ਬਛੇਂਦਰੀ ਪਾਲ ਜੋ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਸਰ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਣੀ ਸੀ ਦਾ ਜਨਮ 24 ਮਈ 1954 ਨੂੰਹ ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਹੋਇਆ ਸੀ। ਉਸ ਦੀ ਮਾਤਾ ਦਾ ਨਾਮ ਹੰਸਾ ਦੇਵੀ ਅਤੇ ਪਿਤਾ ਦਾ ਨਾਮ ਕ੍ਰਿਸ਼ਨ ਪਾਲ ਸੀ। ਕ੍ਰਿਸ਼ਨਪਾਲ ਇੱਕ ਸਾਧਾਰਨ ਵਪਾਰੀ ਸੀ ਜੋ ਭਾਰਤ ਤੋਂ ਤਿੱਬਤ ਕਰਿਆਨੇ ਦਾ ਸਾਮਾਨ ਭੇਜਦਾ ਸੀ।
ਬਛੇਂਦਰੀ ਪਾਲ ਨੇ ਸਕੂਲੀ ਵਿੱਦਿਆ ਪੂਰੀ ਕਰਨ ਤੋਂ ਬਾਅਦ ਆਪਣੀ ਐਮ ਏ ਅਤੇ ਬੀ ਐਡ ਡੀਏਵੀ ਕਾਲਜ ਦੇਹਰਾਦੂਨ ਤੋਂ ਪੂਰੀ ਕੀਤੀ। ਬਛੇਂਦਰੀ ਪਾਲ ਨੂੰ ਬਚਪਨ ਤੋਂ ਹੀ ਚੋਟੀਆਂ ਸਰ ਕਰਨ ਦਾ ਸ਼ੌਂਕ ਸੀ। 12 ਸਾਲ ਦੀ ਛੋਟੀ ਉਮਰ ਦੇ ਵਿਚ ਹੀ ਉਹਨਾਂ ਨੇ ਆਪਣੇ ਦੋਸਤਾਂ ਨਾਲ 4000 ਮੀਟਰ ਦੀ ਇੱਕ ਚੋਟੀ ਸਰ ਕੀਤੀ। ਆਪਣੇ ਸਕੂਲ ਪ੍ਰਿੰਸੀਪਲ ਦੇ ਕਹਿਣ ਉੱਤੇ ਬਛੇਂਦਰੀ ਪਾਲ ਨੇ ਨਹਿਰੂ ਇੰਸਟੀਚਿਊਟ ਆਫ ਮਾਊਂਟੇਨੀਅਰਿੰਗ ਜੁਆਇਨ ਕਰ ਲਿਆ।
ਇਸ ਤੋਂ ਬਾਅਦ ਬਛੇਂਦਰੀ ਪਾਲ ਮਾਊਂਟ ਗੰਗੋਤਰੀ ਜਿਸ ਦੀ ਉਚਾਈ 7138 ਮੀਟਰ ਹੈ ਨੂੰ ਸਰ ਕਰਨ ਵਾਲੀ ਪਹਿਲੀ ਔਰਤ ਬਣੀ ਸੀ। ਇਸ ਤੋਂ ਇਲਾਵਾ ਉਹਨਾਂ ਨੇ ਮਾਊਂਟ ਰੁਦਰਾਗਰੀਆ ਨੂੰ ਵੀ ਸਰ ਕੀਤਾ ਸੀ।
ਇਸ ਤੋਂ ਬਾਅਦ ਬਛੇਂਦਰੀ ਪਾਲ ਨੂੰ ਨੈਸ਼ਨਲ ਅਡਵੈਂਚਰ ਫਾਊਂਡੇਸ਼ਨ ਵਿਖੇ ਇੱਕ ਪਰਬਤ ਆਰੋਹੀ ਇੰਸਟਰੱਕਟਰ ਵਜੋਂ ਨੌਕਰੀ ਮਿਲ ਗਈ ਜਿੱਥੇ ਉਹਨਾਂ ਨੇ ਔਰਤਾਂ ਨੂੰ ਟ੍ਰੇਨਿੰਗ ਦੇਣ ਲਈ ਇੱਕ ਐਡਵੈਂਚਰ ਸਕੂਲ ਬਣਾਇਆ। ਬਛੇਂਦਰੀ ਪਾਲ ਨੂੰ ਇਸ ਕੰਮ ਕਾਰਨ ਆਪਣੇ ਮਾਪਿਆਂ ਦਾ ਵਿਰੋਧ ਸਹਿਣਾ ਪਿਆ ਕਿਉਂਕਿ ਉਹ ਬਛੇਂਦਰੀ ਪਾਲ ਨੂੰ ਇੱਕ ਸਕੂਲ ਟੀਚਰ ਵਜੋਂ ਦੇਖਣਾ ਚਾਹੁੰਦੇ ਸਨ। ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ ਅਤੇ ਬਛੇਂਦਰੀ ਪਾਲ ਦੀ 1984 ਵਿੱਚ ਮਾਊਂਟ ਐਵਰੈਸਟ ਨੂੰ ਸਰ ਕਰਨ ਲਈ ਬਣੀ ਹੋਈ ਭਾਰਤੀ ਟੀਮ ਦੇ ਵਿੱਚ ਚੋਣ ਹੋ ਗਈ।
1984 ਦੇ ਵਿੱਚ ਇਸ ਟੀਮ ਨੇ ਮਾਊਂਟ ਐਵਰੈਸਟ ਉੱਤੇ ਚੜ੍ਹਨਾ ਸ਼ੁਰੂ ਕੀਤਾ। ਇਸ ਟੀਮ ਦੇ ਵਿੱਚ ਕੁੱਲ ਸਤਾਰਾਂ ਲੋਕ ਸਨ ਜਿਨ੍ਹਾਂ ਵਿੱਚ ਛੇ ਔਰਤਾਂ ਅਤੇ ਗਿਆਰਾਂ ਮਰਦ ਸਨ। ਚੜ੍ਹਨ ਸਮੇਂ ਟੀਮ ਨੂੰ ਦਿੱਕਤਾਂ ਵੀ ਬਹੁਤ ਆਈਆਂ ਅਤੇ ਇੱਕ ਰਾਤ ਉਨ੍ਹਾਂ ਦਾ ਕੈਂਪ ਬਰਫੀਲੇ ਤੂਫ਼ਾਨ ਹੇਠ ਵੀ ਦੱਬ ਗਿਆ। ਇਸ ਕਾਰਨ ਅੱਧੀ ਤੋਂ ਵੱਧ ਟੀਮ ਨੇ ਇਸ ਮਿਸ਼ਨ ਨੂੰ ਵਿਚਾਲੇ ਹੀ ਛੱਡ ਦਿੱਤਾ। ਬਾਅਦ ਵਿੱਚ ਮਿਸ਼ਨ ਨੂੰ ਸਰ ਕਰਨ ਵਾਲੀ ਟੀਮ ਦੇ ਵਿੱਚ ਬਛੇਂਦਰੀ ਪਾਲ ਇਕੱਲੀ ਔਰਤ ਬਚੀ ਸੀ। 23 ਮਈ 1984 ਨੂੰ ਇਸ ਟੀਮ ਨੇ ਮਾਊਂਟ ਐਵਰੈਸਟ ਦੀ ਚੋਟੀ ਨੂੰ ਸਰ ਕਰ ਲਿਆ ਸੀ ਅਤੇ ਬਛੇਂਦਰੀ ਪਾਲ ਨੇ ਇਸ ਦਿਨ ਇਤਿਹਾਸ ਬਣਾਇਆ ਸੀ।
ਇਸ ਤੋਂ ਬਾਅਦ ਬਛੇਂਦਰੀ ਪਾਲ ਕਈ ਵਾਰ ਮਾਊਂਟ ਐਵਰੈਸਟ ਸਰ ਕਰਕੇ ਆਈ ਹੋਈ ਹੈ। ਬਛੇਂਦਰੀ ਪਾਲ ਇੰਡੋ ਨੇਪਲੀਜ਼ ਵਿਮੈਨਜ਼ ਮਾਊਂਟ ਐਵਰੈਸਟ ਐਕਸਪੀਡੀਸ਼ਨ 1993 ਦਾ ਵੀ ਹਿੱਸਾ ਰਹੀ ਹੈ ਜਿਸ ਵਿਚ ਸਿਰਫ ਔਰਤਾਂ ਵੱਲੋਂ ਮਾਊਂਟ ਐਵਰੈਸਟ ਦੀ ਚੋਟੀ ਨੂੰ ਸਰ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਬਛੇਂਦਰੀ ਪਾਲ ਹਰਦੁਆਰ ਤੋਂ ਕਲਕੱਤਾ ਗੰਗਾ ਨਦੀ ਰਾਹੀਂ ਰਾਫਟਿੰਗ ਦੇ ਜ਼ਰੀਏ ਪੂਰਾ ਕਰਕੇ ਆਈ ਹੋਈ ਹੈ। ਇਹ ਦ ਗ੍ਰੇਟ ਇੰਡੀਅਨ ਵਿਮੈੱਨਜ਼ ਰਾਫਟਿੰਗ ਵੋਏਜ 1994 ਵੇ ਤਹਿਤ ਕੀਤਾ ਗਿਆ ਜਦੋਂ ਹਰਿਦਵਾਰ ਤੋਂ ਕਲਕੱਤੇ ਦਾ 2155 ਕਿਲੋਮੀਟਰ ਦਾ ਸਫਰ ਗੰਗਾ ਨਦੀ ਰਾਹੀਂ 39 ਦਿਨਾਂ ਵਿੱਚ ਤੈਅ ਕੀਤਾ ਗਿਆ।
ਬਛੇਂਦਰੀ ਪਾਲ ਦ ਫਸਟ ਇੰਡੀਅਨ ਵੂਮੈਨ ਟਰਾਂਸ ਹਿਮਾਲਿਅਨ ਐਕਸੀਪੀਡੀਸ਼ਨ 1997 ਦਾ ਵੀ ਹਿੱਸਾ ਰਹੀ ਜਿਸ ਵਿੱਚ ਅੱਠ ਔਰਤਾਂ ਵੱਲੋਂ ਟਰੈਕਿੰਗ ਦੇ ਜ਼ਰੀਏ ਅਰੁਨਾਚਲ ਪ੍ਰਦੇਸ਼ ਵਾਲੇ ਹਿਮਾਲਿਆ ਪਰਬਤਾਂ ਤੋਂ ਸ਼ੁਰੂ ਕਰਕੇ ਸਿਆਚਨ ਗਲੇਸ਼ੀਅਰ ਤਕ ਟਰੈਕਿੰਗ ਕੀਤੀ ਗਈ। ਇਹ 4500 ਕਿਲੋਮੀਟਰ ਤੋਂ ਵੀ ਵੱਧ ਦਾ ਫ਼ਾਸਲਾ ਇਨ੍ਹਾਂ ਨੇ 225 ਦਿਨਾਂ ਵਿੱਚ ਪੂਰਾ ਕੀਤਾ ਅਤੇ ਚਾਲੀ ਤੋਂ ਵੱਧ ਮਾਊਂਟੇਨ ਪਾਸਿਜ਼ ਨੂੰ ਕਰਾਸ ਕੀਤਾ। ਅਜਿਹਾ ਕਰਨ ਵਾਲਾ ਭਾਰਤ ਪਹਿਲਾ ਦੇਸ਼ ਸੀ ।
ਬਛੇਂਦਰੀ ਪਾਲ ਨੂੰ ਉਸ ਦੇ ਕੀਤੇ ਜਾ ਰਹੇ ਇਨ੍ਹਾਂ ਕੰਮਾਂ ਕਾਰਨ ਭਾਰਤ ਦਾ ਤੀਜਾ ਸਭ ਤੋਂ ਵੱਡਾ ਪੁਰਸਕਾਰ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਸ ਤੋਂ ਪਹਿਲਾਂ ਬਛੇਂਦਰੀ ਪਾਲ ਨੂੰ ਪਦਮਸ੍ਰੀ ਵੀ ਮਿਲਿਆ ਹੋਇਆ ਹੈ। ਖੇਡਾਂ ਦਾ ਪੁਰਸਕਾਰ ਅਰਜੁਨਾ ਐਵਾਰਡ ਵੀ ਬਛੇਂਦਰੀ ਪਾਲ ਦੇ ਹਿੱਸੇ ਆ ਚੁੱਕਿਆ ਹੈ। ਇਨ੍ਹਾਂ ਸਨਮਾਨਾਂ ਤੋਂ ਇਲਾਵਾ ਬਛੇਂਦਰੀ ਪਾਲ ਨੂੰ ਅਣਗਿਣਤ ਮਾਣ ਸਨਮਾਨ ਮਿਲੇ ਹੋਏ ਹਨ।
ਅੱਜ ਬਛੇਂਦਰੀ ਪਾਲ ਦੇ ਜਨਮ ਦਿਨ ਉੱਤੇ ਅਸੀਂ ਉਨ੍ਹਾਂ ਨੂੰ ਜਨਮਦਿਨ ਦੀ ਮੁਬਾਰਕਬਾਦ ਦਿੰਦੇ ਹਾਂ ਤੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ। ਅਸੀਂ ਇਹ ਆਸ ਕਰਦੇ ਹਾਂ ਕਿ ਇੰਨੀਆਂ ਕਠਿਨਾਈਆਂ ਤੋਂ ਉੱਠ ਕੇ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੀ ਬਛੇਂਦਰੀ ਪਾਲ ਦੇ ਜੀਵਨ ਤੋਂ ਸਾਡੀ ਨਵੀਂ ਪੀੜ੍ਹੀ ਵੀ ਸੇਧ ਲਵੇਗੀ ਅਤੇ ਭਾਰਤ ਦੇਸ਼ ਦਾ ਝੰਡਾ ਉੱਚਾ ਹੀ ਲਹਿਰਾਏਗੀ।