ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਐਚ.ਐਸ.ਧਾਮੀ ਨੇ ਸ਼ਨੀਵਾਰ, 23 ਜੁਲਾਈ ਨੂੰ ਐਲਾਨ ਕੀਤਾ ਹੈ ਕਿ ਸਰਕਾਰ ਵੱਲੋਂ ਸਿੱਖਾਂ ਨਾਲ ਕੀਤੀ ਜਾ ਰਹੀ ਬੇਇਨਸਾਫ਼ੀ ਤੋਂ ਸੰਗਤਾਂ ਨੂੰ ਜਾਣੂ ਕਰਵਾਉਣ ਲਈ ਕਮੇਟੀ ਅਧੀਨ ਆਉਂਦੇ ਸਾਰੇ ਗੁਰਦੁਆਰਿਆਂ, ਕਾਲਜਾਂ ਅਤੇ ਸਕੂਲਾਂ ਦੇ ਬਾਹਰ ਬੰਦੀ ਸਿੱਖਾਂ ਬਾਰੇ ਜਾਣਕਾਰੀ ਵਾਲੇ ਹੋਰਡਿੰਗ ਅਤੇ ਬੋਰਡ ਲਗਾਏ ਜਾਣਗੇ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਬੀਤੇ ਦਿਨੀਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਆਪਣੇ ਸੰਬੋਧਨ ਦੌਰਾਨ ਸ਼੍ਰੋਮਣੀ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਿਆਂ ਦੀਆਂ ਹੋਰ ਸਾਰੀਆਂ ਕਮੇਟੀਆਂ ਨੂੰ ‘ਬੰਦੀ’ ਸਿੱਖਾਂ ’ਤੇ ਹੋ ਰਹੇ ਜ਼ੁਲਮ ਦਾ ਵਿਰੋਧ ਕਰਨ ਦਾ ਹੁਕਮ ਦਿੱਤਾ ਸੀ।
ਇਨ੍ਹਾਂ ਡਿਸਪਲੇ ਬੋਰਡਾਂ ਵਿੱਚ ਇਨ੍ਹਾਂ ਸਿੱਖਾਂ ਵੱਲੋਂ ਜੇਲ੍ਹ ਵਿੱਚ ਬਿਤਾਏ ਸਾਲਾਂ ਅਤੇ ਉਨ੍ਹਾਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਹੋਵੇਗੀ। ਐਸਜੀਪੀਸੀ ਪ੍ਰਧਾਨ ਨੇ ਇਨ੍ਹਾਂ ਸਿੱਖ ਸਿਆਸੀ ਕੈਦੀਆਂ ਦੀ ਕੈਦ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਹਨਾਂ ਕਿਹਾ ਕਿ ਹਾਲ ਹੀ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ SGPC ਟੀਮ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਕਮਜ਼ੋਰ ਹੋਣ ਦੀ ਗੱਲ ਕਹੀ। ਉਨ੍ਹਾਂ ਸ਼੍ਰੋਮਣੀ ਕਮੇਟੀ ਤੇ ਹੋਰ ਜਥੇਬੰਦੀਆਂ ਨੂੰ ਹਦਾਇਤ ਕੀਤੀ ਕਿ ਉਹ ਆਗੂਆਂ ਤੇ ਸਰਕਾਰਾਂ ਦੇ ਗੇੜੇ ਨਾ ਮਾਰਨ। ਇਸ ਦੇ ਨਾਲ ਹੀ ਦੁਨੀਆ ਭਰ ਦੇ ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ 'ਤੇ ਬੰਦੀ ਸਿੱਖਾਂ ਦੇ ਬੋਰਡ ਲਗਾਉਣ ਦੀ ਵੀ ਚਰਚਾ ਹੋਈ।
ਧਾਮੀ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਮਿਲਣ ਲਈ ਕਿਹਾ ਗਿਆ ਸੀ ਪਰ ਅੱਜ ਤੱਕ ਇਨ੍ਹਾਂ ਪੱਤਰਾਂ ਦਾ ਕੋਈ ਜਵਾਬ ਨਹੀਂ ਆਇਆ। ਦਿੱਲੀ ਦੇ ਜੰਤਰ-ਮੰਤਰ 'ਤੇ ਚੱਲ ਰਹੇ ਧਰਨੇ ਦੌਰਾਨ ਇੱਕ ਪਾਰਟੀ ਸੀਐਮ ਕੇਜਰੀਵਾਲ ਨੂੰ ਮਿਲਣ ਗਈ, ਪਰ ਉਨ੍ਹਾਂ ਨੇ ਵੀ ਮਿਲਣ ਤੋਂ ਇਨਕਾਰ ਕਰ ਦਿੱਤਾ। ਇਸਲਈ ਹੁਣ SGPC ਲੀਡਰਾਂ ਅਤੇ ਸਰਕਾਰਾਂ ਦੇ ਗੇੜੇ ਨਹੀਂ ਲਵੇਗੀ, ਬਲਕਿ ਆਪਣੇ ਤਰੀਕੇ ਨਾਲ ਅਸਲੀਅਤ ਲੋਕਾਂ ਤੱਕ ਪਹੁੰਚਾਵੇਗੀ।