ਪੰਜਾਬੀ ਦੇ ਹਰਮਨ ਪਿਆਰੇ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਅੱਜ 6 ਮਈ ਨੂੰ ਬਰਸੀ ਹੈ। ਸ਼ਿਵ ਕੁਮਾਰ ਬਟਾਲਵੀ ਦਾ ਜਨਮ 8 ਅਕਤੂਬਰ 1937 ਨੂੰ ਪਾਕਿਸਤਾਨ ਦੇ ਬਾਰਾਪਿੰਡ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਪੰਡਤ ਕ੍ਰਿਸ਼ਨ ਗੋਪਾਲ ਸ਼ਰਮਾ ਸੀ ਜੋ ਉਸ ਸਮੇਂ ਦੇ ਰੈਵੇਨਿਊ ਡਿਪਾਰਟਮੈਂਟ ਵਿੱਚ ਤਹਿਸੀਲਦਾਰ ਸਨ ਅਤੇ ਮਾਤਾ ਦਾ ਨਾਮ ਸ਼ਾਂਤੀ ਦੇਵੀ ਸੀ।
1947 ਵਿੱਚ ਵੰਡ ਤੋਂ ਬਾਅਦ ਪਰਿਵਾਰ ਬਟਾਲੇ ਵਿਖੇ ਆ ਕੇ ਰਹਿਣ ਲੱਗਿਆ ਜਿੱਥੇ ਉਹਨਾਂ ਦੇ ਪਿਤਾ ਨੇ ਪਟਵਾਰੀ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਸ਼ਿਵ ਕੁਮਾਰ ਨੇ ਆਪਣੀ ਮੁੱਢਲੀ ਵਿੱਦਿਆ ਗੁਰਦਾਸਪੁਰ ਤੋਂ ਹੀ ਪੂਰੀ ਕੀਤੀ। ਉਨ੍ਹਾਂ ਨੇ ਆਪਣੀ ਮੈਟ੍ਰੀਕੁਲੇਸ਼ਨ 1953 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਪੂਰੀ ਕੀਤੀ ਅਤੇ ਬਾਅਦ ਵਿਚ ਗਰੈਜੂਏਸ਼ਨ ਐਸ.ਐਨ ਕਾਲਜ ਕਾਦੀਆਂ ਤੋਂ ਕੀਤੀ।
ਆਰਟਸ ਦੀ ਡਿਗਰੀ ਵਿਚਾਲੇ ਛੱਡ ਕੇ ਉਹ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕਰਨ ਲਈ ਬੈਜਨਾਥ ਹਿਮਾਚਲ ਪ੍ਰਦੇਸ਼ ਵਿਖੇ ਚਲੇ ਗਏ। ਕੁਝ ਸਮਾਂ ਸ਼ਿਵ ਕੁਮਾਰ ਨੇ ਗੌਰਮਿੰਟ ਰਿਪੁਦਮਨ ਕਾਲਜ ਨਾਭਾ ਵਿਖੇ ਵੀ ਪੜ੍ਹਾਈ ਕੀਤੀ।
ਬਚਪਨ ਵਿੱਚ ਸ਼ਿਵ ਕੁਮਾਰ ਆਪਣੇ ਹੀ ਸੁਪਨਿਆਂ ਦੇ ਸੰਸਾਰ ਵਿੱਚ ਰਹਿੰਦੇ ਸੀ। ਕਿਹਾ ਜਾਂਦਾ ਹੈ ਕਿ ਆਮ ਤੌਰ ਤੇ ਸ਼ਿਵ ਕੁਮਾਰ ਬਟਾਲੇ ਵਿਖੇ ਵਗ ਰਹੀ ਨਦੀ ਦੇ ਕੋਲੇ ਦਰੱਖਤਾਂ ਹੇਠ ਬੈਠਿਆ ਕਰਦੇ ਸੀ। ਕਈ ਲਿਖਾਰੀ ਅਤੇ ਸਾਹਿਤਕਾਰ ਸ਼ਿਵ ਕੁਮਾਰ ਦੀ ਤੁਲਨਾ ਅੰਗਰੇਜ਼ੀ ਦੇ ਮਸ਼ਹੂਰ ਕਵੀ ਜੌਹਨ ਕੀਟਸ ਨਾਲ ਕਰਦੇ ਹਨ। ਇੱਕ ਵਾਰ ਸ਼ਿਵ ਕੁਮਾਰ ਨੂੰ ਬੈਜਨਾਥ ਦੇ ਮੇਲੇ ਵਿੱਚ ਇੱਕ ਮੈਨਾ ਨਾਮ ਦੀ ਕੁੜੀ ਮਿਲੀ। ਜਦੋਂ ਉਹ ਮੈਨਾ ਨੂੰ ਲੱਭਣ ਲਈ ਉਸ ਦੇ ਪਿੰਡ ਗਏ ਤਾਂ ਉਹਨਾਂ ਨੇ ਮੈਨਾ ਦੀ ਮੌਤ ਦੀ ਖਬਰ ਸੁਣ ਕੇ ਮੈਨਾ ਨਾਮ ਦੀ ਕਵਿਤਾ ਲਿਖੀ ਜੋ ਬਹੁਤ ਮਸ਼ਹੂਰ ਹੋਈ।
ਸ਼ਿਵ ਕੁਮਾਰ ਨੂੰ ਇਕ ਮਸ਼ਹੂਰ ਕਵੀ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਬੇਟੀ ਨਾਲ ਵੀ ਪਿਆਰ ਹੋਇਆ ਪਰ ਉਸ ਦੇ ਕਿਸੇ ਹੋਰ ਨਾਲ ਵਿਆਹ ਕਰਾ ਕੇ ਅਮਰੀਕਾ ਜਾਣ ਤੋਂ ਬਾਅਦ ਸ਼ਿਵ ਕੁਮਾਰ ਨੇ, ਮੈਂ ਇੱਕ ਸ਼ਿਕਰਾ ਯਾਰ ਬਣਾਇਆ ਨਾਮ ਦੀ ਕਵਿਤਾ ਲਿਖੀ। ਇਹ ਕਵਿਤਾ ਇੰਨੀ ਜ਼ਿਆਦਾ ਮਸ਼ਹੂਰ ਹੋਈ ਕਿ ਇਸਨੂੰ ਬਾਲੀਵੁੱਡ ਦੇ ਵਿਚ ਵੀ ਜਗਜੀਤ ਸਿੰਘ ਵਰਗਿਆਂ ਵੱਲੋਂ ਗਾਇਆ ਗਿਆ। ਸ਼ਿਵ ਕੁਮਾਰ ਦੀਆਂ ਬਹੁਤ ਸਾਰੀਆਂ ਰਚਨਾਵਾਂ ਨੂੰ ਨੁਸਰਤ ਫ਼ਤਿਹ ਅਲੀ ਖ਼ਾਨ, ਗੁਲਾਮ ਅਲੀ, ਜਗਜੀਤ ਸਿੰਘ, ਹੰਸ ਰਾਜ ਹੰਸ ਅਤੇ ਕਈ ਹੋਰ ਗਾਇਕਾਂ ਵੱਲੋਂ ਗਾਇਆ ਗਿਆ ਹੈ।
ਸ਼ਿਵ ਕੁਮਾਰ ਦੀ ਰਚਨਾ "ਇੱਕ ਕੁੜੀ ਜਿਸ ਦਾ ਨਾਂ ਮੁਹੱਬਤ, ਗੁੰਮ ਹੈ" ਨੂੰ ਨਵੇਂ ਸਮੇਂ ਦੀ ਬਾਲੀਵੁੱਡ ਮੂਵੀ ਉੜਤਾ ਪੰਜਾਬ ਦੇ ਵਿੱਚ ਵੀ ਗਾਇਆ ਗਿਆ ਹੈ। ਸ਼ਿਵ ਕੁਮਾਰ ਦੀ ਕਵਿਤਾਵਾਂ ਦੀ ਪਹਿਲੀ ਕਿਤਾਬ ਦਾ ਨਾਮ ਪੀੜਾਂ ਦਾ ਪਰਾਗਾ ਸੀ ਜੋ ਬਾਜ਼ਾਰ ਵਿੱਚ ਆਉਂਦੇ ਸਾਰ ਹੀ ਹਿੱਟ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਲਾਜਵੰਤੀ, ਆਟੇ ਦੀਆਂ ਚਿੜੀ, ਮੈਨੂੰ ਵਿਦਾ ਕਰੋ, ਦਰਦਮੰਦਾਂ ਦੀਆਂ ਆਹੀਂ, ਬਿਰਹਾ ਤੂੰ ਸੁਲਤਾਨ, ਲੂਣਾ, ਮੈਂ ਤੇ ਮੈਂ, ਆਰਤੀ, ਸਮੁੱਚੀ ਕਵਿਤਾ ਨਾਮਕ ਕਿਤਾਬਾਂ ਲਿਖੀਆਂ। ਇਹ ਸਾਰੀਆਂ ਰਚਨਾਵਾਂ ਹੀ ਲੋਕਾਂ ਨੂੰ ਬਹੁਤ ਪਸੰਦ ਆਈਆਂ।
5 ਫਰਵਰੀ 1967 ਨੂੰ ਸ਼ਿਵ ਕੁਮਾਰ ਦਾ ਵਿਆਹ ਅਰੁਣਾ ਨਾਲ ਹੋਇਆ ਅਤੇ ਦੋ ਬੱਚੇ ਹੋਏ ਜਿਨ੍ਹਾਂ ਦਾ ਨਾਮ ਮਿਹਰਬਾਨ ਅਤੇ ਪੂਜਾ ਹੈ। ਸ਼ਿਵ ਕੁਮਾਰ ਬਟਾਲਵੀ ਸਾਹਿਤ ਅਕੈਡਮੀ ਐਵਾਰਡ ਜਿੱਤਣ ਵਾਲੇ ਸਭ ਤੋਂ ਛੋਟੀ ਉਮਰ ਦੇ ਲਿਖਾਰੀ ਹਨ। ਉਨ੍ਹਾਂ ਨੂੰ ਇਹ ਐਵਾਰਡ 1967 ਦੇ ਵਿਚ ਇਕ ਨਾਟਕ ਲੂਣਾ ਦੇ ਲਈ ਮਿਲਿਆ।
1968 ਵਿੱਚ ਸ਼ਿਵ ਕੁਮਾਰ ਬਟਾਲਵੀ ਚੰਡੀਗਡ਼੍ਹ ਵਿਖੇ ਰਹਿਣ ਲੱਗ ਪਏ ਜਿੱਥੇ ਉਨ੍ਹਾਂ ਨੇ ਸਟੇਟ ਬੈਂਕ ਆਫ ਇੰਡੀਆ ਜੁਆਇਨ ਕਰ ਲਿਆ ਅਤੇ ਨਾਲ-ਨਾਲ ਹੀ ਲਿਖਾਰੀ ਵਜੋਂ ਵੀ ਕੰਮ ਕਰਦੇ ਰਹੇ। ਇੱਥੇ ਉਨ੍ਹਾਂ ਦੀ ਸਿਹਤ ਵਿਗੜਦੀ ਰਹੀ। ਸ਼ਿਵ ਕੁਮਾਰ ਬਟਾਲਵੀ ਨੂੰ ਇੰਗਲੈਂਡ ਵਿਖੇ ਇਕ ਪ੍ਰੋਗਰਾਮ ਲਈ ਬੁਲਾਇਆ ਗਿਆ ਜਿੱਥੇ ਬਹੁਤ ਵੱਡੇ-ਵੱਡੇ ਲੋਕ ਸ਼ਿਵ ਕੁਮਾਰ ਨੂੰ ਦੇਖਣ ਲਈ ਪਹੁੰਚੇ। ਉੱਥੇ ਉਨ੍ਹਾਂ ਦਾ ਸ਼ਰਾਬ ਦਾ ਸੇਵਨ ਜ਼ਿਆਦਾ ਵੱਧ ਗਿਆ ਜਿਸ ਕਰਕੇ ਉਨ੍ਹਾਂ ਦੀ ਤਬੀਅਤ ਹੋਰ ਖਰਾਬ ਹੁੰਦੀ ਗਈ। ਸਿਹਤ ਠੀਕ ਨਾ ਹੋਣ ਕਾਰਨ ਛੋਟੀ ਉਮਰ ਵਿੱਚ ਹੀ 6 ਮਈ 1973 ਨੂੰ ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਹ ਲਏ।
ਕਿਹਾ ਜਾਂਦਾ ਹੈ ਕਿ ਜੇ ਸ਼ਿਵ ਕੁਮਾਰ ਅੱਜ ਦੇ ਸਮੇਂ ਵਿੱਚ ਹੁੰਦੇ ਤਾਂ ਉਹ ਭਾਰਤ ਦੇ ਸਭ ਤੋਂ ਮਹਿੰਗੇ ਲਿਖਾਰੀਆਂ ਵਿੱਚੋਂ ਇੱਕ ਹੋਣੇ ਸਨ। ਉਨ੍ਹਾਂ ਦੀਆਂ ਲਿਖਤਾਂ ਨੂੰ ਅੱਜ ਵੀ ਬਹੁਤ ਪਿਆਰ ਦਿੱਤਾ ਜਾਂਦਾ ਹੈ ਅਤੇ ਅੱਜ ਵੀ ਬਾਲੀਵੁੱਡ ਅਤੇ ਪੰਜਾਬੀ ਦੀਆਂ ਕਈ ਫ਼ਿਲਮਾਂ ਵਿੱਚ ਗਾਇਆ ਜਾਂਦਾ ਹੈ।
ਅੱਜ ਉਨ੍ਹਾਂ ਦੀ ਬਰਸੀ ਦੇ ਮੌਕੇ ਪੰਜਾਬ ਟੂਡੇ ਗਰੁੱਪ ਸ਼ਿਵ ਕੁਮਾਰ ਬਟਾਲਵੀ ਨੂੰ ਸਿਜਦਾ ਕਰਦਾ ਹੈ।