ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਹਲਚਲ ਹੈ, ਕਿਉਂਕਿ ਹਾਲ ਹੀ ਵਿੱਚ ਖ਼ਬਰਾਂ ਆਈਆਂ ਹਨ ਕਿ ਅਜੀਤ ਪਵਾਰ ਐੱਨਸੀਪੀ ਛੱਡ ਕੇ ਆਪਣੇ 40 ਵਿਧਾਇਕਾਂ ਸਮੇਤ ਭਾਜਪਾ ਸਰਕਾਰ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਹਾਲਾਂਕਿ ਬਾਅਦ 'ਚ ਅਜੀਤ ਪਵਾਰ ਨੇ ਖੁਦ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਜਦੋਂ ਤੱਕ ਮੈਂ ਜ਼ਿੰਦਾ ਹਾਂ, ਮੈਂ ਪਾਰਟੀ ਨਾਲ ਰਹਾਂਗਾ।
ਇਸ ਦੌਰਾਨ ਰਾਜ ਸਭਾ ਮੈਂਬਰ ਸੰਜੇ ਰਾਊਤ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ 'ਚ ਮਹਾਵਿਕਾਸ ਅਗਾੜੀ ਸਰਕਾਰ ਨੂੰ ਵਿਧਾਨ ਸਭਾ ਚੋਣਾਂ 'ਚ 180-185 ਅਤੇ ਲੋਕ ਸਭਾ ਚੋਣਾਂ 'ਚ ਘੱਟੋ-ਘੱਟ 40 ਸੀਟਾਂ ਮਿਲਣਗੀਆਂ। ਦੇਸ਼ 'ਚ ਭਾਜਪਾ ਦੀਆਂ 110 ਸੀਟਾਂ ਘੱਟ ਰਹੀਆਂ ਹਨ, ਜਿਸ ਦਾ ਮਤਲਬ ਹੈ ਕਿ 2024 'ਚ 100 ਫੀਸਦੀ ਸੱਤਾ ਤਬਦੀਲੀ ਹੋਣ ਵਾਲੀ ਹੈ।
ਤੁਹਾਨੂੰ ਦੱਸ ਦੇਈਏ ਕਿ ਸਾਰੀਆਂ ਅਟਕਲਾਂ ਨੂੰ ਖਤਮ ਕਰਨ ਲਈ ਅਜੀਤ ਪਵਾਰ ਨੇ ਖੁਦ ਅੱਗੇ ਆ ਕੇ ਸੰਜੇ ਰਾਉਤ 'ਤੇ ਨਿਸ਼ਾਨਾ ਸਾਧਿਆ ਸੀ। ਅਜੀਤ ਪਵਾਰ ਨੇ ਸੰਜੇ ਰਾਊਤ ਦਾ ਨਾਂ ਲਏ ਬਿਨਾਂ ਕਿਹਾ ਸੀ ਕਿ ਕੁਝ ਨੇਤਾ ਸਾਡੀ ਪਾਰਟੀ ਦੇ ਬੁਲਾਰੇ ਬਣ ਗਏ ਹਨ ਅਤੇ ਖੁਦ ਬਿਆਨ ਦੇ ਰਹੇ ਹਨ। ਦਰਅਸਲ, ਪਿਛਲੇ ਕੁਝ ਸਮੇਂ ਤੋਂ ਸੰਜੇ ਰਾਉਤ ਅਤੇ ਅਜੀਤ ਪਵਾਰ ਵਿਚਾਲੇ ਦੂਰੀ ਕਾਫੀ ਵੱਧ ਗਈ ਹੈ।
ਸੰਜੇ ਰਾਉਤ ਦੇ ਬਿਆਨਾਂ ਕਾਰਨ ਅਜੀਤ ਪਵਾਰ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਹੋ ਗਏ ਹਨ। ਸ਼ਿਵ ਸੈਨਾ ਆਗੂ (ਯੂਬੀਟੀ) ਅਤੇ ਰਾਜ ਸਭਾ ਮੈਂਬਰ ਸੰਜੇ ਰਾਉਤ ਨੇ ਸੱਤਾ ਤਬਦੀਲੀ ਦਾ ਦਾਅਵਾ ਕੀਤਾ ਹੈ। ਇਸਤੋਂ ਪਹਿਲਾ ਵੀ ਸੰਜੇ ਰਾਉਤ ਨੇ ਕਿਹਾ ਸੀ 2024 ਦੀਆਂ ਲੋਕ ਸਭਾ ਚੋਣਾਂ 'ਤੇ ਪੱਛਮੀ ਬੰਗਾਲ, ਮਹਾਰਾਸ਼ਟਰ, ਕਰਨਾਟਕ, ਬਿਹਾਰ ਅਤੇ ਆਂਧਰਾ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦਾ ਪ੍ਰਭਾਵ ਪਵੇਗਾ । ਜਿਸ ਕਾਰਨ ਸੱਤਾ ਪਰਿਵਰਤਨ ਹੋਵੇਗਾ। ਰਾਉਤ ਨੇ ਚੀਨ ਦੀ ਘੁਸਪੈਠ 'ਤੇ ਕੇਂਦਰ ਸਰਕਾਰ ਦੀ ਚੁੱਪ 'ਤੇ ਵੀ ਹਮਲਾ ਬੋਲਿਆ ਸੀ । ਇਕ ਪ੍ਰੋਗਰਾਮ ਦੌਰਾਨ ਸੰਜੇ ਰਾਉਤ ਨੇ ਕਿਹਾ ਕਿ ਮੈਂ ਭਰੋਸੇ ਨਾਲ ਕਹਿ ਸਕਦਾ ਹਾਂ ਕਿ 2024 ਤੋਂ ਬਾਅਦ ਦੇਸ਼ 'ਚ ਸੱਤਾ ਪਰਿਵਰਤਨ ਜ਼ਰੂਰ ਹੋਵੇਗਾ। ਰਾਉਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ 'ਤੇ ਇਕ ਸ਼ਬਦ ਵੀ ਨਹੀਂ ਬੋਲਿਆ।