ਕ੍ਰਿਸ਼ਨ ਦੇਵਕੀ ਅਤੇ ਵਾਸੁਦੇਵ ਦਾ ਪੁੱਤਰ ਸੀ। ਉਸ ਦਾ ਜਨਮ ਮਥੁਰਾ ਵਿਚ ਹੋਇਆ। ਉਸ ਨੂੰ ਵਿਸ਼ਨੂੰ ਦਾ ਅੱਠਵਾਂ ਅਵਤਾਰ ਮੰਨਿਆਂ ਜਾਂਦਾ ਹੈ ਅਤੇ ਉਸ ਦੀ ਭਗਵਾਨ ਵਜੋਂ ਪੂਜਾ ਕੀਤੀ ਜਾਂਦੀ ਹੈ। ਭਾਰਤ ਦੇ ਪ੍ਰਸਿੱਧ ਮਹਾਂਕਾਵਿ ‘ਮਹਾਭਾਰਤ* ਦਾ ਨਾਇਕ ਵੀ ਉਸ ਨੂੰ ਹੀ ਮੰਨਿਆਂ ਜਾਂਦਾ ਹੈ। ਉਸ ਦੁਆਰਾ ‘ਭਾਗਵਦ ਗੀਤਾ* ਦੇ ਰੂਪ ਵਿਚ ਅਰਜਨ ਨੂੰ ਦਿੱਤਾ ਗਿਆ ਉਪਦੇਸ਼ ਬਹੁਤ ਮਹਾਨ ਹੈ ਅਤੇ ਇਸ ਨੂੰ ਸੰਸਾਰ ਭਰ ਵਿਚ ਪੜਿ੍ਹਆ ਅਤੇ ਵਿਚਾਰਿਆ ਜਾਂਦਾ ਹੈ। ਉਹ ਯਾਦਵ ਵੰਸ਼ ਵਿਚੋਂ ਸੀ। ਕੌਰਵਾਂ ਦੇ ਦਰਬਾਰ ਵਿਚ ਉਸ ਨੇ ਹੀ ਦਰੋਪਤੀ ਦੀ ਲਾਜ ਰੱਖੀ ਸੀ ਅਤੇ ਉਸ ਨੂੰ ਨਿਰਵਸਤਰ ਕੀਤੇ ਜਾਣ ਤੋਂ ਬਚਾਇਆ ਸੀ। ਸੁਦਰਸ਼ਨ ਚੱਕਰ ਉਸ ਦਾ ਪ੍ਰਮੁੱਖ ਹਥਿਆਰ ਸੀ।
ਕ੍ਰਿਸ਼ਨ ਦੇ ਜਨਮ ਸਮੇਂ ਮਥੁਰਾ ਉੱਪਰ ਇਕ ਬੜੇ ਹੀ ਜ਼ਾਲਿਮ ਰਾਜੇ ਕੰਸ ਦਾ ਰਾਜ ਸੀ। ਉਹ ਕ੍ਰਿਸ਼ਨ ਦੀ ਮਾਤਾ ਦੇਵਕੀ ਦਾ ਚਚੇਰਾ ਭਰਾ (ਕੁਝ ਕਹਾਣੀਆਂ ਅਨੁਸਾਰ ਸਕਾ ਭਰਾ) ਸੀ। ਇਸ ਤਰ੍ਹਾਂ ਇਹ ਕ੍ਰਿਸ਼ਨ ਦਾ ਮਾਮਾ ਲਗਦਾ ਸੀ। ਉਹ ਆਪਣੇ ਪਿਤਾ ਉੱਗਰਸੇਨ ਨੂੰ ਗੱਦੀਓਂ ਉਤਾਰ ਕੇ ਖ਼ੁਦ ਗੱਦੀ ਉੱਪਰ ਬੈਠ ਗਿਆ ਸੀ। ਦੇਵਕੀ ਦੀ ਵਾਸੁਦੇਵ ਨਾਲ ਸ਼ਾਦੀ ਹੋ ਜਾਣ ਤੋਂ ਬਾਅਦ ਨਾਰਦ ਰਿਸ਼ੀ ਨੇ ਇਹ ਭਵਿੱਖਬਾਣੀ ਕੀਤੀ ਕਿ ਉਸ ਦੀ ਮੌਤ ਦੇਵਕੀ ਦੀ ਕੁੱਖੋਂ ਪੈਦਾ ਹੋਣ ਵਾਲੇ ਬੱਚੇ ਹੱਥੋਂ ਹੋਵੇਗੀ। ਕੰਸ ਨੇ ਸ਼ਾਦੀ ਉਪਰੰਤ ਹੀ ਦੇਵਕੀ ਨੂੰ ਮੌਤ ਦੇ ਘਾਟ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਵਾਸੁਦੇਵ ਦੁਆਰਾ ਇਹ ਭਰੋਸਾ ਦਿੱਤੇ ਜਾਣ *ਤੇ ਕਿ ਉਹ ਦੇਵਕੀ ਦੀ ਕੁੱਖੋਂ ਪੈਦਾ ਹੋਣ ਵਾਲਾ ਹਰ ਬੱਚਾ ਉਸ ਨੂੰ ਸੌਂਪਦਾ ਰਹੇਗਾ, ਕੰਸ ਨੇ ਦੇਵਕੀ ਅਤੇ ਉਸ ਦੇ ਪਤੀ ਵਾਸੁਦੇਵ ਨੂੰ ਆਪਣੇ ਮਹਿਲ ਦੀ ਜੇਲ੍ਹ ਵਿਚ ਕੈਦ ਕਰ ਲਿਆ ਅਤੇ ਉਸ ਦੇ ਸਾਰੇ ਬੱਚਿਆਂ ਨੂੰ ਜੇਲ੍ਹ ਦੀ ਦੀਵਾਰ ਨਾਲ ਪਟਕਾ ਕੇ ਮਾਰਦਾ ਰਿਹਾ। ਫਿਰ ਵੀ ਉਨ੍ਹਾਂ ਦਾ ਸੱਤਵਾਂ ਪੁੱਤਰ ਬਲਰਾਮ ਕਿਸੇ ਦੈਵੀ ਸ਼ਕਤੀ ਨਾਲ ਵਾਸੁਦੇਵ ਦੀ ਦੂਸਰੀ ਪਤਨੀ ਰੋਹਿਣੀ ਦੇ ਗਰਭ ਵਿਚ ਚਲਾ ਗਿਆ ਤੇ ਉਸ ਦਾ ਬਚਾਅ ਹੋ ਗਿਆ।
ਉਨ੍ਹਾਂ ਦੇ ਅੱਠਵੇਂ ਬੱਚੇ ਕ੍ਰਿਸ਼ਨ ਦਾ ਜਨਮ ਅੱਧੀ ਰਾਤ ਸਮੇਂ ਹੋਇਆ। ਜਨਮ ਤੋਂ ਬਾਅਦ ਦੇਵਕੀ ਘੂਕ ਸੋ ਗਈ। ਕਿਹਾ ਜਾਂਦਾ ਹੈ ਕਿ ਕ੍ਰਿਸ਼ਨ ਦੇ ਜਨਮ ਲੈਂਦਿਆਂ ਹੀ ਇੱਕ ਹਜ਼ਾਰ ਸੂਰਜਾਂ ਜਿੰਨੀ ਰੌਸ਼ਨੀ ਹੋਈ। ਇਸ ਦੇ ਨਾਲ ਹੀ ਮਹਿਲ ਦੀ ਜੇਲ੍ਹ ਦੇ ਸਾਰੇ ਜਿੰਦਰੇ ਖੁੱਲ੍ਹ ਗਏ ਤੇ ਸਾਰੇ ਪਹਿਰੇਦਾਰ ਗੂੜ੍ਹੀ ਨੀਂਦ ਸੌਂ ਗਏ। ਵਾਸੁਦੇਵ ਨੂੰ ਇਕ ਭਵਿੱਖਬਾਣੀ ਸੁਣਾਈ ਦਿੱਤੀ ਜਿਸ ਰਾਹੀਂ ਉਸ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਇਸ ਬੱਚੇ ਨੂੰ ਆਪਣੇ ਮਿੱਤਰ (ਕੁਝ ਕਹਾਣੀਆਂ ਅਨੁਸਾਰ ਚਚੇਰੇ ਭਰਾ) ਨੰਦ (ਨੰਦ ਬਾਬਾ) ਗਵਾਲੇ ਦੇ ਘਰ ਛੱਡ ਆਵੇ ਅਤੇ ਉੱਥੋਂ ਉਸ ਦੀ ਪਤਨੀ ਯਸ਼ੋਧਾ ਦੇ ਘਰ ਹੁਣੇ—ਹੁਣੇ ਜਨਮੀ ਧੀ ਨੂੰ ਆਪਣੇ ਨਾਲ ਵਾਪਿਸ ਲੈ ਆਵੇ ਜਿੱਥੇ ਉਹ ਵੀ ਗੂੜ੍ਹੀ ਨੀਂਦ ਸੁੱਤੇ ਹੋਏ ਹਨ। ਵਾਸੁਦੇਵ ਨੇ ਕ੍ਰਿਸ਼ਨ ਨੂੰ ਇਕ ਫੁੱਲਾਂ ਵਾਲੀ ਟੋਕਰੀ ਵਿਚ ਪਾ ਕੇ ਆਪਣੇ ਸਿਰ ਉੱਪਰ ਚੁੱਕ ਲਿਆ ਅਤੇ ਦਿੱਤੀ ਗਈ ਹਦਾਇਤ ਅਨੁਸਾਰ ਉੱਥੋਂ ਯਸ਼ੋਧਾ ਦੀ ਕੁੱਖ ਤੋਂ ਪੈਦਾ ਹੋਈ ਲੜਕੀ ਨੂੰ ਆਪਣੇ ਨਾਲ ਵਾਪਿਸ ਲੈ ਆਇਆ ਅਤੇ ਉਸ ਨੂੰ ਦੇਵਕੀ ਨਾਲ ਲਿਟਾ ਦਿੱਤਾ। ਬੱਚੀ ਦੀ ਰੋਣ ਦੀ ਅਵਾਜ਼ ਸੁਣ ਕੇ ਦੇਵਕੀ ਨੂੰ ਜਾਗ ਆ ਗਈ ਅਤੇ ਉਸ ਨੇ ਲੜਕੀ ਨੂੰ ਆਪਣੇ ਸੀਨੇ ਨਾਲ ਘੁੱਟ ਲਿਆ।
ਹੁਣ ਮਹਿਲ ਦੇ ਸਾਰੇ ਪਹਿਰੇਦਾਰ ਵੀ ਜਾਗ ਪਏ। ਜਦ ਕੰਸ ਨੂੰ ਬੱਚੀ ਦੇ ਜਨਮ ਬਾਰੇ ਪਤਾ ਲੱਗਾ ਤਾਂ ਉਸ ਨੇ ਉਸ ਬੱਚੀ ਨੂੰ ਵੀ ਜੇਲ੍ਹ ਦੀ ਦੀਵਾਰ ਨਾਲ ਪਟਕਾ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਕੁਝ ਕਹਾਣੀਆਂ ਅਨੁਸਾਰ ਉਹ ਲੜਕੀ ਇਕਦਮ ਅਸਮਾਨੀ ਬਿਜਲੀ ਬਣ ਕੇ ਅਸਮਾਨ ਵਿਚ ਚੜ੍ਹ ਗਈ। ਕੁਝ ਹੋਰ ਕਹਾਣੀਆਂ ਅਨੁਸਾਰ ਉਸ ਨੇ ਦੁਰਗਾ ਦਾ ਰੂਪ ਧਾਰ ਕੇ ਕੰਸ ਨੂੰ ਚੇਤਾਵਨੀ ਦਿੱਤੀ ਕਿ ਉਸ ਨੂੰ ਮਾਰਨ ਵਾਲਾ ਜਨਮ ਲੈ ਚੁੱਕਾ ਹੈ ਅਤੇ ਉਹ ਆਪਣੀ ਮੌਤ ਲਈ ਤਿਆਰ ਰਹੇ। ਇਸ ਸਮੇਂ ਹੀ ਨੰਦ ਬਾਬਾ ਅਤੇ ਮਾਤਾ ਯਸ਼ੋਧਾ ਆਪਣੇ ਬੱਚੇ ਨੂੰ ਲੈ ਕੇ ਗੋਕਲ ਚਲੇ ਗਏ ਅਤੇ ਕੰਸ ਨੇ ਮਥੁਰਾ ਵਿਚ ਜਨਮੇ ਸਾਰੇ ਬੱਚਿਆਂ ਨੂੰ ਮਰਵਾਉਣਾ ਸ਼ੁਰੂ ਕਰ ਦਿੱਤਾ। ਆਖਰਕਾਰ ਕੰਸ ਕ੍ਰਿਸ਼ਨ ਹੱਥੋਂ ਮਾਰਿਆ ਗਿਆ।
ਕ੍ਰਿਸ਼ਨ ਜੀ ਦੀ ਸ਼ਾਦੀ ਵਿਦਰਭ ਦੇ ਰਾਜੇ ਭੀਸਮਕ ਦੀ ਪੁੱਤਰੀ ਰੁਕਮਣੀ ਨਾਲ ਹੋਈ। ਉਸ ਦਾ ਭਰਾ ਰੁਕਮਿਣ ਕੰਸ ਦਾ ਮਿੱਤਰ ਸੀ ਅਤੇ ਕ੍ਰਿਸ਼ਨ ਨੇ ਕੰਸ ਨੂੰ ਮਾਰਿਆ ਸੀ। ਇਸ ਕਾਰਣ ਰੁਕਮਿਣ ਇਸ ਸ਼ਾਦੀ ਦੇ ਵਿਰੁੱਧ ਸੀ। ਸੋ ਰੁਕਮਣੀ ਦੀ ਮੰਗਣੀ ਚੰਦੀ ਦੇ ਰਾਜੇ ਸ਼ਿਸ਼ੂਪਾਲ ਨਾਲ ਕਰ ਦਿੱਤੀ ਗਈ ਪਰ ਵਿਆਹ ਵਾਲੇ ਦਿਨ ਜਦ ਰੁਕਮਣੀ ਪੂਜਾ ਕਰਨ ਲਈ ਮੰਦਿਰ ਜਾ ਰਹੀ ਸੀ ਤਾਂ ਕ੍ਰਿਸ਼ਨ ਮੌਕਾ ਪਾ ਕੇ ਉਸ ਨੂੰ ਆਪਣੇ ਰਥ ਵਿਚ ਬਿਠਾ ਕੇ ਲੈ ਗਿਆ। ਰੁਕਮਿਣ ਅਤੇ ਰੁਕਮਣੀ ਦੇ ਹੋਣ ਵਾਲੇ ਪਤੀ ਨੇ ਉਨ੍ਹਾਂ ਦਾ ਪਿੱਛਾ ਕੀਤਾ ਪਰ ਕ੍ਰਿਸ਼ਨ ਨੇ ਲੜਾਈ ਵਿਚ ਉਨ੍ਹਾਂ ਦੋਹਾਂ ਨੂੰ ਹਰਾ ਦਿੱਤਾ ਅਤੇ ਆਪ ਦੋਨੋਂ ਦਵਾਰਕਾ ਪਹੁੰਚ ਗਏ ਜਿੱਥੇ ਉਨ੍ਹਾਂ ਨੇ ਸ਼ਾਦੀ ਕਰਵਾ ਲਈ।
ਰਾਧਾ ਕ੍ਰਿਸ਼ਨ ਜੀ ਦੀ ਰੂਹਾਨੀ ਅਤੇ ਅਧਿਆਤਮਿਕ ਪ੍ਰੇਮਿਕਾ ਸੀ। ਉਨ੍ਹਾਂ ਦਾ ਆਪਸ ਵਿਚ ਆਦਰਸ਼ ਪਿਆਰ ਸੀ ਜੋ ਸਮੂਹ ਸਰੀਰਕ ਅਤੇ ਦੁਨਿਆਵੀ ਚੇਸ਼ਟਾਵਾਂ ਤੋਂ ਉੱਪਰ ਹੁੰਦਾ ਹੈ।