5 September - ਅਧਿਆਪਕ ਦਿਵਸ 'ਤੇ ਵਿਸ਼ੇਸ਼

ਇਬਰਾਹਿਮ ਲਿੰਕਨ ਦਾ ਆਪਣੇ ਪੁੱਤਰ ਦੇ ਅਧਿਆਪਕ ਨੂੰ ਪੱਤਰ।
5 September - ਅਧਿਆਪਕ ਦਿਵਸ 'ਤੇ ਵਿਸ਼ੇਸ਼

ਇਬਰਾਹੀਮ ਲਿੰਕਨ (1809-1865) ਅਮਰੀਕਾ ਦਾ ਸੋਲਵਾਂ ਰਾਸ਼ਟਰਪਤੀ ਅਤੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਤੇ ਹਰਮਨਪਿਆਰਾ ਆਗੂ ਸੀ। ਭਾਵੇਂ ਉਹ 1861 ਤੋਂ 1865 ਵਿੱਚ ਆਪਣੀ ਹੱਤਿਆ ਤੱਕ, ਕੇਵਲ ਚਾਰ ਕੁ ਸਾਲ ਤੱਕ ਹੀ ਅਮਰੀਕਾ ਦਾ ਰਾਸ਼ਟਰਪਤੀ ਰਿਹਾ, ਪਰ ਉਸਨੂੰ ਅੱਜ ਤੱਕ ਵੀ ਬਹੁਤ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਲਿੰਕਨ ਨੇ ਇਹ ਪੱਤਰ ਆਪਣੇ ਪੁੱਤਰ ਦੇ ਅਧਿਆਪਕ ਨੂੰ ਉਸ ਦੇ ਸਕੂਲ ਦੇ ਪਹਿਲੇ ਦਿਨ ਲਿਖਿਆ ਸੀ।

ਡੀਅਰ ਟੀਚਰ,

​ਮੇਰਾ ਪੁੱਤਰ ਅੱਜ ਸਕੂਲ ਸ਼ੁਰੂ ਕਰ ਰਿਹਾ ਹੈ। ਉਸ ਲਈ ਕੁਝ ਸਮਾਂ ਸਭ ਕੁਝ ਨਵਾਂ ਅਤੇ ਅਜੀਬ ਹੋਵੇਗਾ ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਸ ਨਾਲ ਨਰਮੀ ਨਾਲ ਵਰਤੋ। ਇਹ ਇਕ ਅਜਿਹੀ ਯਾਤਰਾ ਹੋਵੇਗੀ ਜੋ ਉਸ ਨੂੰ ਮਹਾਂਦੀਪਾਂ ਦੀ ਸੈਰ ਕਰਵਾਏਗੀ ਅਤੇ ਜਿਸ ਵਿਚ ਸ਼ਾਇਦ ਦੁਖਾਂਤ, ਅਫਸੋਸ ਅਤੇ ਯੁੱਧ ਵੀ ਹੋਣਗੇ। ਅਜਿਹਾ ਜੀਵਨ ਬਤੀਤ ਕਰਨ ਲਈ ਉਸ ਨੂੰ ਵਿਸ਼ਵਾਸ, ਪਿਆਰ ਅਤੇ ਹੌਸਲੇ ਦੀ ਲੋੜ ਪਵੇਗੀ। ਡੀਅਰ ਟੀਚਰ, ਮੈਂ ਜਾਣਦਾ ਹਾਂ ਕਿ ਉਸਨੂੰ ਸਿੱਖਣਾ ਪਵੇਗਾ ਕਿ ਸਾਰੇ ਮਨੁੱਖ ਇਮਾਨਦਾਰ ਅਤੇ ਸੱਚੇ ਨਹੀਂ ਹੁੰਦੇ ਪਰ ਉਸ ਨੂੰ ਇਹ ਵੀ ਸਿਖਾ ਦੇਣਾ ਕਿ ਹਰ ਬਦਮਾਸ਼ ਲਈ ਇਕ ਨਾਇਕ ਅਤੇ ਹਰ ਸਵਾਰਥੀ ਸਿਆਸਤਦਾਨ ਲਈ ਇਕ ਸਮਰਪਿਤ ਆਗੂ ਹੁੰਦਾ ਹੈ। ਉਸ ਨੂੰ ਇਹ ਸਿਖਾ ਦੇਣਾ ਕਿ ਹਰ ਦੁਸ਼ਮਣ ਲਈ ਇਕ ਮਿੱਤਰ ਹੁੰਦਾ ਹੈ। ਉਸ ਨੂੰ ਈਰਖਾ ਤੋਂ ਕਿਤੇ ਦੂਰ ਲੈ ਜਾਣਾ ਅਤੇ ਜੇਕਰ ਸਿਖਾ ਸਕੋਂ, ਤਾਂ ਸ਼ਾਂਤ ਹਾਸੇ ਦਾ ਰਾਜ਼ ਸਿਖਾ ਦੇਣਾ। ਉਸ ਨੂੰ ਸ਼ੁਰੂ ਵਿਚ ਹੀ ਇਹ ਵੀ ਸਿੱਖ ਲੈਣ ਦੇਣਾ ਕਿ ਧੱਕੜਾਂ ਨੂੰ ਪਛਾੜਨਾ ਬੜਾ ਸੁਖਾਲਾ ਹੁੰਦਾ ਹੈ।

ਜੇਕਰ ਸਮਝਾ ਸਕੋਂ ਤਾਂ ਉਸ ਨੂੰ ਪੁਸਤਕਾਂ ਦੀ ਮਹਾਨਤਾ ਬਾਰੇ ਜਰੂਰ ਸਮਝਾ ਦੇਣਾ। ਪਰ ਉਸ ਨੂੰ ਕੁਝ ਵਿਹਲਾ ਸਮਾਂ ਵੀ ਜਰੂਰ ਦੇਣਾ ਤਾਂ ਜੋ ਉਹ ਅਕਾਸ਼ ਵਿਚ ਉੱਡਦੇ ਪੰਛੀਆਂ, ਸੂਰਜ ਦੀ ਧੁੱਪ ਵਿਚ ਕਾਰਜਸ਼ੀਲ ਮਧੂ-ਮੱਖੀਆਂ ਅਤੇ ਕਿਸੇ ਹਰੀ-ਭਰੀ ਪਹਾੜੀ ਉੱਪਰ ਖਿੜੇ ਫੁੱਲਾਂ ਦੇ ਸਦੀਵੀ ਰਹੱਸ ਬਾਰੇ ਵੀ ਸੋਚ ਸਕੇ। ਸਕੂਲ ਵਿਚ ਉਸ ਨੂੰ ਇਹ ਵੀ ਸਿਖਾ ਦੇਣਾ ਕਿ ਕਮਾਏ ਗਏ ਦਸ ਸੈਂਟ ਲੱਭੇ ਹੋਏ ਇਕ ਡਾਲਰ ਨਾਲੋਂ ਕਿਤੇ ਵੱਧ ਮੁੱਲਵਾਨ ਹੁੰਦੇ ਹਨ ਅਤੇ ਧੋਖਾ ਦੇ ਕੇ ਪਾਸ ਹੋਣ ਨਾਲੋਂ ਫੇਲ੍ਹ ਹੋਣਾ ਕਿਤੇ ਵੱਧ ਸਨਮਾਨਜਨਕ ਹੁੰਦਾ ਹੈ। ਉਸ ਨੂੰ ਆਪਣੇ ਵਿਚਾਰਾਂ ਵਿਚ ਵਿਸ਼ਵਾਸ ਕਰਨਾ ਸਿਖਾ ਦੇਣਾ ਭਾਵੇਂ ਕਿ ਹਰ ਕੋਈ ਇਹ ਕਹਿ ਰਿਹਾ ਹੋਵੇ ਕਿ ਉਹ ਗਲਤ ਹਨ। ਉਸ ਨੂੰ ਸਾਊਆਂ ਨਾਲ ਸਾਊ ਅਤੇ ਧੱਕੜਾਂ ਨਾਲ ਧੱਕੜ ਹੋਣਾ ਵੀ ਸਿਖਾ ਦੇਣਾ।

ਮੇਰੇ ਪੁੱਤਰ ਨੂੰ ਇਹ ਸ਼ਕਤੀ ਦੇਣ ਦੀ ਕੋਸ਼ਿਸ਼ ਕਰਨੀ ਕਿ ਉਹ ਕਦੀ ਵੀ ਭੀੜ ਦੇ ਮਗਰ ਨਾ ਲੱਗੇ, ਤਦ ਵੀ ਨਹੀਂ ਜਦ ਹਰ ਕੋਈ ਭੀੜ-ਭਰੀ ਗੱਡੀ ਵਿਚ ਸਵਾਰ ਹੋ ਰਿਹਾ ਹੋਵੇ। ਉਸ ਨੂੰ ਸਭ ਦੀ ਗੱਲ ਸੁਣਨ ਦੀ ਸਿੱਖਿਆ ਦੇਣੀ ਪਰ ਉਹ ਜੋ ਵੀ ਸੁਣੇਂ ਉਸ ਨੂੰ ਸੱਚ ਦੀ ਕਸਵੱਟੀ ਤੇ ਪਰਖਣ ਅਤੇ ਉਸ ਵਿਚੋਂ ਕੇਵਲ ਸਹੀ ਗੱਲ ਨੂੰ ਸਵੀਕਾਰਨ ਦਾ ਵੱਲ ਵੀ ਸਿਖਾ ਦੇਣਾ। ਉਸ ਨੂੰ ਉਦਾਸੀ ਵਿਚ ਹੱਸਣ ਦੀ ਜਾਚ ਸਿਖਾ ਦੇਣੀ ਅਤੇ ਇਹ ਸਮਝਾ ਦੇਣਾ ਕਿ ਹੰਝੂਆਂ ਵਿਚ ਸ਼ਰਮ ਵਾਲੀ ਕੋਈ ਗੱਲ ਨਹੀਂ ਹੁੰਦੀ ਅਤੇ ਇਹ ਸਪਸ਼ਟ ਕਰ ਦੇਣਾ ਕਿ ਅਸਫਲਤਾ ਵਿਚ ਸ਼ਾਨ ਅਤੇ ਸਫਲਤਾ ਵਿਚ ਨਿਰਾਸ਼ਾ ਹੋ ਸਕਦੀ ਹੈ। ਉਸ ਨੂੰ ਸਨਕੀਆਂ ਤੇ ਹੱਸਣਾ ਅਤੇ ਅਤਿ ਮਿੱਠੇ ਲੋਕਾਂ ਤੋਂ ਬਚਣਾ ਸਿਖਾ ਦੇਣਾ। ਉਸ ਨੂੰ ਆਪਣਾ ਬਲ ਅਤੇ ਬੁੱਧੀ ਸਭ ਤੋਂ ਵੱਧ ਕੀਮਤ ਦੇਣ ਵਾਲੇ ਨੂੰ ਵੇਚਣੇ ਸਿਖਾਉਣੇ ਪਰ ਆਪਣੇ ਦਿਲ ਅਤੇ ਆਪਣੀ ਆਤਮਾ ਤੇ ਕਦੀ ਵੀ ਕੀਮਤ-ਪਰਚੀ ਨਾ ਲਾਉਣ ਦੇਣੀ। ਉਸ ਨੂੰ ਚੀਕ ਰਹੀ ਭੀੜ ਵੱਲ ਆਪਣੇ ਕੰਨ ਬੰਦ ਕਰਨੇ ਅਤੇ ਜੇਕਰ ਉਹ ਸੋਚਦਾ ਹੋਵੇ ਕਿ ਉਹ ਠੀਕ ਹੈ, ਤਾਂ ਦ੍ਰਿੜ੍ਹ ਇਰਾਦੇ ਨਾਲ ਟੱਕਰ ਲੈਣ ਦਾ ਵੱਲ ਸਿਖਾਉਣਾ।

​ਉਸ ਨਾਲ ਨਰਮ ਵਰਤਾਉ ਕਰਨਾ ਪਰ ਉਸ ਨੂੰ ਲਾਡ ਬਿਲਕੁਲ ਨਹੀਂ ਲਡਾਉਣਾ ਕਿਉਂਕਿ ਮਜ਼ਬੂਤ ਸਟੀਲ ਕੇਵਲ ਅਗਨ ਪ੍ਰੀਖਿਆ ਰਾਹੀਂ ਹੀ ਬਣਦਾ ਹੈ। ਉਸ ਵਿਚ ਧੀਰਜਹੀਣ ਹੋਣ ਦਾ ਹੌਸਲਾ ਹੋਵੇ ਅਤੇ ਬਹਾਦਰ ਹੋਣ ਦਾ ਧੀਰਜ ਹੋਵੇ। ਉਸ ਨੂੰ ਹਮੇਸ਼ਾ ਆਪਣੇ ਆਪ ਵਿਚ ਡੂੰਘਾ ਵਿਸ਼ਵਾਸ ਹੋਵੇ ਕਿਉਂਕਿ ਤਦ ਹੀ ਉਸਨੂੰ ਮਾਨਵਤਾ ਵਿਚ ਡੂੰਘਾ ਵਿਸ਼ਵਾਸ ਹੋ ਸਕੇਗਾ।

​ਇਹ ਇਕ ਬਹੁਤ ਵੱਡਾ ਆਦੇਸ਼ ਹੈ ਪਰ ਦੇਖ ਲੈਣਾ ਤੁਸੀਂ ਜੋ ਕਰ ਸਕਦੇ ਹੋ, ਉਹ ਕਰਨਾ। ਮੇਰਾ ਪੁੱਤਰ! ਇਕ ਬਹੁਤ ਅੱਛਾ ਲੜਕਾ ਹੈ।

Related Stories

No stories found.
logo
Punjab Today
www.punjabtoday.com