ਤਾਮਿਲਨਾਡੂ ਦਿੱਲੀ ਦੀ ਤਰਜ਼ ਤੇ, ਸਕੂਲਾਂ ਨੂੰ ਦੇਵੇਗਾ ਨਵਾਂ ਰੂਪ : ਸਟਾਲਿਨ

ਇਕ ਅਧਿਕਾਰੀ ਨੇ ਸਟਾਲਿਨ ਨੂੰ ਦੱਸਿਆ ਕਿ ਦਿੱਲੀ ਸਰਕਾਰ ਪਿਛਲੇ ਛੇ-ਸੱਤ ਸਾਲਾਂ ਤੋਂ ਲਗਾਤਾਰ ਆਪਣੇ ਬਜਟ ਦਾ ਲਗਭਗ 25 ਫੀਸਦੀ ਸਿੱਖਿਆ ਤੇ ਖਰਚ ਕਰ ਰਹੀ ਹੈ।
ਤਾਮਿਲਨਾਡੂ ਦਿੱਲੀ ਦੀ ਤਰਜ਼ ਤੇ, ਸਕੂਲਾਂ ਨੂੰ ਦੇਵੇਗਾ ਨਵਾਂ ਰੂਪ : ਸਟਾਲਿਨ

ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਿੱਲੀ ਦੀ ਤਰਜ਼ ਤੇ ਦੱਖਣੀ ਰਾਜ ਤਾਮਿਲਨਾਡੂ ਵਿੱਚ ਇੱਕ ਮਾਡਲ ਸਕੂਲ ਸਥਾਪਤ ਕਰਨ ਜਾ ਰਹੀ ਹੈ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਸਕੂਲਾਂ ਦਾ ਦੌਰਾ ਕਰਨ ਦਾ ਸੱਦਾ ਦਿੱਤਾ।

ਸਟਾਲਿਨ ਨੇ ਪਿਛਲੀ ਦਿਨੀ ਕੇਜਰੀਵਾਲ ਨਾਲ ਦਿੱਲੀ ਦੇ ਇੱਕ ਸਰਕਾਰੀ ਸਕੂਲ ਦਾ ਦੌਰਾ ਕਰਨ ਤੋਂ ਬਾਅਦ ਇਹ ਗੱਲ ਕਹੀ। ਇਸ ਦੌਰਾਨ ਅਧਿਕਾਰੀਆਂ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਨੂੰ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਦਿੱਲੀ ਦੀ ਸਿੱਖਿਆ ਪ੍ਰਣਾਲੀ ਵਿੱਚ ਆਏ ਬਦਲਾਅ ਬਾਰੇ ਵੀ ਜਾਣੂ ਕਰਵਾਇਆ। ਇਕ ਅਧਿਕਾਰੀ ਨੇ ਸਟਾਲਿਨ ਨੂੰ ਦੱਸਿਆ ਕਿ ਦਿੱਲੀ ਸਰਕਾਰ ਪਿਛਲੇ ਛੇ-ਸੱਤ ਸਾਲਾਂ ਤੋਂ ਲਗਾਤਾਰ ਆਪਣੇ ਬਜਟ ਦਾ ਲਗਭਗ 25 ਫੀਸਦੀ ਸਿੱਖਿਆ 'ਤੇ ਖਰਚ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ 2014-15 ਵਿੱਚ ਸਰਕਾਰੀ ਸਕੂਲਾਂ ਦੀ 12ਵੀਂ ਜਮਾਤ ਵਿੱਚ ਪਾਸ ਪ੍ਰਤੀਸ਼ਤਤਾ 88 ਸੀ, ਜੋ ਪ੍ਰਾਈਵੇਟ ਸਕੂਲਾਂ ਨਾਲੋਂ ਘੱਟ ਸੀ। ਇਹ ਅੰਕੜਾ 2019-20 ਵਿੱਚ ਪ੍ਰਾਈਵੇਟ ਸਕੂਲਾਂ ਵਿੱਚ 92 ਫੀਸਦੀ ਦੇ ਮੁਕਾਬਲੇ ਵਧ ਕੇ 98 ਫੀਸਦੀ ਹੋ ਗਿਆ ਹੈ। ਸਟਾਲਿਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੱਖਣੀ ਰਾਜ ਵਿੱਚ ਦਿੱਲੀ ਦੇ ਮਾਡਲ ਸਕੂਲਾਂ ਦੀ ਨਕਲ ਕਰ ਰਹੀ ਹੈ।

ਤਾਮਿਲਨਾਡੂ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ, ਅਸੀਂ ਸਿੱਖਿਆ ਅਤੇ ਮੈਡੀਕਲ ਖੇਤਰਾਂ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੇ ਹਾਂ। ਅਸੀਂ ਤਾਮਿਲਨਾਡੂ ਵਿੱਚ ਵੀ ਉਹੀ ਕਰ ਰਹੇ ਹਾਂ ਜਿਵੇਂ ਦਿੱਲੀ ਵਿੱਚ ਮਾਡਲ ਸਕੂਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਉੱਥੇ ਕੰਮ ਪੂਰਾ ਹੋਣ ਤੋਂ ਬਾਅਦ ਮੁੱਖ ਮੰਤਰੀ ਕੇਜਰੀਵਾਲ ਨੂੰ ਸੱਦਾ ਦੇਵਾਂਗੇ। ਉਨ੍ਹਾਂ ਨੂੰ ਆਉਣਾ ਚਾਹੀਦਾ ਹੈ, ਮੈਂ ਉਨ੍ਹਾਂ ਨੂੰ ਤਾਮਿਲਨਾਡੂ ਦੇ ਲੋਕਾਂ ਦੀ ਤਰਫੋਂ ਸੱਦਾ ਦਿੰਦਾ ਹਾਂ।

ਕੇਜਰੀਵਾਲ ਨੇ ਸਟਾਲਿਨ ਨੂੰ ਕਿਹਾ ਕਿ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ ਜਾਂਦਾ ਹੈ ਅਤੇ ਅਧਿਆਪਕਾਂ ਨੂੰ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ। ਇਸ ਦੌਰਾਨ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸਟਾਲਿਨ ਨੂੰ ਕਿਹਾ ਕਿ ਦਿੱਲੀ ਸਰਕਾਰ ਬੱਚਿਆਂ ਨੂੰ ਰੋਟ ਲਰਨਿੰਗ ਦੀ ਬਜਾਏ ਮਾਨਸਿਕ ਸਿੱਖਿਆ ਵੱਲ ਲੈ ਜਾ ਰਹੀ ਹੈ।

ਜਦੋਂ ਸਟਾਲਿਨ ਨੇ ਅੰਗਰੇਜ਼ੀ ਵਿੱਚ ਸੁਧਾਰ ਬਾਰੇ ਪੁੱਛਿਆ ਤਾਂ ਕੇਜਰੀਵਾਲ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਅੰਗਰੇਜ਼ੀ ਵਿੱਚ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਬ੍ਰਿਟਿਸ਼ ਕੌਂਸਲ ਅਤੇ ਅਮਰੀਕੀ ਦੂਤਾਵਾਸ ਨਾਲ ਸਮਝੌਤਾ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਸਟਾਲਿਨ ਨੂੰ ਨਵੇਂ ਸਿੱਖਿਆ ਬੋਰਡ, ਹੈਪੀਨੈੱਸ ਪਾਠਕ੍ਰਮ, ਦੇਸ਼ ਭਗਤੀ ਪਾਠਕ੍ਰਮ ਅਤੇ ਬਿਜ਼ਨਸ ਬਲਾਸਟਰ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਦਿੱਤੀ ਸੀ।

ਕੇਜਰੀਵਾਲ ਨੇ ਸਟਾਲਿਨ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲੇ ਕੁਝ ਸਾਲਾਂ ਵਿੱਚ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਤੇ ਧਿਆਨ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਕੋਲ ਸਵਿਮਿੰਗ ਪੂਲ ਸਮੇਤ ਸਾਰੀਆਂ ਖੇਡਾਂ ਦੀ ਸਹੂਲਤ ਹੈ। ਕੋਈ ਸਰਕਾਰੀ ਸਕੂਲਾਂ ਵਿੱਚ ਸਵੀਮਿੰਗ ਪੂਲ ਬਾਰੇ ਸੋਚ ਵੀ ਨਹੀਂ ਸਕਦਾ, ਸਾਡੇ ਕੋਲ ਬਹੁਤ ਵਧੀਆ ਬੁਨਿਆਦੀ ਢਾਂਚਾ ਹੈ।

ਉਨ੍ਹਾਂ ਕਿਹਾ ਕਿ ਦੂਜੇ ਪੜਾਅ ਵਿੱਚ ਅਸੀਂ ਸਾਰੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਸਿਖਲਾਈ ਲਈ ਭੇਜਣਾ ਸ਼ੁਰੂ ਕਰ ਦਿੱਤਾ ਹੈ। ਉਹ ਹੁਣ ਊਰਜਾ ਅਤੇ ਆਤਮ-ਵਿਸ਼ਵਾਸ ਨਾਲ ਭਰੇ ਹੋਏ ਹਨ। ਹੁਣ ਅਸੀਂ ਸਕੂਲਾਂ ਵਿੱਚ ਪੜ੍ਹਾਈ ਜਾਣ ਵਾਲੀ ਸਮੱਗਰੀ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ।

Related Stories

No stories found.
logo
Punjab Today
www.punjabtoday.com