ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਪਾਰਟੀ ਨੇਤਾ ਅਤੇ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਦੀ ਗ੍ਰਿਫਤਾਰੀ ਰਾਜਨੀਤੀ ਤੋਂ ਪ੍ਰੇਰਿਤ ਸੀ ਅਤੇ ਉਸ ਨੂੰ ਭਗੌੜੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਉਹ ਇੱਕ ਮੁਸਲਮਾਨ ਹੈ।
ਮਲਿਕ ਦੇ ਅਸਤੀਫੇ ਲਈ ਵਿਰੋਧੀ ਧਿਰ ਵੱਲੋਂ ਉਠਾਈਆਂ ਜਾ ਰਹੀਆਂ ਮੰਗਾਂ ਨੂੰ ਵੀ ਠੁਕਰਾ ਦਿੱਤਾ। ਮਲਿਕ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ 23 ਫਰਵਰੀ ਨੂੰ ਦਾਊਦ ਇਬਰਾਹਿਮ ਅਤੇ ਉਸ ਦੇ ਸਾਥੀਆਂ ਦੀਆਂ ਗਤੀਵਿਧੀਆਂ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਵਿੱਚ ਗ੍ਰਿਫਤਾਰ ਕੀਤਾ ਸੀ। ਐਨਸੀਪੀ ਮੁਖੀ ਨੇ ਕਿਹਾ ਕਿ ਮਲਿਕ ਦੀ ਗ੍ਰਿਫ਼ਤਾਰੀ ਸਿਆਸਤ ਤੋਂ ਪ੍ਰੇਰਿਤ ਸੀ।
ਉਸ ਨੂੰ ਦਾਊਦ ਇਬਰਾਹਿਮ ਨਾਲ ਇਸ ਲਈ ਜੋੜਿਆ ਜਾ ਰਿਹਾ ਹੈ ਕਿਉਂਕਿ ਉਹ ਮੁਸਲਮਾਨ ਹੈ। ਮਲਿਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਪਰ ਅਸੀਂ ਇਸ ਦਾ ਵਿਰੋਧ ਕਰਾਂਗੇ।ਮਲਿਕ ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਵਿਰੋਧੀ ਭਾਜਪਾ ਦੀ ਮੰਗ ਬਾਰੇ ਪੁੱਛੇ ਜਾਣ 'ਤੇ ਪਵਾਰ ਨੇ ਕਿਹਾ ਕਿ ਕੇਂਦਰੀ ਮੰਤਰੀਆਂ ਨਰਾਇਣ ਰਾਣੇ ਅਤੇ ਮਲਿਕ ਤੇ ਵੱਖ-ਵੱਖ ਮਾਪਦੰਡ ਲਾਗੂ ਕੀਤੇ ਜਾ ਰਹੇ ਹਨ।
ਮੈਨੂੰ ਯਾਦ ਨਹੀਂ ਕਿ ਸਾਡੇ (ਕਾਂਗਰਸ) ਸਾਬਕਾ ਪਾਰਟੀ ਵਰਕਰ ਨਰਾਇਣ ਰਾਣੇ ਨੂੰ ਗ੍ਰਿਫਤਾਰੀ ਤੋਂ ਬਾਅਦ ਹਾਲ ਹੀ ਵਿੱਚ ਅਸਤੀਫਾ ਦੇਣਾ ਪਿਆ ਸੀ। ਪਵਾਰ ਨੇ ਭਾਜਪਾ ਅਤੇ ਮਹਾਰਾਸ਼ਟਰ ਦੇ ਰਾਜਪਾਲ ਬੀਐਸ ਕੋਸ਼ਿਆਰੀ 'ਤੇ ਵੀ ਚੁਟਕੀ ਲਈ, ਜਿਨ੍ਹਾਂ ਨੇ ਵਿਧਾਨ ਪ੍ਰੀਸ਼ਦ ਲਈ ਨਾਮਜ਼ਦਗੀ ਲਈ ਇੱਕ ਸਾਲ ਤੋਂ ਵੱਧ ਸਮੇਂ ਤੋਂ ਮਹਾਰਾਸ਼ਟਰ ਕੈਬਨਿਟ ਦੁਆਰਾ ਉਨ੍ਹਾਂ ਨੂੰ ਭੇਜੇ ਗਏ 12 ਐਮਐਲਸੀ ਦੇ ਨਾਵਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ।
ਮਹਾਰਾਸ਼ਟਰ ਕੋਲ ਪੀਸੀ ਅਲੈਗਜ਼ੈਂਡਰ ਵਰਗੇ ਰਾਜਪਾਲਾਂ ਦੀ ਵਿਰਾਸਤ ਹੈ।ਮੈਨੂੰ ਇਸ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਕਿ ਮੌਜੂਦਾ ਰਾਜਪਾਲ ਕੀ ਕਰ ਰਹੇ ਹਨ। ਕੇਂਦਰ ਸਰਕਾਰ ਜੋ ਵੀ ਕਰ ਸਕਦੀ ਹੈ, ਉਹ ਕਰ ਰਹੀ ਹੈ ਅਤੇ ਮਹਾਰਾਸ਼ਟਰ ਇਸ ਦੀ ਤਾਜ਼ਾ ਮਿਸਾਲ ਹੈ। ਪਵਾਰ ਨੇ ਕਿਹਾ ਕਿ ਵਿਧਾਨ ਪ੍ਰੀਸ਼ਦ ਲਈ ਨਾਮਜ਼ਦ ਹੋਣਾ ਕਿਸੇ ਦਾ ਜਮਹੂਰੀ ਹੱਕ ਹੈ, ਪਰ ਇੱਕ ਸਾਲ ਬੀਤ ਗਿਆ ਹੈ ਅਤੇ ਕੁਝ ਨਹੀਂ ਕੀਤਾ ਜਾ ਰਿਹਾ ਹੈ। ਜੇਕਰ ਕਿਸੇ ਨੇ ਸੰਵਿਧਾਨਕ ਅਹੁਦੇ ਦੀ ਮਾਣ ਮਰਿਆਦਾ ਨੂੰ ਬਰਕਰਾਰ ਰੱਖਣ ਦਾ ਫੈਸਲਾ ਨਹੀਂ ਕੀਤਾ ਤਾਂ ਟਿੱਪਣੀ ਕਰਨ ਦੀ ਕੀ ਲੋੜ ਹੈ।