
ਸ਼ਰਧਾ ਕਤਲ ਮਾਮਲੇ 'ਚ ਵੀਰਵਾਰ ਨੂੰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਦੱਸਿਆ ਕਿ ਦਿੱਲੀ ਦੇ ਜੰਗਲਾਂ 'ਚੋਂ ਮਿਲੀਆਂ ਹੱਡੀਆਂ ਦਾ ਡੀਐਨਏ ਸ਼ਰਧਾ ਦੇ ਪਿਤਾ ਦੀਆਂ ਹੱਡੀਆਂ ਨਾਲ ਮੇਲ ਖਾਂਦਾ ਹੈ। ਇਹ ਹੱਡੀਆਂ ਮਹਿਰੌਲੀ ਅਤੇ ਗੁਰੂਗ੍ਰਾਮ ਦੇ ਜੰਗਲਾਂ ਵਿੱਚ ਮਿਲੀਆਂ ਹਨ।
ਇਹ ਹੱਡੀਆਂ ਆਫਤਾਬ ਦੇ ਕਹਿਣ 'ਤੇ ਬਰਾਮਦ ਕੀਤੀਆਂ ਗਈਆਂ ਸਨ। ਦਿੱਲੀ ਪੁਲਿਸ ਮੁਤਾਬਕ 28 ਸਾਲਾ ਆਫਤਾਬ ਨੇ 18 ਮਈ ਨੂੰ 27 ਸਾਲਾ ਸ਼ਰਧਾ ਦਾ ਕਤਲ ਕਰ ਦਿੱਤਾ ਸੀ। ਦੋਵੇਂ ਲਿਵ-ਇਨ 'ਚ ਰਹਿੰਦੇ ਸਨ। ਆਫਤਾਬ ਨੇ ਸ਼ਰਧਾ ਦੇ ਸਰੀਰ ਦੇ 35 ਟੁਕੜੇ ਕਰ ਦਿੱਤੇ ਸਨ। ਇਸਨੂੰ ਰੱਖਣ ਲਈ 300 ਲੀਟਰ ਦਾ ਫਰਿੱਜ ਖਰੀਦਿਆ ਸੀ। ਉਹ 18 ਦਿਨਾਂ ਤੱਕ ਹਰ ਰਾਤ 2 ਵਜੇ ਲਾਸ਼ ਦੇ ਟੁਕੜੇ ਸੁੱਟਣ ਲਈ ਜੰਗਲ ਵਿੱਚ ਜਾਂਦਾ ਹੁੰਦਾ ਸੀ।
ਪਿਛਲੇ ਮਹੀਨੇ ਆਫਤਾਬ ਦਾ ਨਾਰਕੋ ਟੈਸਟ ਹੋਇਆ ਸੀ। ਇਸ ਵਿੱਚ ਉਸ ਨੇ ਸ਼ਰਧਾ ਦੇ ਕਤਲ ਦੀ ਗੱਲ ਕਬੂਲੀ ਹੈ। ਦਿੱਲੀ ਦੇ ਬਾਬਾ ਸਾਹਿਬ ਅੰਬੇਡਕਰ ਹਸਪਤਾਲ 'ਚ 2 ਘੰਟੇ ਤੱਕ ਆਫਤਾਬ ਦਾ ਨਾਰਕੋ ਟੈਸਟ ਕੀਤਾ ਗਿਆ। ਆਫਤਾਬ ਨੇ ਟੈਸਟ ਵਿੱਚ ਪੁੱਛੇ ਗਏ ਜ਼ਿਆਦਾਤਰ ਸਵਾਲਾਂ ਦੇ ਜਵਾਬ ਅੰਗਰੇਜ਼ੀ ਵਿੱਚ ਦਿੱਤੇ। ਉਸ ਨੇ ਪੋਲੀਗ੍ਰਾਫ਼ ਟੈਸਟ ਵਿੱਚ ਸ਼ਰਧਾ ਦੀ ਹੱਤਿਆ ਕਰਨ ਦੀ ਗੱਲ ਵੀ ਕਬੂਲ ਕੀਤੀ ਸੀ, ਹਾਲਾਂਕਿ ਉਸ ਨੇ ਉਦੋਂ ਕਿਹਾ ਸੀ ਕਿ ਉਸ ਨੂੰ ਇਸ ਕਤਲ ਦਾ ਕੋਈ ਪਛਤਾਵਾ ਨਹੀਂ ਹੈ।
ਆਫਤਾਬ ਨੂੰ ਰੋਹਿਣੀ ਐਫਐਸਐਲ ਵਿੱਚ ਪੋਲੀਗ੍ਰਾਫ ਟੈਸਟ ਲਈ ਲਿਜਾਂਦੇ ਸਮੇਂ ਵੀ ਹਮਲਾ ਕੀਤਾ ਗਿਆ ਸੀ। ਰੋਹਿਣੀ 'ਚ ਫੋਰੈਂਸਿਕ ਸਾਇੰਸ ਲੈਬਾਰਟਰੀ (ਐੱਫਐੱਸਐੱਲ) ਦੇ ਬਾਹਰ ਆਫਤਾਬ ਨੂੰ ਲਿਜਾ ਰਹੀ ਪੁਲਸ ਵੈਨ 'ਤੇ 4-5 ਲੋਕਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਹੱਥਾਂ ਵਿੱਚ ਤਲਵਾਰਾਂ ਸਨ। ਪੁਲਿਸ ਨੇ ਇਨ੍ਹਾਂ ਹਮਲਾਵਰਾਂ ਤੋਂ ਆਫ਼ਤਾਬ ਨੂੰ ਬਚਾਇਆ ਸੀ।
ਆਫਤਾਬ ਨੂੰ 12 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਗਰੋਂ ਉਸਨੂੰ ਪੰਜ ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ। 17 ਨਵੰਬਰ ਨੂੰ ਉਸ ਦੀ ਹਿਰਾਸਤ ਪੰਜ ਦਿਨਾਂ ਲਈ ਹੋਰ ਵਧਾ ਦਿੱਤੀ ਗਈ ਸੀ। ਅਦਾਲਤ ਨੇ ਉਸਨੂੰ 26 ਨਵੰਬਰ ਨੂੰ ਮੁੜ 13 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। 9 ਦਸੰਬਰ ਨੂੰ ਦਿੱਲੀ ਦੀ ਸਾਕੇਤ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ ਸੀ।