ਅੱਜ ਦਾ ਦਿਨ ਭਾਰਤ ਵਿੱਚ ਸਭ ਤੋਂ ਪਹਿਲਾਂ ਟੈਲੀਗ੍ਰਾਮ ਭੇਜਿਆ ਗਿਆ ਸੀ

27 ਅਪ੍ਰੈਲ 1854 ਨੂੰ ਭਾਰਤ ਦੇ ਵਿਚ ਪਹਿਲਾ ਟੈਲੀਗ੍ਰਾਮ ਭੇਜਿਆ ਗਿਆ ਸੀ।
ਅੱਜ ਦਾ ਦਿਨ ਭਾਰਤ ਵਿੱਚ ਸਭ ਤੋਂ ਪਹਿਲਾਂ ਟੈਲੀਗ੍ਰਾਮ ਭੇਜਿਆ ਗਿਆ ਸੀ

ਟੈਲੀਗ੍ਰਾਮ ਨੂੰ ਅੰਗਰੇਜ਼ਾਂ ਨੇ ਹੀ ਭਾਰਤ ਦੇ ਵਿੱਚ ਲੈ ਕੇ ਆਂਦਾ ਸੀ ਅਤੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਟੈਲੀਗ੍ਰਾਮ ਰਾਹੀਂ ਭਾਰਤ ਦਾ ਨਵੇਂ ਤਕਨੀਕ ਦਾ ਕਮਿਊਨੀਕੇਸ਼ਨ ਸਿਸਟਮ ਸ਼ੁਰੂ ਹੋਇਆ ਸੀ। "ਤਾਰ" ਦੇ ਨਾਮ ਨਾਲ ਜਾਣੀ ਜਾਣ ਵਾਲੀ ਟੈਲੀਗ੍ਰਾਮ ਸਰਵਿਸ ਨੇ ਭਾਰਤ ਵਿੱਚ ਸ਼ੁਰੂ ਹੋ ਜਾਣ ਤੋਂ ਬਾਅਦ ਭਾਰਤ ਦੇ ਕਮਿਊਨੀਕੇਸ਼ਨ ਸਿਸਟਮ ਵਿੱਚ ਬਹੁਤ ਵੱਡੀ ਤਬਦੀਲੀ ਆ ਗਈ ਸੀ। ਪਹਿਲਾਂ ਟੈਲੀਗ੍ਰਾਮ ਮੁੰਬਈ ਤੋਂ ਪੁਣੇ ਭੇਜਿਆ ਗਿਆ ਸੀ।

ਚਾਹੇ ਜਨਮ ਹੋਵੇ, ਮੌਤ ਹੋਵੇ, ਵਿਆਹ ਹੋਵੇ, ਕੋਈ ਨੌਕਰੀ ਲੱਗਿਆ ਹੋਵੇ, ਕੋਈ ਐਕਸੀਡੈਂਟ ਹੋਇਆ ਹੋਵੇ ਜਾਂ ਕੁਝ ਵੀ ਹੋਰ ਹੋਇਆ ਹੋਵੇ ਰਿਸ਼ਤੇਦਾਰ ਇੱਕ ਦੂਜੇ ਨੂੰ ਤਾਰ ਭੇਜਦੇ ਸਨ। ਭਾਵੇਂ ਹੁਣ ਸਮਾਰਟ ਫੋਨ ਈਮੇਲ ਅਤੇ ਇੰਟਰਨੈੱਟ ਦੇ ਜ਼ਮਾਨੇ ਵਿੱਚ ਟੈਲੀਗ੍ਰਾਮ ਸਰਵਿਸ ਬਿਲਕੁਲ ਨਾਮਾਤਰ ਹੋ ਗਈ ਸੀ ਪਰ ਇਨ੍ਹਾਂ ਟੈਲੀਫੋਨਾਂ ਦੇ ਆਉਣ ਤੋਂ ਪਹਿਲਾਂ ਟੈਲੀਗ੍ਰਾਮ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਚੀਜ਼ ਹੁੰਦੀ ਸੀ।

ਭਾਵੇਂ ਪਹਿਲਾਂ ਟੈਲੀਗ੍ਰਾਮ 1854 ਵਿੱਚ ਮੁੰਬਈ ਤੋਂ ਪੁਣੇ ਭੇਜਿਆ ਗਿਆ ਸੀ ਪਰ ਪਹਿਲੀ ਟੈਲੀਗਰਾਫ਼ ਲਾਈਨ ਕਲਕੱਤੇ ਅਤੇ ਡਾਇਮੰਡ ਹਾਰਬਰ ਦੇ ਵਿਚਕਾਰ ਸੀ ਜੋ ਕਿ ਸਿਰਫ ਇਕ ਐਕਸਪੈਰੀਮੈਂਟਲ ਲਾਈਨ ਸੀ ।

ਅਲੈਗਜੈਂਡਰ ਗ੍ਰਾਹਮ ਬੈੱਲ ਦੇ ਟੈਲੀਫੋਨ ਦੀ ਕਾਢ ਕੱਢਣ ਤੋਂ ਬਾਅਦ ਵੀ ਟੈਲੀਗ੍ਰਾਫ਼ ਸਰਵਿਸ ਭਾਰਤ ਦੇ ਵਿੱਚ ਵਧਦੀ ਅਤੇ ਫੁੱਲਦੀ ਗਈ। 1850 ਤੋਂ ਲੈ ਕੇ 1902 ਤਕ ਟੈਲੀਗ੍ਰਾਮ ਕੇਬਲ ਤਾਰਾਂ ਦੇ ਜ਼ਰੀਏ ਭੇਜੇ ਜਾਂਦੇ ਸਨ ਪਰ 1902 ਤੋਂ ਬਾਅਦ ਟੈਲੀਗ੍ਰਾਮ ਵਾਇਰਲੈਸ ਹੋ ਗਏ। ਕਈ ਇਤਿਹਾਸਕਾਰ ਇਹ ਵੀ ਕਹਿੰਦੇ ਹਨ ਕਿ ਟੈਲੀਗ੍ਰਾਫ ਸਰਵਿਸ ਵੀ 1857 ਦੀ ਬਗ਼ਾਵਤ ਨੂੰ ਖ਼ਤਮ ਕਰਨ ਵਿੱਚ ਅੰਗਰੇਜ਼ਾਂ ਵਾਸਤੇ ਮਦਦਗਾਰ ਹੋਈ ਸੀ ਕਿਉਂਕਿ ਅੰਗਰੇਜ਼ਾਂ ਨੇ ਟੈਲੀਗ੍ਰਾਮ ਦੇ ਜ਼ਰੀਏ ਬਹੁਤ ਸਾਰੇ ਫ਼ੌਜੀ ਬਹੁਤ ਘੱਟ ਸਮੇਂ ਵਿੱਚ ਬੁਲਾ ਲਏ ਸਨ।

1990 ਦੇ ਦਹਾਕੇ ਤੋਂ ਬਾਅਦ ਮੋਬਾਇਲ ਫੋਨਾਂ ਦੇ ਵਿਚ ਆ ਰਹੀ ਬਹੁਤ ਵੱਡੀ ਤਬਦੀਲੀ ਕਾਰਨ ਟੈਲੀਗ੍ਰਾਫ਼ ਸਰਵਿਸ ਹੌਲੀ ਹੌਲੀ ਘਟਦੀ ਗਈ ਅਤੇ ਸਰਕਾਰ ਵਾਸਤੇ ਘਾਟੇ ਦਾ ਸੌਦਾ ਬਣ ਗਈ। ਇਸ ਤੋਂ ਬਾਅਦ ਸਰਕਾਰ ਨੇ 15ਜੁਲਾਈ 2013 ਦੇ ਵਿੱਚ ਟੈਲੀਗ੍ਰਾਫ਼ ਸਰਵਿਸ ਨੂੰ ਸਮਾਪਤ ਕਰ ਦਿੱਤਾ। ਉਸ ਸਮੇਂ ਕਈ ਪੁਰਾਣੇ ਬਜ਼ੁਰਗਾਂ ਨੇ ਆਖਿਰੀ ਵਾਰੀ ਆਪਣੇ ਰਿਸ਼ਤੇਦਾਰਾਂ ਨੂੰ ਟੈਲੀਗ੍ਰਾਮ ਭੇਜਿਆ ਕਿਉਂਕਿ ਉਨ੍ਹਾਂ ਨੂੰ ਸੀ ਕਿ ਟੈਲੀਗ੍ਰਾਮ ਨਾਲ ਉਨ੍ਹਾਂ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਸਨ।

ਪੁਰਾਣੇ ਬਜ਼ੁਰਗਾਂ ਨਾਲ ਗੱਲ ਕਰਕੇ ਪਤਾ ਲੱਗਦਾ ਹੈ ਕਿ ਉਹ ਕਿਸ ਤਰੀਕੇ ਨਾਲ ਤਾਰ ਭੇਜਦੇ ਹੁੰਦੇ ਸੀ ਅਤੇ ਇਹ ਤਾਰ ਭੇਜਣਾ ਮਹਿੰਗਾ ਵੀ ਬਹੁਤ ਹੁੰਦਾ ਸੀ। ਪਰ ਫੇਰ ਵੀ ਹਰ ਇੱਕ ਬੰਦੇ ਨੂੰ ਆਪਣੇ ਰਿਸ਼ਤੇਦਾਰ ਨਾਲ ਗੱਲ ਕਰਨ ਦਾ ਚਾਅ ਹੁੰਦਾ ਸੀ।

ਇਸ ਤਰ੍ਹਾਂ ਟੈਲੀਗ੍ਰਾਮ ਨੇ ਭਾਰਤੀਆਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ ਸੀ।

Related Stories

No stories found.
logo
Punjab Today
www.punjabtoday.com