਜਾਂਚ ਕੀਤੀ ਗਈ। ਜੇਕਰ ਨਾਬਾਲਗ ਪਹਿਲਵਾਨ ਸ਼ਿਕਾਇਤ ਵਾਪਸ ਲੈਂਦੀ ਹੈ ਤਾਂ ਬ੍ਰਿਜ ਭੂਸ਼ਣ ਤੋਂ ਪੋਕਸੋ ਐਕਟ ਹਟਾ ਦਿੱਤਾ ਜਾਵੇਗਾ। ਅਜਿਹੇ 'ਚ ਛੇੜਛਾੜ ਦਾ ਮਾਮਲਾ ਹਟ ਜਾਵੇਗਾ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਲੋੜ ਨਹੀਂ ਪਵੇਗੀ। ਪਹਿਲਵਾਨ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਭਾਰਤੀ ਕੁਸ਼ਤੀ ਮਹਾਸੰਘ (WFI) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਇਹ ਮੀਟਿੰਗ ਸ਼ਨੀਵਾਰ ਦੇਰ ਰਾਤ ਕਰੀਬ 11 ਵਜੇ ਹੋਈ। ਸ਼ਾਹ ਦੀ ਰਿਹਾਇਸ਼ 'ਤੇ ਕਰੀਬ 2 ਘੰਟੇ ਤੱਕ ਬੈਠਕ ਚੱਲੀ।