ਭਾਈ ਘਨ੍ਹੱਈਆ ਜੀ ਦੇ ਜਨਮ ਦਿਵਸ ਤੇ ਵਿਸ਼ੇਸ਼

ਅੱਜ ਦੇ ਦਿਨ 1648 ਈਸਵੀ ਨੂੰ ਭਾਈ ਘਨ੍ਹੱਈਆ ਜੀ ਨੇ ਮਾਤਾ ਸੁੰਦਰੀ ਜੀ ਅਤੇ ਪਿਤਾ ਨੱਥੂ ਰਾਮ ਦੇ ਘਰ ਜਨਮ ਲਿਆ। ਇਨ੍ਹਾਂ ਦਾ ਜਨਮ ਪਿੰਡ ਸੋਧਰਾ ਹੈ ਜੋ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਵਿੱਚ ਹੈ।
ਭਾਈ ਘਨ੍ਹੱਈਆ ਜੀ ਦੇ ਜਨਮ ਦਿਵਸ ਤੇ ਵਿਸ਼ੇਸ਼

ਭਾਈ ਘਨ੍ਹੱਈਆ ਜੀ ਸੱਤਵੇਂ ਗੁਰੂ ਹਰਿ ਰਾਏ ਜੀ ਦੇ ਸਮੇਂ ਆਏ ਅਤੇ ਉਹ ਬਚਪਨ ਤੋਂ ਹੀ ਪਰਉਪਕਾਰੀ ਸੁਭਾਅ ਵਾਲੇ ਸਨ। ਉਨ੍ਹਾਂ ਦੇ ਪਿਤਾ ਜੀ ਵਪਾਰੀ ਸਨ। ਜੋ ਵੀ ਪੈਸੇ ਭਾਈ ਘਨ੍ਹੱਈਆ ਜੀ ਨੂੰ ਮਿਲਦੇ ਸਨ ਉਹ ਪੈਸੇ ਲੋੜਵੰਦਾਂ ਦੀ ਮਦਦ ਲਈ ਵੰਡ ਦਿੰਦੇ ਸਨ। ਪਰਿਵਾਰ ਵਾਲਿਆਂ ਦੇ ਰੋਕਣ ਤੇ ਵੀ ਜਦ ਉਹ ਨਾ ਹਟੇ ਤਾਂ ਉਨ੍ਹਾਂ ਨੂੰ ਘਰ ਵਿੱਚ ਹੀ ਇੱਕ ਅਲੱਗ ਕਮਰਾ ਦੇ ਦਿੱਤਾ ਗਿਆ।

ਵੱਡੇ ਹੋਣ ਉਪਰੰਤ ਭਾਈ ਘਨ੍ਹੱਈਆ ਜੀ ਸੱਤਵੇਂ ਗੁਰੂ ਸ੍ਰੀ ਗੁਰੂ ਹਰ ਰਾਇ ਜੀ ਦੇ ਦਰਬਾਰ ਵਿੱਚ ਆ ਗਏ ਅਤੇ ਉਥੇ ਕੀਰਤਪੁਰ ਸਾਹਿਬ ਵਿਖੇ ਸੇਵਾ ਕਰਨ ਲੱਗੇ। ਉਸ ਤੋਂ ਬਾਅਦ ਉਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਆਨੰਦਪੁਰ ਸਾਹਿਬ ਵਿੱਚ ਰਹਿ ਕੇ ਬਹੁਤ ਸੇਵਾ ਕੀਤੀ। ਗੁਰੂ ਸਾਹਿਬ ਜੀ ਨੇ ਉਨ੍ਹਾਂ ਨੂੰ ਆਦੇਸ਼ ਦਿੱਤਾ ਕਿ ਤੁਸੀਂ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰੋ ਅਤੇ ਗੁਰੂ ਸਾਹਿਬ ਦੇ ਹੁਕਮਾਂ ਉਪਰੰਤ ਉਹ ਇਸ ਕੰਮ ਉੱਪਰ ਲੱਗ ਗਏ।

ਉਹ ਅਨੰਦਪੁਰ ਸਾਹਿਬ ਤੋਂ ਵਿਦਾ ਹੋ ਕੇ ਜਾ ਰਹੇ ਸਨ ਤਾਂ ਰਸਤੇ ਵਿਚ ਉਨ੍ਹਾਂ ਨੂੰ ਪਾਣੀ ਦੀ ਬਹੁਤ ਪਿਆਸ ਲੱਗੀ ਅਤੇ ਜਿੱਥੋਂ ਵੀ ਉਨ੍ਹਾਂ ਨੇ ਪਾਣੀ ਮੰਗਿਆ ਉੱਥੋਂ ਹੀ ਨਾਂਹ ਹੋਈ। ਅੱਗੇ ਜਾ ਕੇ ਉਨ੍ਹਾਂ ਨੂੰ ਰਸਤੇ ਵਿੱਚ ਇੱਕ ਨਦੀ ਆਈ ਅਤੇ ਉਨ੍ਹਾਂ ਨੇ ਉੱਥੇ ਪਿਆਸ ਬੁਝਾ ਕੇ ਫ਼ੈਸਲਾ ਕਰ ਲਿਆ ਕੇ ਜਿੱਥੇ ਉਨ੍ਹਾਂ ਨੂੰ ਕਿਸੇ ਨੇ ਪਾਣੀ ਨਹੀਂ ਪਿਲਾਇਆ ਸੀ ਉਸ ਥਾਂ ਹੀ ਪਾਣੀ ਪਿਲਾਉਣ ਦੀ ਸੇਵਾ ਕਰਨੀ ਹੈ। ਉਹ ਨਦੀ ਵਿੱਚੋਂ ਪਾਣੀ ਦੀ ਮਸ਼ਕ ਭਰਨ ਅਤੇ ਉਸ ਥਾਂ ਤੇ ਪਾਣੀ ਦੀ ਸੇਵਾ ਕਰਿਆ ਕਰਨ। ਇਸ ਤਰ੍ਹਾਂ ਭਾਈ ਘਨ੍ਹੱਈਆ ਜੀ ਨੇ ਬਹੁਤ ਸੇਵਾ ਕੀਤੀ।

ਮਨ ਵਿੱਚ ਆਨੰਦਪੁਰ ਸਾਹਿਬ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਦੀ ਭਾਵਨਾ ਬਣੀ ਤਾਂ ਉੱਥੇ ਪਹੁੰਚ ਗਏ। ਉਥੇ ਲੰਗਰ ਆਦਿ ਵਾਸਤੇ ਜਲ ਢਾਹੁਣ ਦੀ ਸੇਵਾ ਕਰਨ ਲੱਗੇ। ਕੁਝ ਹੀ ਸਮੇਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਨਾਲ ਲੜਾਈ ਛਿੜ ਪਈ ਅਤੇ ਗੁਰੂ ਜੀ ਦੇ ਆਦੇਸ਼ ਅਨੁਸਾਰ ਉਹ ਜੰਗ ਲੜ ਰਹੇ ਫ਼ੌਜੀਆਂ ਨੂੰ ਬਗੈਰ ਕਿਸੇ ਵਿਤਕਰੇ ਦੇ ਦੁਸ਼ਮਣ ਸੈਨਾ ਦੀ ਵੀ ਪਾਣੀ ਪਿਲਾ ਕੇ ਸੇਵਾ ਕਰਨ ਲੱਗੇ।

ਸਿੱਖ ਸੈਨਿਕਾਂ ਵੱਲੋਂ ਸ਼ਿਕਾਇਤ ਕਰਨ ਤੇ ਭਾਈ ਸਾਹਿਬ ਨੂੰ ਗੁਰੂ ਜੀ ਨੇ ਬੁਲਾਵਾ ਭੇਜਿਆ ਅਤੇ ਪੁੱਛਿਆ ਕਿ ਤੂੰ ਆਪਣੇ ਵਿਰੁੱਧ ਲੜ ਰਹੇ ਵੈਰੀਆਂ ਨੂੰ ਕਿਉਂ ਪਾਣੀ ਪਿਲਾ ਰਿਹਾ ਹੈ ਤਾਂ ਭਾਈ ਘਨ੍ਹੱਈਆ ਜੀ ਬੋਲੇ ਕਿ ਗੁਰੂ ਜੀ ਮੈਨੂੰ ਤਾਂ ਸਭ ਪਾਸੇ ਤੁਹਾਡਾ ਨੂਰੀ ਚਿਹਰਾ ਨਜ਼ਰ ਆ ਰਿਹਾ ਹੈ ਮੈਨੂੰ ਤਾਂ ਕੋਈ ਵੈਰੀ ਨਹੀਂ ਦਿਖਾਈ ਦੇ ਰਿਹਾ। ਗੁਰੂ ਗੋਬਿੰਦ ਸਿੰਘ ਜੀ ਅੰਤਰਜਾਮੀ ਸਨ ਅਤੇ ਉਹ ਜਾਣ ਗਏ ਕਿ ਭਾਈ ਘਨ੍ਹੱਈਆ ਤਾਂ ਬ੍ਰਹਮ ਗਿਆਨ ਵਾਲੀ ਅਵਸਥਾ ਵਿੱਚ ਪਹੁੰਚ ਚੁੱਕੇ ਹਨ ਜਿੱਥੇ "ਨਾ ਕੋ ਬੈਰੀ ਨਾਹੀ ਬਿਗਾਨਾ ਸਗਲ ਸੰਗਿ ਹਮ ਕੋ ਬਣਾਈ" ਭਾਵ ਕੋਈ ਭੇਦਭਾਵ ਜਾਂ ਦੂਈ ਦਵੈਤ ਦੀ ਗੁੰਜਾਇਸ਼ ਨਹੀਂ ਰਹਿੰਦੀ। ਗੁਰੂ ਸਾਹਿਬ ਨੇ ਭਾਈ ਘਨ੍ਹੱਈਆ ਜੀ ਨੂੰ ਮੱਲ੍ਹਮ ਦੀ ਡੱਬੀ ਕੋਲੋਂ ਦੇ ਕੇ ਕਿਹਾ ਕਿ ਜ਼ਖ਼ਮੀਆਂ ਦੀ ਮੱਲ੍ਹਮ ਪੱਟੀ ਵੀ ਪਾਣੀ ਦੀ ਸੇਵਾ ਵਾਂਗ ਕਰਨੀ ਹੈ। ਭਾਈ ਘਨ੍ਹਈਆ ਜੀ ਮਿਸ਼ਨ ਸਰਬ ਸਾਂਝੀਵਾਲਤਾ ਦਾ ਸੀ।

ਅੱਜ ਉਨ੍ਹਾਂ ਦੇ ਨਾਮ ਤੇ ਅਨੇਕਾਂ ਹੀ ਸੰਸਥਾਵਾਂ ਲੋੜਵੰਦਾਂ ਦੀ ਨਿਸ਼ਕਾਮ ਸੇਵਾ ਕਰ ਰਹੀਆਂ। ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿਚ ਅੱਜ ਤੋਂ ਤਕਰੀਬਨ ਪੰਜਾਹ ਸਾਲ ਪਹਿਲਾਂ ਜਦੋਂ ਪੀਣ ਵਾਲਾ ਪਾਣੀ ਪਬਲਿਕ ਜਗਾਵਾਂ ਤੇ ਆਮ ਨਹੀਂ ਹੁੰਦਾ ਸੀ ਅਤੇ ਮਾਨਸਾ ਰੇਤਲਾ ਇਲਾਕਾ ਹੋਣ ਦੇ ਕਾਰਨ ਪਾਣੀ ਦੀ ਕਮੀ ਸੀ ਦੇ ਵਿੱਚ ਪਾਣੀ ਵਾਲੇ ਬਾਬੇ ਦੇ ਨਾਮ ਨਾਲ ਮਸ਼ਹੂਰ ਬਾਬਾ ਹੰਸਾ ਸਿੰਘ ਜੀ ਨੇ ਵੀ ਪਾਣੀ ਦੀ ਬਹੁਤ ਸੇਵਾ ਕੀਤੀ ਸੀ ਜਿਸ ਕਾਰਨ ਉਨ੍ਹਾਂ ਨੂੰ ਉਸ ਸਮੇਂ ਸਰਕਾਰ ਵੱਲੋਂ ਸਨਮਾਨਤ ਵੀ ਕੀਤਾ ਗਿਆ ਸੀ।

ਪਰ ਕੁਝ ਦਿਨ ਪਹਿਲਾਂ ਦੋ ਵੱਖ ਵੱਖ ਧਰਮਾਂ ਵਿੱਚ ਹੋਏ ਟਕਰਾਅ ਨੇ ਭਾਈ ਘਨ੍ਹੱਈਆ ਜੀ ਦੇ ਫਲਸਫ਼ੇ ਨੂੰ ਚੋਟ ਪਹੁੰਚਾਈ ਹੈ। ਭਾਵੇਂ ਕਈ ਨੌਜਵਾਨਾਂ ਵੱਲੋਂ ਬਾਅਦ ਵਿਚ ਸੇਵਾ ਵੀ ਕੀਤੀ ਗਈ ਪਰ ਫਿਰ ਵੀ ਸਾਡੇ ਸਮਾਜ ਵਿੱਚ ਧਰਮਾਂ ਦੇ ਉੱਤੇ ਵੰਡੀਆਂ ਪਾਉਣ ਦੀਆਂ ਕੋਸ਼ਿਸ਼ਾਂ ਪੁਰਜ਼ੋਰ ਚੱਲ ਰਹੀਆਂ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਭਾਈ ਘਨੱਈਆ ਜੀ ਦੇ ਕਦਮਾਂ ਤੇ ਚੱਲਦੇ ਹੋਏ ਸਰਬ ਸਾਂਝੀਵਾਲਤਾ ਦਾ ਸੁਨੇਹਾ ਦੇਈਏ ਅਤੇ ਧਰਮਾਂ ਤੇ ਜਾਤ ਪਾਤ ਦੇ ਆਧਾਰ ਤੇ ਕੌਮ ਅਤੇ ਸਮਾਜ ਵਿੱਚ ਵੰਡੀਆਂ ਨਾ ਪਾਈਏ।

Related Stories

No stories found.
logo
Punjab Today
www.punjabtoday.com