
ਸੋਨੀਆ ਗਾਂਧੀ ਦੇ ਦਖਲ ਤੋਂ ਬਾਅਦ ਡੀਕੇ ਸ਼ਿਵਕੁਮਾਰ ਆਖਰਕਾਰ ਉਪ ਮੁੱਖ ਮੰਤਰੀ ਬਨਣ ਲਈ ਸਹਿਮਤ ਹੋ ਗਏ। ਕਰਨਾਟਕ ਦੇ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਕਾਂਗਰਸ 'ਚ ਕਈ ਦਿਨਾਂ ਤੋਂ ਚੱਲ ਰਿਹਾ ਮੰਥਨ ਹੁਣ ਖਤਮ ਹੋ ਗਿਆ ਹੈ। ਮੁੱਖ ਮੰਤਰੀ ਦੇ ਅਹੁਦੇ ਲਈ ਸਿੱਧਾਰਮਈਆ ਦਾ ਨਾਂ ਫਾਈਨਲ ਹੋ ਗਿਆ ਹੈ। ਜਾਣਕਾਰੀ ਮੁਤਾਬਕ ਸਿੱਧਰਮਈਆ ਨੂੰ ਕਰਨਾਟਕ ਦਾ ਅਗਲਾ ਮੁੱਖ ਮੰਤਰੀ ਬਣਾਇਆ ਗਿਆ ਹੈ, ਜਦੋਂ ਕਿ ਡੀਕੇ ਸ਼ਿਵਕੁਮਾਰ ਨੇ ਡਿਪਟੀ ਸੀਐਮ ਦੇ ਅਹੁਦੇ ਲਈ ਸਹਿਮਤੀ ਜਤਾਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ 20 ਮਈ ਨੂੰ ਦੁਪਹਿਰ 12:30 ਵਜੇ ਬੈਂਗਲੁਰੂ 'ਚ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਦੇਰ ਰਾਤ ਲੰਬੀ ਗੱਲਬਾਤ ਕੀਤੀ ਅਤੇ ਫਿਰ ਦੋਵੇਂ ਨੇਤਾ ਫਾਰਮੂਲੇ 'ਤੇ ਸਹਿਮਤ ਹੋ ਗਏ ਹਨ। ਪਹਿਲਾਂ ਢਾਈ ਸਾਲਾਂ ਲਈ ਸਿੱਧਾਰਮਈਆ ਅਤੇ ਫਿਰ ਸ਼ਿਵਕੁਮਾਰ ਮੁੱਖ ਮੰਤਰੀ ਦਾ ਅਹੁਦਾ ਸੰਭਾਲਣਗੇ। ਇਸ ਦੌਰਾਨ, ਪਾਰਟੀ ਨੇ ਅੱਜ ਸ਼ਾਮ 7 ਵਜੇ ਬੈਂਗਲੁਰੂ ਵਿੱਚ ਕਾਂਗਰਸ ਵਿਧਾਇਕ ਦਲ (ਸੀਐਲਪੀ) ਦੀ ਮੀਟਿੰਗ ਬੁਲਾਈ ਹੈ। ਇਸ ਵਿੱਚ ਮੁੱਖ ਮੰਤਰੀ ਦੇ ਨਾਂ ਦਾ ਅਧਿਕਾਰਤ ਐਲਾਨ ਕੀਤਾ ਜਾ ਸਕਦਾ ਹੈ।
ਪਿਛਲੇ 3 ਦਿਨਾਂ ਤੋਂ ਕਰਨਾਟਕ 'ਚ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਕਾਂਗਰਸ 'ਚ ਮੰਥਨ ਚੱਲ ਰਿਹਾ ਸੀ। ਪਹਿਲਾਂ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਰਾਹੁਲ ਗਾਂਧੀ ਨਾਲ ਗੱਲਬਾਤ ਕੀਤੀ, ਫਿਰ ਸਿਧਾਰਮਈਆ ਅਤੇ ਡੀਕੇ ਸ਼ਿਵਕੁਮਾਰ ਨਾਲ ਮੁਲਾਕਾਤ ਕੀਤੀ, ਜੋ ਦੋਵੇਂ ਨੇਤਾ ਅਹੁਦੇ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾਂਦੇ ਹਨ। ਖੜਗੇ ਨੇ ਸੋਮਵਾਰ ਨੂੰ ਵੀ ਪਾਰਟੀ ਦੇ ਤਿੰਨ ਸੁਪਰਵਾਈਜ਼ਰਾਂ ਅਤੇ ਸੀਨੀਅਰ ਨੇਤਾਵਾਂ ਨਾਲ ਵਿਸਤ੍ਰਿਤ ਚਰਚਾ ਕੀਤੀ।
ਸਿੱਧਰਮਈਆ ਅਤੇ ਸ਼ਿਵਕੁਮਾਰ ਦੋਵੇਂ ਹੀ ਰਾਜ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਸਨ, ਹਾਲਾਂਕਿ ਸਿੱਧਰਮਈਆ ਨੂੰ ਸ਼ੁਰੂ ਤੋਂ ਹੀ ਸਭ ਤੋਂ ਅੱਗੇ ਮੰਨਿਆ ਜਾਂਦਾ ਸੀ। ਰਾਜ ਵਿੱਚ 224 ਮੈਂਬਰੀ ਵਿਧਾਨ ਸਭਾ ਲਈ 10 ਮਈ ਨੂੰ ਹੋਈਆਂ ਚੋਣਾਂ ਵਿੱਚ, ਕਾਂਗਰਸ ਨੇ 135 ਸੀਟਾਂ ਜਿੱਤੀਆਂ, ਜਦੋਂ ਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 66 ਅਤੇ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੀ ਅਗਵਾਈ ਵਾਲੀ ਜਨਤਾ ਦਲ (ਸੈਕੂਲਰ) ਨੇ 19 ਸੀਟਾਂ ਜਿੱਤੀਆਂ। ਸ਼ਿਵਕੁਮਾਰ ਅਤੇ ਸਿੱਧਰਮਈਆ ਨੇ ਕਲ ਰਾਤ ਇਕੱਠੇ ਡਿਨਰ ਕੀਤਾ। ਕਰਨਾਟਕ ਕਾਂਗਰਸ ਦੇ ਇੰਚਾਰਜ ਰਣਦੀਪ ਸੁਰਜੇਵਾਲਾ ਅਤੇ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੀ ਉਨ੍ਹਾਂ ਦੇ ਨਾਲ ਨਜ਼ਰ ਆਏ ਸਨ।