ਅੱਜ ਰਾਸ ਬਿਹਾਰੀ ਬੋਸ ਦਾ ਜਨਮ ਦਿਨ ਹੈ।

ਰਾਸ ਬਿਹਾਰੀ ਬੋਸ ਦਾ ਜਨਮ 25 ਮਈ 1886 ਨੂੰ ਪੁਰਬਾ ਬਰਦਵਾਨ, ਪੱਛਮੀ ਬੰਗਾਲ ਵਿਖੇ ਹੋਇਆ ਸੀ।
ਅੱਜ ਰਾਸ ਬਿਹਾਰੀ ਬੋਸ ਦਾ ਜਨਮ ਦਿਨ ਹੈ।

ਰਾਸ ਬਿਹਾਰੀ ਬੋਸ ਦਾ ਜਨਮ 25 ਮਈ 1886 ਨੂੰ ਪੁਰਬਾ ਬਰਦਵਾਨ, ਪੱਛਮੀ ਬੰਗਾਲ ਵਿਖੇ ਹੋਇਆ ਸੀ। ਬੋਸ ਦੇ ਪਿਤਾ ਦਾ ਨਾਮ ਵਿਨੋਦ ਬਿਹਾਰੀ ਬੋਸ ਸੀ ਅਤੇ ਮਾਤਾ ਭੁਵਨੇਸ਼ਵਰੀ ਦੇਵੀ ਸੀ। ਬੋਸ ਅੰਗਰੇਜ਼ੀ ਹਕੂਮਤ ਦੇ ਸਮੇਂ ਪੈ ਰਹੇ ਅਕਾਲ ਅਤੇ ਬਿਮਾਰੀਆਂ ਦੇ ਸਮੇਂ ਵੱਡੇ ਹੋਏ ਜਿਸ ਕਾਰਨ ਉਨ੍ਹਾਂ ਦੀ ਅੰਗਰੇਜ਼ੀ ਹਕੂਮਤ ਖ਼ਿਲਾਫ਼ ਨਫ਼ਰਤ ਹੋਰ ਵੱਧਦੀ ਗਈ।

ਰਾਸ ਬਿਹਾਰੀ ਬੋਸ ਨੇ ਆਪਣੀ ਮੁੱਢਲੀ ਸਿੱਖਿਆ ਆਪਣੇ ਦਾਦਾ ਕਾਲੀਚਰਨ ਬੋਸ ਦੀ ਦੇਖ ਰੇਖ ਹੇਠ ਇੱਕ ਪਿੰਡ ਦੀ ਪਾਠਸ਼ਾਲਾ ਵਿੱਚ ਹੀ ਕੀਤੀ। ਇਸ ਤੋਂ ਬਾਅਦ ਰਾਸ ਬਿਹਾਰੀ ਬੋਸ ਨੇ ਆਪਣੀ ਉਚੇਰੀ ਵਿੱਦਿਆ ਡੁਪਲੇ ਕਾਲਜ ਤੋਂ ਕੀਤੀ ਜਿੱਥੇ ਉਸ ਕਾਲਜ ਦੇ ਪ੍ਰਿੰਸੀਪਲ ਚਾਰੂ ਚੰਦਰਾ ਰਾਏ ਨੇ ਰਾਸ ਬਿਹਾਰੀ ਨੂੰ ਕ੍ਰਾਂਤੀਕਾਰੀ ਰਾਜਨੀਤੀ ਲਈ ਪ੍ਰੇਰਿਆ। ਇਸ ਤੋਂ ਬਾਅਦ ਬੋਸ ਨੇ ਮਾਰਟਨ ਸਕੂਲ ਕਲਕੱਤੇ ਦਾਖਲਾ ਲਿਆ।ਬੋਸ ਨੇ ਮੈਡੀਕਲ ਸਿੱਖਿਆ ਅਤੇ ਇੰਜਨੀਅਰਿੰਗ ਵੀ ਫਰਾਂਸ ਅਤੇ ਜਰਮਨੀ ਤੋਂ ਕੀਤੀ।

ਬਚਪਨ ਤੋਂ ਹੀ ਬੋਸ ਕ੍ਰਾਂਤੀਕਾਰੀ ਸੋਚ ਦਾ ਧਾਰਨੀ ਸੀ। ਅਲੀਪੁਰ ਬੰਬ ਕੇਸ ਦੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਬੰਗਾਲ ਛੱਡ ਦਿੱਤਾ। ਬਾਅਦ ਵਿੱਚ ਉਹ ਬਤੌਰ ਕਲਰਕ ਦੇਹਰਾਦੂਨ ਦੇ ਫਾਰੈਸਟ ਰਿਸਰਚ ਇੰਸਟੀਚਿਊਟ ਵਿੱਚ ਕੰਮ ਕਰਨ ਲੱਗੇ ਜਿੱਥੇ ਉਨ੍ਹਾਂ ਦੀ ਮੁਲਾਕਾਤ ਅਮਰਜੀਤ ਚੈਟਰਜੀ ਅਤੇ ਜਤਿਨ ਮੁਖਰਜੀ ਨਾਲ ਹੋਈ। ਅਮਰਜੀਤ ਚੰਦਰ ਜੀ ਯੁਗਾਂਤਰ ਸੰਸਥਾ ਦੇ ਨਾਲ ਜੁੜੇ ਹੋਏ ਸਨ। ਇਹ ਬੰਗਾਲ ਦੇ ਵਿੱਚ ਕ੍ਰਾਂਤੀਕਾਰੀ ਗਤੀਵਿਧੀਆਂ ਲਈ ਇਕੱਠੇ ਹੋ ਗਏ।

1912 ਵਿੱਚ ਭਾਰਤ ਦੇ ਵਾਇਸਰਾਏ ਲਾਰਡ ਹਾਰਡਿੰਗ ਦੀ ਹੱਤਿਆ ਕਰਨ ਦੀ ਕੋਸ਼ਿਸ਼ ਤੋਂ ਬਾਅਦ ਰਾਸ ਬਿਹਾਰੀ ਬੋਸ ਰੂਪੋਸ਼ ਹੋ ਗਏ ਸਨ। ਇਸ ਹੱਤਿਆ ਦੀ ਕੋਸ਼ਿਸ਼ ਉਸ ਸਮੇਂ ਕੀਤੀ ਗਈ ਸੀ ਜਦੋਂ ਲਾਰਡ ਹਾਰਡਿੰਗ ਨਵੀਂ ਬਣੀ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ।

ਪਹਿਲੀ ਵਿਸ਼ਵ ਜੰਗ ਦੌਰਾਨ ਰਾਸ ਬਿਹਾਰੀ ਬੋਸ ਗ਼ਦਰ ਦੇ ਲੀਡਰਾਂ ਨਾਲ ਮਿਲੇ ਅਤੇ ਗਦਰ ਕ੍ਰਾਂਤੀ ਦੇ ਵਿੱਚ ਜੁੜ ਗਏ। ਪਰ ਗ਼ਦਰ ਕ੍ਰਾਂਤੀ ਦੇ ਵਿੱਚ ਕਈ ਪੁਲੀਸ ਦੇ ਸੂਹੀਏ ਹੋਣ ਕਾਰਨ ਉਨ੍ਹਾਂ ਦਾ ਇਹ ਪਲਾਨ ਫੇਲ ਹੋ ਗਿਆ ਅਤੇ ਪੁਲਸ ਵੱਲੋਂ ਬਹੁਤ ਸਾਰੇ ਗ਼ਦਰ ਲੀਡਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਰ ਰਾਸ ਬਿਹਾਰੀ ਬੋਸ ਇਸ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਏ ਅਤੇ 1915 ਵਿੱਚ ਜਾਪਾਨ ਪਹੁੰਚ ਗਏ। ਬੋਸ ਨੇ ਜਾਪਾਨ ਜਾਣ ਸਮੇਂ ਆਪਣਾ ਨਾਮ ਪ੍ਰਿਆ ਨਾਥ ਠਾਕੁਰ ਰੱਖਿਆ ਸੀ। ਜਾਪਾਨ ਦੇ ਵਿੱਚ ਬੋਸ ਨੇ ਜਾਪਾਨੀ ਕੁੜੀ ਨਾਲ ਵਿਆਹ ਕਰਵਾ ਲਿਆ ਅਤੇ ਜਾਪਾਨੀ ਨਾਗਰਿਕ ਬਣ ਗਏ।

ਉਸ ਨੇ ਟੋਕੀਓ ਦੇ ਵਿੱਚ ਇੱਕ ਕਾਨਫ਼ਰੰਸ ਕਰਵਾਈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਇੱਥੇ ਇੰਡੀਅਨ ਇੰਡੀਪੈਂਡੈਂਸ ਲੀਗ ਬਣਾਈ ਜਾਵੇਗੀ। ਇਸ ਤੋਂ ਬਾਅਦ ਰਾਸ ਬਿਹਾਰੀ ਬੋਸ ਨੇ ਸੁਭਾਸ਼ ਚੰਦਰ ਬੋਸ ਨੂੰ ਵੀ ਇਸ ਲੀਗ ਦਾ ਮੈਂਬਰ ਬਣਨ ਲਈ ਸੰਦੇਸ਼ ਭੇਜਿਆ ਅਤੇ ਬਾਅਦ ਵਿੱਚ ਇਸ ਲੀਗ ਦੇ ਪ੍ਰਧਾਨ ਲਈ ਵੀ ਸੁਭਾਸ਼ ਚੰਦਰ ਬੋਸ ਦਾ ਨਾਮ ਘੋਸ਼ਿਤ ਕੀਤਾ।

ਭਾਰਤੀ ਕੈਦੀ ਜਿਨ੍ਹਾਂ ਨੂੰ ਜਾਪਾਨ ਨੇ ਪਹਿਲਾਂ ਬੰਦੀ ਬਣਾਇਆ ਹੋਇਆ ਸੀ, ਰਾਸ ਬਿਹਾਰੀ ਬੋਸ ਵੱਲੋਂ ਇੰਡੀਅਨ ਇੰਡੀਪੈਂਡੈਂਸ ਲੀਗ ਦੇ ਮੈਂਬਰ ਬਣਨ ਦਾ ਸੱਦਾ ਦਿੱਤਾ ਗਿਆ ਅਤੇ ਬਾਅਦ ਵਿੱਚ ਇਹੀ ਲੋਕ ਇੰਡੀਅਨ ਨੈਸ਼ਨਲ ਆਰਮੀ ਦੇ ਸੈਨਿਕ ਬਣੇ। ਰਾਸ ਬਿਹਾਰੀ ਬੋਸ ਦੀ ਮੌਤ ਤੋਂ ਪਹਿਲਾਂ ਜਾਪਾਨੀ ਸਰਕਾਰ ਨੇ ਆਰਡਰ ਆਫ ਦਿ ਰਾਈਜ਼ਿੰਗ ਸਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ।

ਰਾਸ ਬਿਹਾਰੀ ਬੋਸ ਦੀ ਟੀਬੀ ਦੀ ਬਿਮਾਰੀ ਕਾਰਨ 21 ਜਨਵਰੀ 1945 ਨੂੰ ਜਾਪਾਨ ਵਿਖੇ ਹੀ ਮੌਤ ਹੋ ਗਈ ਸੀ। ਅੱਜ ਇਸ ਆਜ਼ਾਦੀ ਦੀ ਲੜਾਈ ਲੜਨ ਵਾਲੇ ਮਹਾਨ ਸੁਤੰਤਰਤਾ ਸੈਨਾਨੀ ਦੇ ਜਨਮਦਿਨ ਤੇ ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਣ ਕਰਦੇ ਹਾਂ।

Related Stories

No stories found.
logo
Punjab Today
www.punjabtoday.com