28 June: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਪੀ.ਵੀ ਨਰਸਿਮਹਾ ਰਾਓ ਦਾ ਜਨਮਦਿਨ

ਨਰਸਿਮਹਾ ਰਾਓ ਨੇ ਆਪਣੇ ਵਿੱਤ ਮੰਤਰੀ ਮਨਮੋਹਨ ਸਿੰਘ ਦੇ ਨਾਲ, ਭਾਰਤ ਦੀ ਸੰਕਟ ਦੇ ਦੌਰ ਵਿੱਚ ਅਗਵਾਈ ਕੀਤੀ ਅਤੇ ਦੇਸ਼ ਨੂੰ ਆਰਥਿਕ ਹਨੇਰੇ ਵਿੱਚੋਂ ਕੱਢਿਆ।
28 June: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਪੀ.ਵੀ ਨਰਸਿਮਹਾ ਰਾਓ ਦਾ ਜਨਮਦਿਨ

ਰਾਓ ਦਾ ਜਨਮ ਕਰੀਮਨਗਰ (ਹੁਣ ਤੇਲੰਗਾਨਾ, ਭਾਰਤ ਵਿੱਚ) ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ। ਉਹਨਾਂ ਨੇ ਪੁਣੇ ਦੇ ਫਰਗੂਸਨ ਕਾਲਜ ਅਤੇ ਬੰਬਈ (ਹੁਣ ਮੁੰਬਈ) ਅਤੇ ਨਾਗਪੁਰ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕੀਤੀ। ਉਹਨਾਂ ਨੇ ਬਰਤਾਨੀਆ ਤੋਂ ਆਜ਼ਾਦੀ ਲਈ ਕੰਮ ਕਰਨ ਵਾਲੇ ਕਾਂਗਰਸ ਪਾਰਟੀ ਦੇ ਕਾਰਕੁਨ ਵਜੋਂ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ ਅੱਗੇ ਚੱਲ ਕੇ ਨਰਸਿਮਹਾ ਰਾਓ ਨੇ 1991 ਤੋਂ 1996 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ। ਉਹ ਵਿਆਪਕ ਆਰਥਿਕ ਸੁਧਾਰਾਂ ਦੀ ਸ਼ੁਰੂਆਤ ਕਰਨ ਲਈ ਜਾਣੇ ਜਾਂਦੇ ਹਨ ਜਿਨ੍ਹਾਂ ਨੇ ਭਾਰਤੀ ਆਰਥਿਕਤਾ ਨੂੰ ਉਦਾਰ ਬਣਾਇਆ।

ਮਈ 1991 ਵਿੱਚ ਕਾਂਗਰਸ ਨੇਤਾ ਰਾਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ, ਕਾਂਗਰਸ ਪਾਰਟੀ ਨੇ 70 ਸਾਲ ਦੀ ਉਮਰ ਵਿੱਚ ਰਾਓ ਨੂੰ ਆਪਣਾ ਨੇਤਾ ਚੁਣਿਆ, ਅਤੇ ਜੂਨ ਵਿੱਚ ਆਮ ਚੋਣਾਂ ਤੋਂ ਬਾਅਦ ਉਹ ਭਾਰਤ ਦੇ 10ਵੇਂ ਪ੍ਰਧਾਨ ਮੰਤਰੀ ਬਣੇ। ਭਾਰਤ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ, ਰਾਓ ਲੋਕ ਸਭਾ ਵਿੱਚ ਆਂਧਰਾ ਪ੍ਰਦੇਸ਼ ਦੀ ਪ੍ਰਤੀਨਿਧਤਾ ਕਰਦੇ ਸਨ। ਉਹਨਾਂ ਨੇ ਰਾਜੀਵ ਗਾਂਧੀ ਦੇ ਕਾਰਜਕਾਲ ਵਿੱਚ ਵਿਦੇਸ਼ ਅਤੇ ਗ੍ਰਹਿ ਮੰਤਰੀ ਵਜੋਂ ਵੀ ਕੰਮ ਕੀਤਾ।

ਨਰਸਿਮਹਾ ਰਾਓ ਨੇ ਆਪਣੇ ਵਿੱਤ ਮੰਤਰੀ ਮਨਮੋਹਨ ਸਿੰਘ ਦੇ ਨਾਲ, ਭਾਰਤ ਦੀ ਸੰਕਟ ਦੇ ਦੌਰ ਵਿੱਚ ਅਗਵਾਈ ਕੀਤੀ ਅਤੇ ਦੇਸ਼ ਨੂੰ ਆਰਥਿਕ ਹਨੇਰੇ ਵਿੱਚੋਂ ਕੱਢਿਆ।

ਦੇਸ਼ ਵਿੱਚ ਆਰਥਿਕ ਸੁਧਾਰਾਂ ਦਾ ਵੱਡਾ ਸਿਹਰਾ ਸਾਬਕਾ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਓ ਨੂੰ ਦਿੱਤਾ ਜਾਂਦਾ ਹੈ। ਆਪਣੇ ਕਾਰਜਕਾਲ ਦੌਰਾਨ ਰਾਓ ਨੇ ਕਈ ਇਤਿਹਾਸਕ ਫੈਸਲੇ ਲਏ, ਤਾਂ ਜੋ ਦੇਸ਼ ਗਰੀਬੀ ਤੋਂ ਬਾਹਰ ਆ ਸਕੇ। ਤੁਹਾਨੂੰ ਦੱਸ ਦੇਈਏ ਕਿ ਉਹ ਸਮਾਂ ਸੀ ਜਦੋਂ ਦੇਸ਼ ਨੂੰ ਆਪਣਾ ਸੋਨਾ ਵੀ ਵਿਦੇਸ਼ ਵਿੱਚ ਗਿਰਵੀ ਰੱਖਣਾ ਪੈਂਦਾ ਸੀ। ਇਸ ਤੋਂ ਬਾਅਦ ਰਾਓ ਨੇ ਘਰੇਲੂ ਬਾਜ਼ਾਰ ਖੋਲ੍ਹਿਆ ਸੀ। ਜਿਸ ਕਰਕੇ ਉਹ ਉਸ ਸਮੇਂ ਆਲੋਚਨਾ ਦਾ ਸ਼ਿਕਾਰ ਵੀ ਹੋਏ ਸਨ। ਪਰ ਅੱਜ ਉਹਨਾਂ ਦੇ ਫੈਸਲਿਆਂ ਕਾਰਨ ਅਸੀਂ ਚੋਟੀ ਦੇ ਦੇਸ਼ਾਂ ਵਿਚ ਹਾਂ।

ਇਹ ਉਹ ਸਮਾਂ ਸੀ ਜਦੋਂ ਸਾਡੇ ਕੋਲ ਵਿਦੇਸ਼ੀ ਮੁਦਰਾ ਭੰਡਾਰ ਖਤਮ ਹੋ ਗਿਆ ਸੀ।

ਉਦੋਂ ਸਿਰਫ 2500 ਕਰੋੜ ਦਾ ਰਿਜ਼ਰਵ ਸੀ, ਜੋ ਸ਼ਾਇਦ ਹੀ 3 ਮਹੀਨੇ ਤੱਕ ਚੱਲ ਸਕਦਾ ਸੀ। ਇਹ ਇਕ ਸਿਆਸੀ ਪਹਿਲੂ ਸੀ ਪਰ ਇਸ ਦਾ ਅਸਰ ਆਮ ਆਦਮੀ 'ਤੇ ਵੀ ਪਿਆ। ਕੰਪਨੀਆਂ ਘੱਟ ਸਨ ਅਤੇ ਕੋਈ ਪ੍ਰਾਈਵੇਟ ਨੌਕਰੀਆਂ ਨਹੀਂ ਸਨ। ਜੇਕਰ ਸਾਨੂੰ ਸਰਕਾਰੀ ਦਫ਼ਤਰਾਂ ਵਿੱਚ ਕੰਮ ਮਿਲਦਾ ਹੈ ਤਾਂ ਠੀਕ, ਨਹੀਂ ਤਾਂ ਪੜ੍ਹੇ-ਲਿਖੇ ਲੋਕ ਵੀ ਬੇਰੁਜ਼ਗਾਰ ਰਹਿੰਦੇ। ਉਨ੍ਹਾਂ ਦੇ ਕਾਰੋਬਾਰ ਲਈ ਨਾ ਤਾਂ ਲਾਇਸੈਂਸ ਅਤੇ ਨਾ ਹੀ ਬੈਂਕ ਆਸਾਨੀ ਨਾਲ ਕਰਜ਼ਾ ਦੇਣ ਲਈ ਤਿਆਰ ਸਨ। ਪੀਵੀ ਨਰਸਿਮਹਾ ਰਾਓ ਇਸ ਦੌਰਾਨ ਪ੍ਰਧਾਨ ਮੰਤਰੀ ਬਣੇ ਸਨ।

ਨਰਸਿਮਹਾ ਰਾਓ ਨੇ ਤਤਕਾਲੀ ਵਿੱਤ ਮੰਤਰੀ ਅਤੇ ਬਹੁਤ ਹੀ ਹੁਸ਼ਿਆਰ ਅਰਥ ਸ਼ਾਸਤਰੀ ਮਨਮੋਹਨ ਸਿੰਘ ਨਾਲ ਕੰਮ ਸ਼ੁਰੂ ਕੀਤਾ। ਭਾਰਤ ਦਾ ਬਾਜ਼ਾਰ ਗਲੋਬਲ ਕੰਪਨੀਆਂ ਲਈ ਖੋਲ੍ਹਿਆ ਗਿਆ ਸੀ। ਇਸ ਕਾਰਨ ਵਿਦੇਸ਼ੀ ਕੰਪਨੀਆਂ ਦੇਸ਼ ਵਿੱਚ ਆਉਣ ਲੱਗੀਆਂ। ਇਸ ਨਾਲ ਨਾਂ ਸਿਰਫ਼ ਉਦਯੋਗੀਕਰਨ ਨੂੰ ਉਤਸ਼ਾਹ ਮਿਲਿਆ, ਸਗੋਂ ਲੋਕਾਂ ਲਈ ਰੁਜ਼ਗਾਰ ਵੀ ਪੈਦਾ ਹੋਣ ਲੱਗਾ। ਇਸ ਨਾਲ ਖੁਸ਼ਹਾਲੀ ਆਈ।

ਵਿੱਤੀ ਘਾਟੇ ਨੂੰ ਘੱਟ ਕਰਨਾ ਰਾਓ ਅਤੇ ਮਨਮੋਹਨ ਦੀ ਜੋੜੀ ਦਾ ਵੱਡਾ ਟੀਚਾ ਸੀ। ਰਾਓ ਨੇ ਕਈ ਸਖ਼ਤ ਫੈਸਲੇ ਲਏ। ਸ਼ੁਰੂ ਵਿੱਚ ਮਾੜੇ ਲੱਗਣ ਵਾਲੇ ਵਿੱਤੀ ਫੈਸਲਿਆਂ ਦਾ ਪ੍ਰਭਾਵ ਲੰਬੇ ਸਮੇਂ ਲਈ ਚੰਗਾ ਸੀ।

ਨਰਸਿਮਹਾ ਰਾਓ ਦੁਆਰਾ ਕੀਤੇ ਗਏ ਪ੍ਰਮੁੱਖ ਆਰਥਿਕ ਸੁਧਾਰਾਂ ਨੇ ਭਾਰਤੀ ਬਾਜ਼ਾਰਾਂ ਵਿੱਚ ਵਿਦੇਸ਼ੀ ਨਿਵੇਸ਼ ਦੀ ਆਮਦ ਨੂੰ ਅਗਵਾਈ ਦਿੱਤੀ:

1. 1992 ਦਾ SEBI ਐਕਟ ਅਤੇ ਸੁਰੱਖਿਆ ਕਾਨੂੰਨ (ਸੋਧ) ਪੇਸ਼ ਕਰਨਾ ਜਿਸ ਨੇ ਸੇਬੀ ਨੂੰ ਸਾਰੇ ਸੁਰੱਖਿਆ ਮਾਰਕੀਟ ਵਿਚੋਲਿਆਂ ਨੂੰ ਰਜਿਸਟਰ ਕਰਨ ਅਤੇ ਨਿਯਮਤ ਕਰਨ ਦਾ ਕਾਨੂੰਨੀ ਅਧਿਕਾਰ ਦਿੱਤਾ ਹੈ।

2. ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੁਆਰਾ ਨਿਵੇਸ਼ ਲਈ ਭਾਰਤ ਦੇ ਇਕੁਇਟੀ ਬਾਜ਼ਾਰਾਂ ਨੂੰ ਖੋਲ੍ਹਣਾ ਅਤੇ ਭਾਰਤੀ ਫਰਮਾਂ ਨੂੰ ਗਲੋਬਲ ਡਿਪਾਜ਼ਟਰੀ ਰਸੀਦਾਂ (GDRs) ਜਾਰੀ ਕਰਕੇ ਅੰਤਰਰਾਸ਼ਟਰੀ ਬਾਜ਼ਾਰਾਂ 'ਤੇ ਪੂੰਜੀ ਜੁਟਾਉਣ ਦੀ ਇਜਾਜ਼ਤ ਦੇਣਾ।

3. ਨੈਸ਼ਨਲ ਸਟਾਕ ਐਕਸਚੇਂਜ (NSE) ਨੂੰ ਕੰਪਿਊਟਰ-ਅਧਾਰਤ ਵਪਾਰ ਪ੍ਰਣਾਲੀ ਵਜੋਂ ਸਥਾਪਿਤ ਕਰਨਾ ਜੋਕਿ ਭਾਰਤ ਦੇ ਹੋਰ ਸਟਾਕ ਐਕਸਚੇਂਜਾਂ ਦੇ ਸੁਧਾਰਾਂ ਦਾ ਲਾਭ ਉਠਾਉਣ ਲਈ ਇੱਕ ਸਾਧਨ ਵਜੋਂ ਕੰਮ ਕਰਦਾ ਹੈ। NSE 1996 ਤੱਕ ਭਾਰਤ ਦੇ ਸਭ ਤੋਂ ਵੱਡੇ ਐਕਸਚੇਂਜ ਵਜੋਂ ਉਭਰਿਆ।

4. ਦਰਾਂ ਨੂੰ ਔਸਤਨ 85 ਫੀਸਦੀ ਤੋਂ ਘਟਾ ਕੇ 25 ਫੀਸਦੀ ਕਰਨਾ

5. ਸੰਯੁਕਤ ਉੱਦਮਾਂ (joint ventures) ਵਿੱਚ ਵਿਦੇਸ਼ੀ ਪੂੰਜੀ ਦੀ ਹਿੱਸੇਦਾਰੀ ਦੀ ਅਧਿਕਤਮ ਸੀਮਾ ਨੂੰ 40 ਤੋਂ ਵਧਾ ਕੇ 51% ਕਰਨ ਦੇ ਨਾਲ-ਨਾਲ ਵਿਦੇਸ਼ੀ ਇਕੁਇਟੀ ਨੂੰ 100 ਪ੍ਰਤਿਸ਼ਤ ਕਰਕੇ ਸਿੱਧੇ ਨਿਵੇਸ਼ ਨੂੰ ਉਤਸ਼ਾਹਿਤ ਕੀਤਾ।

6. FDI ਪ੍ਰਵਾਨਗੀਆਂ ਲਈ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣਾ।

7. ਵਿਦੇਸ਼ੀ ਭਾਗੀਦਾਰੀ ਲਈ ਸੀਮਾਵਾਂ ਦੇ ਅੰਦਰ ਆਪਣੇ ਆਪ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣਾ।

ਲੁੱਕ ਈਸਟ ਪਾੱਲਿਸੀ:

ਰਾਓ ਨੇ ਲੁੱਕ ਈਸਟ ਵਿਦੇਸ਼ ਨੀਤੀ ਦੀ ਸ਼ੁਰੂਆਤ 1991 ਵਿੱਚ ਕੀਤੀ, ਜਿਸ ਨੇ ਭਾਰਤ ਨੂੰ ASEAN ਨਾਲ ਜੋੜਿਆ। ਇਸਨੇ ਭਾਰਤ ਦੀ ਸਥਿਤੀ ਨੂੰ ਇੱਕ ਖੇਤਰੀ ਸ਼ਕਤੀ ਵਜੋਂ ਸਥਾਪਿਤ ਕਰਨ ਲਈ, ਦੱਖਣ-ਪੂਰਬੀ ਏਸ਼ੀਆ ਦੇ ਦੇਸ਼ਾਂ ਨਾਲ ਵਿਆਪਕ ਆਰਥਿਕ ਅਤੇ ਰਣਨੀਤਕ ਸਬੰਧ ਬਣਾਏ। ਇਸ ਨੀਤੀ ਦੇ ਤਹਿਤ, ਭਾਰਤ ਦੀ ਰਣਨੀਤੀ ਸ਼ੀਤ ਯੁੱਧ-ਯੁੱਗ ਦੀਆਂ ਨੀਤੀਆਂ ਤੋਂ ਆਰਥਿਕ ਉਦਾਰੀਕਰਨ ਅਤੇ ਸਨਮਾਨ ਦੇ ਨਾਲ ਨਜ਼ਦੀਕੀ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਬਣਾਉਣ 'ਤੇ ਕੇਂਦਰਿਤ ਸੀ। ਵਪਾਰ, ਨਿਵੇਸ਼ ਅਤੇ ਉਦਯੋਗਿਕ ਵਿਕਾਸ ਲਈ ਖੇਤਰੀ ਬਾਜ਼ਾਰਾਂ ਦਾ ਵਿਸਥਾਰ; ਇਸ ਨੀਤੀ ਤਹਿਤ ਦੇਖਿਆ ਗਿਆ।

ਰਾਜਨੀਤਿਕ ਟਿੱਪਣੀਕਾਰ ਅਤੇ ਵਿਸ਼ਲੇਸ਼ਕ ਸੰਜੇ ਬਾਰੂ ਨੇ ਕਿਹਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਓ ਨੇ 1991 ਦੇ ਆਰਥਿਕ ਸੁਧਾਰਾਂ ਦੀ ਸ਼ੁਰੂਆਤ ਤੋਂ ਇਲਾਵਾ ਪੰਜਾਬ ਵਿੱਚ ਅੱਤਵਾਦ ਨੂੰ ਖਤਮ ਕਰਨ ਅਤੇ ਜੰਮੂ-ਕਸ਼ਮੀਰ ਦੀਆਂ ਚੋਣਾਂ ਨੂੰ ਸਫਲਤਾਪੂਰਵਕ ਕਰਵਾਉਣ ਵਰਗੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਸਨ, ਪਰ ਕਾਂਗਰਸ ਨੇ ਰਾਵ ਨੂੰ ਕੋਈ ਮਹੱਤਵ ਨਹੀਂ ਦਿੱਤਾ।

ਵੱਡੇ ਫੈਸਲੇ ਲੈ ਕੇ ਦੇਸ਼ ਨੂੰ ਆਰਥਿਕ ਤੌਰ 'ਤੇ ਮਜ਼ਬੂਤ ​​ਕਰਨ ਵਾਲੇ ਰਾਓ ਨੂੰ ਆਪਣੀ ਹੀ ਪਾਰਟੀ ਕਾਂਗਰਸ 'ਚ ਖਾਸ ਤਵੱਜੋ ਨਹੀਂ ਮਿਲੀ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਾਂਗਰਸ ਪਾਰਟੀ ਨੇ ਉਨ੍ਹਾਂ ਤੋਂ ਕਿਨਾਰਾ ਕਰ ਲਿਆ। ਰਾਓ ਨੇ ਖੁਦ 10 ਜਨਪਥ ਜਾਣਾ ਲਗਭਗ ਬੰਦ ਕਰ ਦਿੱਤਾ ਸੀ। 2004 ਵਿੱਚ ਰਾਓ ਦੀ ਮੌਤ ਤੋਂ ਬਾਅਦ, ਉਨ੍ਹਾਂ ਦੀ ਲਾਸ਼ ਨੂੰ ਕਾਂਗਰਸ ਕਮੇਟੀ ਦੇ ਬਾਹਰ ਰੱਖਿਆ ਗਿਆ ਸੀ ਅਤੇ ਅੰਦਰ ਨਹੀਂ ਰੱਖਣ ਦਿੱਤਾ ਗਿਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਕਾਂਗਰਸ ਨੇ ਆਪਣੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਕਦੇ ਰਾਓ ਦਾ ਜ਼ਿਕਰ ਨਹੀਂ ਕੀਤਾ।

ਕਾਂਗਰਸ ਨੇਤਾ ਕੇਵੀ ਥਾਮਸ ਨੇ ਵੀ ਆਪਣੀ ਕਿਤਾਬ ਵਿੱਚ ਇਸ ਦਾ ਜ਼ਿਕਰ ਕੀਤਾ ਹੈ। ਥਾਮਸ ਨੇ ‘ਸੋਨੀਆ – ਦ ਬਿਲਵਡ ਆਫ ਦਿ ਮਾਸੇਸ’ ਨਾਂ ਦੀ ਕਿਤਾਬ ‘ਚ ਲਿਖਿਆ ਹੈ ਕਿ ਸੋਨੀਆ ਅਤੇ ਰਾਓ ਦੇ ਰਿਸ਼ਤੇ ਆਮ ਨਹੀਂ ਸਨ। ਇੱਥੋਂ ਤੱਕ ਕਿ ਰਾਓ ਨੇ ਉਨ੍ਹਾਂ ਨੂੰ ਕਈ ਵਾਰ ਸ਼ਿਕਾਇਤ ਕੀਤੀ ਸੀ ਕਿ ਸੋਨੀਆ ਉਨ੍ਹਾਂ ਦਾ ਅਪਮਾਨ ਕਰਦੀ ਹੈ। ਕਈ ਵਾਰ ਰਾਓ ਨੂੰ 10 ਜਨਪਥ 'ਤੇ ਬੁਲਾਏ ਜਾਣ 'ਤੇ ਲੰਮਾ ਸਮਾਂ ਉਡੀਕ ਕਰਨੀ ਪੈਂਦੀ ਸੀ।

23 ਦਿਸੰਬਰ 2004 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਸੀ।

ਜ਼ਿਕਰਯੋਗ ਹੈ ਕਿ ਫਿਲਮ ਨਿਰਮਾਤਾ ਪ੍ਰਕਾਸ਼ ਝਾਅ ਸਾਬਕਾ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਓ 'ਤੇ ਬਾਇਓਪਿਕ ਸੀਰੀਜ਼ ਬਣਾਉਣ ਜਾ ਰਹੇ ਹਨ। ਪਿਛਲੇ ਸਾਲ ਦਸੰਬਰ 'ਚ ਪ੍ਰਕਾਸ਼ ਝਾਅ ਨੇ ਨਿਰਮਾਤਾ ਆਲੂ ਅਰਾਵਿੰਦ ਨਾਲ ਮਿਲ ਕੇ ਸੀਰੀਜ਼ ਦਾ ਐਲਾਨ ਕੀਤਾ ਸੀ। ਇਹ ਇਤਿਹਾਸਕਾਰ ਵਿਨੈ ਸੀਤਾਪਤੀ ਦੁਆਰਾ ਲਿਖੀ ਕਿਤਾਬ ਹਾਫ ਲਾਇਨ 'ਤੇ ਅਧਾਰਤ ਹੈ। ਐਪਲਾਜ਼ ਐਂਟਰਟੇਨਮੈਂਟ ਅਤੇ ਆਹਾ ਸਟੂਡੀਓ ਨੇ ਮਿਲ ਕੇ ਸੀਰੀਜ਼ ਬਣਾਈ ਹੈ, ਜੋ ਹਿੰਦੀ, ਤੇਲਗੂ ਅਤੇ ਤਾਮਿਲ ਵਿੱਚ ਰਿਲੀਜ਼ ਹੋਵੇਗੀ।

Related Stories

No stories found.
logo
Punjab Today
www.punjabtoday.com