
ਆਮ ਆਦਮੀ ਪਾਰਟੀ ਦੀ ਨੇਤਾ ਸਵਾਤੀ ਮਾਲੀਵਾਲ ਨੂੰ ਉਨ੍ਹਾਂ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸ਼ਨੀਵਾਰ ਨੂੰ ਆਪਣੇ ਪਿਤਾ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ ।
ਇਸ ਮਾਮਲੇ 'ਚ ਉਸ ਦੇ ਸਾਬਕਾ ਪਤੀ ਨਵੀਨ ਜੈਹਿੰਦ ਨੇ ਕਿਹਾ ਕਿ ਸ਼ੋਸ਼ਣ ਅਤੇ ਜਿਨਸੀ ਸ਼ੋਸ਼ਣ 'ਚ ਫਰਕ ਹੁੰਦਾ ਹੈ। ਉਨ੍ਹਾਂ ਨੇ ਸਵਾਤੀ ਦੇ ਨਾਰਕੋ ਟੈਸਟ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਵਾਤੀ ਦੇ ਪਿਤਾ ਦੀ 20 ਸਾਲ ਪਹਿਲਾਂ ਮੌਤ ਹੋ ਗਈ ਸੀ। ਜੇਕਰ ਸਵਾਤੀ ਦਾ ਨਾਰਕੋ ਟੈਸਟ ਕਰਵਾਇਆ ਜਾਵੇ ਤਾਂ ਸਾਰਾ ਸੱਚ ਸਾਹਮਣੇ ਆ ਜਾਵੇਗਾ। ਨਵੀਨ ਨੇ ਇਸ ਮਾਮਲੇ ਵਿੱਚ ਇੱਕ ਵੀਡੀਓ ਜਾਰੀ ਕੀਤਾ ਹੈ।
ਨਵੀਨ ਜੈਹਿੰਦ ਕਿਹਾ ਕਿ ਸਵਾਤੀ ਨੇ ਮੈਨੂੰ ਦੱਸਿਆ ਸੀ ਕਿ ਉਸਦਾ ਪਿਤਾ ਉਸਨੂੰ ਅਤੇ ਉਸਦੀ ਭੈਣ ਦੀ ਕੁੱਟਮਾਰ ਕਰਦਾ ਸੀ, ਪਰ ਇਹ ਕਦੇ ਨਹੀਂ ਦੱਸਿਆ ਕਿ ਉਹ ਉਸਦਾ ਜਿਨਸੀ ਸ਼ੋਸ਼ਣ ਕਰਦਾ ਸੀ। ਹੁਣ ਉਸ ਦੇ ਪਿਤਾ ਇਸ ਦੁਨੀਆਂ ਵਿੱਚ ਨਹੀਂ ਰਹੇ, ਉਹ ਅਦਾਲਤ ਵਿੱਚ ਨਹੀਂ ਆ ਸਕਦੇ, ਇਸ ਲਈ ਸਵਾਤੀ ਨੂੰ ਆਪਣਾ ਨਾਰਕੋ ਟੈਸਟ ਕਰਵਾਉਣਾ ਚਾਹੀਦਾ ਹੈ।
ਨਵੀਨ ਨੇ ਕਿਹਾ ਕਿ ਸਵਾਤੀ ਬਹੁਤ ਵੱਡੇ ਅਹੁਦੇ 'ਤੇ ਹੈ। ਜੇਕਰ ਉਨ੍ਹਾਂ ਨਾਲ ਅਜਿਹਾ ਹੋਇਆ ਹੈ ਤਾਂ ਉਨ੍ਹਾਂ ਨੂੰ ਵੀ ਮਾਨਸਿਕ ਪ੍ਰੇਸ਼ਾਨੀ ਜ਼ਰੂਰ ਹੋਈ ਹੋਵੇਗੀ। ਇਸ ਦੇ ਮੱਦੇਨਜ਼ਰ ਉਨ੍ਹਾਂ ਦੀ ਮਾਨਸਿਕ ਜਾਂਚ ਵੀ ਕਰਵਾਉਣੀ ਚਾਹੀਦੀ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਦੱਸਿਆ ਕਿ ਮੇਰੇ ਪਿਤਾ ਬਚਪਨ ਵਿੱਚ ਮੇਰਾ ਜਿਨਸੀ ਸ਼ੋਸ਼ਣ ਕਰਦੇ ਸਨ। ਇਸ ਕਾਰਨ ਮੈਂ ਆਪਣੇ ਹੀ ਘਰ ਵਿੱਚ ਡਰ ਦੇ ਮਾਰੇ ਰਹਿੰਦੀ ਸੀ। ਉਹ ਮੈਨੂੰ ਬਿਨਾਂ ਕਿਸੇ ਕਾਰਨ ਕੁੱਟਦਾ ਸੀ, ਮੇਰੇ ਵਾਲ ਫੜ ਕੇ ਕੰਧ ਨਾਲ ਮੇਰਾ ਸਿਰ ਮਾਰਦਾ ਸੀ।
ਸਵਾਤੀ ਨੇ ਸ਼ਨੀਵਾਰ ਨੂੰ ਦਿੱਲੀ ਵਿੱਚ DCW Awards ਸਮਾਗਮ ਵਿੱਚ ਆਪਣਾ ਦਰਦ ਬਿਆਨ ਕੀਤਾ। ਹਾਲ ਹੀ 'ਚ ਦੱਖਣ ਦੀ ਅਦਾਕਾਰਾ ਅਤੇ ਰਾਜਨੇਤਾ ਖੁਸ਼ਬੂ ਸੁੰਦਰ ਨੇ ਆਪਣੇ ਪਿਤਾ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਉਸਨੇ ਦੱਸਿਆ, ਜਦੋਂ ਉਹ 8 ਸਾਲ ਦੀ ਸੀ ਤਾਂ ਉਸਦੇ ਪਿਤਾ ਨੇ ਉਸਦਾ ਜਿਨਸੀ ਸ਼ੋਸ਼ਣ ਕੀਤਾ ਸੀ। ਖੁਸ਼ਬੂ ਨੇ ਦੱਸਿਆ ਕਿ ਉਸਦੇ ਪਿਤਾ ਉਸਦੀ ਮਾਂ ਨੂੰ ਵੀ ਕੁੱਟਦੇ ਸਨ। ਖੁਸ਼ਬੂ ਸੁੰਦਰ ਹਾਲ ਹੀ ਵਿੱਚ ਰਾਸ਼ਟਰੀ ਮਹਿਲਾ ਕਮਿਸ਼ਨ (NCW) ਦੀ ਮੈਂਬਰ ਬਣੀ ਹੈ।