ਰਾਜਪਾਲ ਧਨਖੜ ਨੂੰ ਅਹੁੱਦੇ ਤੋਂ ਹਟਾਉ, ਟੀਐੱਮਸੀ ਸਾਂਸਦਾਂ ਦੀ ਸ਼ਾਹ ਤੋਂ ਮੰਗ
ਮਮਤਾ ਬੈਨਰਜੀ ਅਤੇ ਰਾਜਪਾਲ ਧਨਖੜ ਵਿਚਾਲੇ ਸਬੰਧ ਠੀਕ ਨਹੀਂ ਹਨ, ਹਰ ਨਵੇਂ ਦਿਨ ਦੋਂਵੇ ਵਿਚਾਲੇ ਕਿਸੇ ਨਾ ਕਿਸੇ ਗੱਲ ਨੂੰ ਲੈਕੇ ਵਿਵਾਦ ਹੁੰਦਾ ਰਹਿੰਦਾ ਹੈ। ਸੰਸਦ ਮੈਂਬਰ ਸੁਦੀਪ ਬੰਦੋਪਾਧਿਆਏ ਦੀ ਅਗਵਾਈ ਹੇਠ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਵਫ਼ਦ ਨੇ ਸੰਸਦ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਬੀਰਭੂਮ ਘਟਨਾ ਦੇ ਮੱਦੇਨਜ਼ਰ ਪੱਛਮੀ ਬੰਗਾਲ ਦੇ ਰਾਜਪਾਲ ਨੂੰ ਹਟਾਉਣ ਦੀ ਅਪੀਲ ਕੀਤੀ।
ਡੇਰੇਕ ਓ ਬ੍ਰਾਇਨ, ਮਹੂਆ ਮੋਇਤਰਾ ਅਤੇ ਹੋਰ ਨੇਤਾਵਾਂ ਸਮੇਤ ਟੀਐਮਸੀ ਦੇ ਵਫ਼ਦ ਨੇ ਸ਼ਾਹ ਨਾਲ ਮੁਲਾਕਾਤ ਕੀਤੀ। ਬੰਦੋਪਾਧਿਆਏ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਕਿਹਾ, "ਅਸੀਂ ਕਿਹਾ ਹੈ ਕਿ ਰਾਮਪੁਰਹਾਟ, ਬੀਰਭੂਮ ਕਾਂਡ ਦੇ ਮੱਦੇਨਜ਼ਰ ਪੱਛਮੀ ਬੰਗਾਲ ਦੇ ਰਾਜਪਾਲ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਕੰਮ ਸਾਡੀ ਸੰਵਿਧਾਨਕ ਪ੍ਰਣਾਲੀ ਦੇ ਵਿਰੁੱਧ ਹੈ।
ਸੰਸਦੀ ਲੋਕਤੰਤਰੀ ਪ੍ਰਣਾਲੀ ਖ਼ਤਰੇ ਵਿੱਚ ਹੈ।" ਉਨ੍ਹਾਂ ਅੱਗੇ ਦੱਸਿਆ ਕਿ ਇਸ ਘਟਨਾ ਵਿੱਚ ਹੁਣ ਤੱਕ 21 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੰਦੋਪਾਧਿਆਏ ਨੇ ਕਿਹਾ, "ਅਸੀਂ ਰਾਜਪਾਲ ਨੂੰ ਬਦਲਣ ਲਈ ਮੁੱਖ ਮੰਤਰੀ ਦੇ ਪੱਤਰ ਦੀ ਇੱਕ ਕਾਪੀ ਗ੍ਰਹਿ ਮੰਤਰੀ ਨੂੰ ਸੌਂਪੀ ਹੈ। ਸਾਡੇ ਮੁੱਖ ਮੰਤਰੀ ਸਥਿਤੀ ਨੂੰ ਚੰਗੀ ਤਰ੍ਹਾਂ ਸੰਭਾਲ ਰਹੇ ਹਨ। ਹੁਣ ਤੱਕ 21 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, 15 ਪੁਲਿਸ ਅਧਿਕਾਰੀ ਛੁੱਟੀ ਤੇ ਨਹੀਂ ਗਏ।"
ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।" ਇਹ ਪੁੱਛੇ ਜਾਣ ਤੇ ਕਿ ਗ੍ਰਹਿ ਮੰਤਰੀ ਨੇ ਕੀ ਕਿਹਾ, ਟੀਐਮਸੀ ਦੇ ਸੰਸਦ ਮੈਂਬਰ ਨੇ ਕਿਹਾ, "ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਅਸੀਂ ਇਸ ਮਾਮਲੇ ਵਿੱਚ ਕੋਈ ਸਿਆਸੀ ਕੋਣ ਨਹੀਂ ਲੱਭ ਰਹੇ ਹਾਂ। ਮੈਂ ਇਹ ਵੀ ਮੰਨਦਾ ਹਾਂ ਕਿ ਇਸ ਘਟਨਾ ਵਿੱਚ ਮੇਰਾ ਕੋਈ ਸਿਆਸੀ ਕੋਣ ਨਹੀਂ ਹੈ।"
ਪੱਛਮੀ ਬੰਗਾਲ ਦੇ ਬੀਰਭੂਮ ਦੇ ਰਾਮਪੁਰਹਾਟ ਇਲਾਕੇ 'ਚ ਮੰਗਲਵਾਰ ਨੂੰ ਤ੍ਰਿਣਮੂਲ ਕਾਂਗਰਸ ਦੇ ਨੇਤਾ ਭਾਦੂ ਸ਼ੇਖ ਦੀ ਹੱਤਿਆ ਤੋਂ ਬਾਅਦ ਭੀੜ ਵਲੋਂ ਘਰਾਂ ਨੂੰ ਅੱਗ ਲਗਾ ਦਿੱਤੀ ਗਈ, ਜਿਸ ਕਾਰਨ ਕੁੱਲ 8 ਲੋਕਾਂ ਦੀ ਮੌਤ ਹੋ ਗਈ। ਦੂਜੇ ਪਾਸੇ ਕਲਕੱਤਾ ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਰਾਮਪੁਰਹਾਟ ਦੇ ਹਿੰਸਾ ਪ੍ਰਭਾਵਿਤ ਇਲਾਕੇ 'ਚ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ।
ਰਾਮਪੁਰਹਾਟ ਘਟਨਾ ਦਾ ਖੁਦ ਨੋਟਿਸ ਲੈਂਦਿਆਂ, ਕਲਕੱਤਾ ਹਾਈ ਕੋਰਟ ਨੇ ਬੁੱਧਵਾਰ ਨੂੰ ਰਾਜ ਸਰਕਾਰ ਨੂੰ 24 ਘੰਟੇ ਨਿਗਰਾਨੀ ਲਈ ਸੀਸੀਟੀਵੀ ਕੈਮਰੇ ਲਗਾਉਣ ਦੇ ਨਿਰਦੇਸ਼ ਦਿੱਤੇ। ਅਦਾਲਤ ਨੇ ਰਾਜ ਸਰਕਾਰ ਨੂੰ 24 ਘੰਟਿਆਂ ਵਿੱਚ (ਵੀਰਵਾਰ ਦੁਪਹਿਰ 2 ਵਜੇ ਤੱਕ) ਘਟਨਾ ਬਾਰੇ ਸਟੇਟਸ ਰਿਪੋਰਟ ਪੇਸ਼ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ। ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ।