ਅੱਜ ਮਨਾਈ ਜਾ ਰਹੀ ਹੈ ਅੰਬੇਦਕਰ ਜੈਅੰਤੀ

ਅੱਜ ਯਾਨਿ 14 ਅਪ੍ਰੈਲ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਜੀ ਅੰਬੇਦਕਰ ਦਾ ਜਨਮ ਦਿਹਾੜਾ ਅੰਬੇਦਕਰ ਜਯੰਤੀ ਵਜੋਂ ਮਨਾਇਆ ਜਾ ਰਿਹਾ ਹੈ।
ਅੱਜ ਮਨਾਈ ਜਾ ਰਹੀ ਹੈ ਅੰਬੇਦਕਰ ਜੈਅੰਤੀ

ਪੱਛਮੀ ਭਾਰਤ ਦੇ ਦਲਿਤ ਮਹਾਰ ਪਰਿਵਾਰ ਵਿੱਚ ਜਨਮੇ ਡਾ ਭੀਮ ਰਾਓ ਅੰਬੇਦਕਰ ਨੂੰ ਸਕੂਲ ਸਮੇਂ ਦੌਰਾਨ ਉਨ੍ਹਾਂ ਦੇ ਉੱਚੀ ਜਾਤੀ ਦੇ ਸਕੂਲੀ ਸਾਥੀਆਂ ਦੁਆਰਾ ਕਾਫ਼ੀ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਡਾ. ਭੀਮ ਰਾਓ ਅੰਬੇਦਕਰ ਦਾ ਜਨਮ 14 ਅਪਰੈਲ 1891 ਨੂੰ ਹੋਇਆ ਸੀ ਅਤੇ ਉਹ ਛੇ ਦਸੰਬਰ ਨੂੰ 1956 ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸਨ।

ਉਨ੍ਹਾਂ ਦੇ ਪਿਤਾ ਭਾਰਤੀ ਸੈਨਾ ਵਿਚ ਇਕ ਅਫਸਰ ਦੀ ਨੌਕਰੀ ਉੱਪਰ ਬਿਰਾਜਮਾਨ ਸਨ। ਉਨ੍ਹਾਂ ਨੂੰ ਬੜੋਦਾ ਦੇ ਗਾਇਕਵਾੜ ਰਾਜੇ ਦੁਆਰਾ ਵਜ਼ੀਫਾ ਪ੍ਰਦਾਨ ਕੀਤਾ ਗਿਆ ਜਿਸ ਸਦਕਾ ਉਨ੍ਹਾਂ ਨੇ ਅਮਰੀਕਾ, ਬਰਤਾਨੀਆ ਅਤੇ ਜਰਮਨੀ ਤੋਂ ਉੱਚ ਵਿੱਦਿਆ ਗ੍ਰਹਿਣ ਕੀਤੀ।

ਉਨ੍ਹਾਂ ਵਾਪਿਸ ਆ ਕੇ ਗਾਇਕਵਾੜ ਦੀ ਬੇਨਤੀ ਤੇ ਜਨਤਕ ਸੇਵਾ ਵੀ ਕੀਤੀ ਪਰੰਤੂ, ਉਥੇ ਵੀ ਉਨ੍ਹਾਂ ਦੇ ਉੱਚੀ ਜਾਤੀ ਦੇ ਸਾਥੀਆਂ ਨੇ ਕੋਈ ਬਹੁਤਾ ਵਧੀਆ ਵਿਵਹਾਰ ਨਹੀਂ ਕੀਤਾ। ਉਹ ਇਸ ਸੇਵਾ ਨੂੰ ਛੱਡ ਕੇ ਵਕਾਲਤ ਦੇ ਪੇਸ਼ੇ ਅਤੇ ਉਸ ਤੋਂ ਬਾਅਦ ਅਧਿਆਪਨ ਦੇ ਕਿੱਤੇ ਵਿੱਚ ਆ ਗਏ। ਬੜੀ ਜਲਦੀ ਹੀ ਉਨ੍ਹਾਂ ਨੇ ਦਲਿਤਾਂ ਦੇ ਵਿੱਚ ਆਪਣੀ ਲੀਡਰਸ਼ਿਪ ਸਥਾਪਤ ਕਰ ਲਈ ਅਤੇ ਲੈਜਿਸਲੇਟਿਵ ਕੌਂਸਲ ਵਿੱਚ ਉਨ੍ਹਾਂ ਦੀ ਪ੍ਰਤੀਨਿਧਤਾ ਪ੍ਰਾਪਤ ਕੀਤੀ।

ਸਾਲ 1947 ਵਿੱਚ ਡਾ ਬੀਆਰ ਅੰਬੇਦਕਰ ਭਾਰਤ ਸਰਕਾਰ ਦੇ ਕਾਨੂੰਨੀ ਮੰਤਰੀ ਬਣੇ। ਉਨ੍ਹਾਂ ਨੂੰ ਸੰਵਿਧਾਨ ਦੀ ਡਰਾਫਟ ਕਮੇਟੀ ਦਾ ਚੇਅਰਮੈਨ ਵੀ ਬਣਾਇਆ ਗਿਆ ਅਤੇ ਸੰਵਿਧਾਨ ਦੇ ਨਿਰਮਾਣ ਵਿੱਚ ਉਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਉਨ੍ਹਾਂ ਨੇ ਸੰਵਿਧਾਨ ਬਣਾਉਣ ਸਮੇਂ ਇਹ ਯਕੀਨੀ ਬਣਾਇਆ ਕਿ ਅਛੂਤਾ ਅਤੇ ਦਲਿਤਾਂ ਨਾਲ ਸਾਰੇ ਭਿੰਨ ਭੇਦ ਖ਼ਤਮ ਕੀਤੇ ਜਾਣ ਅਤੇ ਬੜੇ ਕਾਰਗਰ ਤਰੀਕੇ ਨਾਲ ਉਨ੍ਹਾਂ ਨੇ ਇਸ ਨੂੰ ਅਸੈਂਬਲੀ ਵਿੱਚੋਂ ਪਾਸ ਕਰਵਾ ਲਿਆ।

ਉਨ੍ਹਾਂ ਨੇ 1951 ਵਿੱਚ ਬੜੀ ਨਿਰਾਸ਼ਾ ਵਾਲੇ ਆਲਮ ਵਿੱਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਅਕਤੂਬਰ 1956 ਵਿੱਚ ਉਹ ਹਿੰਦੂ ਸਿਧਾਂਤਾਂ ਵਿਚ ਅਛੂਤ ਦੀ ਧਾਰਨਾ ਕਾਰਨ ਨਿਰਾਸ਼ਾ ਵਿਚ ਹੀ ਰਹੇ ਅਤੇ ਅਖੀਰ ਤੇ ਉਨ੍ਹਾਂ ਨੇ ਆਪਣੇ ਦੋ ਲੱਖ ਦਲਿਤ ਸਾਥੀਆਂ ਸਮੇਤ ਨਾਗਪੁਰ ਵਿੱਚ ਹੋਏ ਇੱਕ ਸਮਾਗਮ ਦੌਰਾਨ ਬੁੱਧ ਧਰਮ ਗ੍ਰਹਿਣ ਕਰ ਲਿਆ।

ਉਨ੍ਹਾਂ ਦੀ ਇੱਕ ਪੁਸਤਕ ਦਾ ਬੁੱਧਾ ਐਂਡ ਹਿਜ਼ ਧਰਮਾ ਸਾਲ 1957 ਵਿੱਚ ਉਨ੍ਹਾਂ ਦੀ ਮੌਤ ਤੋਂ ਬਾਅਦ ਛਪੀ। ਉਨ੍ਹਾਂ ਦੀ ਮੌਤ ਤੋਂ ਬਾਅਦ, ਸਾਲ 1990 ਵਿਚ ਉਨ੍ਹਾਂ ਨੂੰ ਭਾਰਤ ਦਾ ਸਭ ਤੋਂ ਵੱਡਾ ਸਿਵਲ ਐਵਾਰਡ ਭਾਰਤ ਰਤਨ ਦਿੱਤਾ ਗਿਆ। ਉਨ੍ਹਾਂ ਦੇ ਸਨਮਾਨ ਵਿਚ ਉਨ੍ਹਾਂ ਨੂੰ ਚਾਹੁਣ ਵਾਲੇ ਜੈ ਭੀਮ ਦਾ ਨਾਰਾ ਵੀ ਲਗਾਉਂਦੇ ਹਨ ਅਤੇ ਉਨ੍ਹਾਂ ਨੂੰ ਸਤਿਕਾਰ ਨਾਲ ਬਾਬਾ ਸਾਹਿਬ ਵੀ ਕਿਹਾ ਜਾਂਦਾ ਹੈ।

ਅਦਾਰਾ ਪੰਜਾਬ ਟੂਡੇ ਅੱਜ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ਉੱਤੇ ਉਨ੍ਹਾਂ ਨੂੰ ਆਪਣੀ ਸ਼ਰਧਾ ਅਤੇ ਸਤਿਕਾਰ ਭੇਂਟ ਕਰਦਾ ਹੈ।

Related Stories

No stories found.
logo
Punjab Today
www.punjabtoday.com