ਅੱਜ ਦੇ ਦਿਨ ਸ਼ੁਰੂ ਹੋਈ ਸੀ 1857 ਦੀ ਬਗ਼ਾਵਤ

1857 ਵਿੱਚ ਅੰਗਰੇਜ਼ੀ ਹਕੂਮਤ ਦੇ ਖ਼ਿਲਾਫ਼ ਅੱਜ ਦੇ ਦਿਨ ਯਾਨੀ ਕਿ 10 ਮਈ 1857 ਨੂੰ ਬਗ਼ਾਵਤ ਪੂਰਨ ਰੂਪ ਵਿੱਚ ਸ਼ੁਰੂ ਹੋ ਗਈ ਸੀ।
ਅੱਜ ਦੇ ਦਿਨ ਸ਼ੁਰੂ ਹੋਈ ਸੀ 1857 ਦੀ ਬਗ਼ਾਵਤ

ਵਪਾਰੀਆਂ ਦੇ ਰੂਪ ਵਿੱਚ ਭਾਰਤ ਆਏ ਅੰਗਰੇਜ਼ਾਂ ਨੇ ਜਿਸ ਤਰੀਕੇ ਨਾਲ ਭਾਰਤ ਉੱਤੇ ਆਪਣਾ ਕਬਜ਼ਾ ਜਮਾ ਲਿਆ ਸੀ, ਤਾਂ ਉਸ ਸਮੇਂ ਹਰ ਵਰਗ ਨੇ ਆਪਣੇ ਤਰੀਕੇ ਨਾਲ ਅੰਗਰੇਜ਼ਾਂ ਦਾ ਵਿਰੋਧ ਕੀਤਾ ਸੀ। ਇਹ ਵਿਰੋਧ ਹੌਲੀ-ਹੌਲੀ ਵਧਦਾ ਹੋਇਆ ਬਗਾਵਤ ਦਾ ਰੂਪ ਧਾਰਨ ਕਰ ਗਿਆ ਅਤੇ 1857 ਦੇ ਵਿੱਚ ਅੰਗਰੇਜ਼ਾਂ ਖਿਲਾਫ ਬਗ਼ਾਵਤ ਕਰ ਦਿੱਤੀ ਗਈ।

ਬਹੁਤ ਸਾਰੇ ਇਤਿਹਾਸਕਾਰ ਜਿਵੇਂ ਕਿ ਵੀਰ ਸਾਵਰਕਰ ਇਸਨੂੰ ਆਜ਼ਾਦੀ ਦੀ ਪਹਿਲੀ ਜੰਗ ਆਖਦੇ ਹਨ ਅਤੇ ਕਈ ਇਤਿਹਾਸਕਾਰ ਇਸ ਨੂੰ ਬਗਾਵਤ ਜਾਂ ਗ਼ਦਰ ਕਹਿੰਦੇ ਹਨ। ਇਸ ਬਗਾਵਤ ਦੀ ਪਹਿਲੀ ਚਿੰਗਾੜੀ ਬੰਗਾਲ ਦੇ ਵਿੱਚ ਭੜਕੀ ਜਦੋਂ ਅੰਗਰੇਜ਼ੀ ਸਰਕਾਰ ਨੇ ਦਸੰਬਰ 1856 ਵਿੱਚ ਪੁਰਾਣੀਆਂ ਬੰਦੂਕਾਂ ਦੀ ਜਗ੍ਹਾ ਨਵੀਆਂ ਰਾਈਫਲਾਂ ਦਾ ਪ੍ਰਯੋਗ ਕਰਨਾ ਸ਼ੁਰੂ ਕੀਤਾ।

ਇਨ੍ਹਾਂ ਰਾਈਫਲਾਂ ਦੇ ਕਾਰਤੂਸ ਤੇ ਲੱਗੇ ਕਾਗਜ਼ ਨੂੰ ਮੂੰਹ ਨਾਲ ਕੱਟਣਾ ਪੈਂਦਾ ਸੀ ਅਤੇ ਇਹ ਕਾਰਤੂਸ ਗਾਂ ਅਤੇ ਸੂਰ ਦੀ ਚਰਬੀ ਤੋਂ ਬਣੇ ਸਨ। ਜਦੋਂ ਬੰਗਾਲ ਦੀ ਸੈਨਾ ਵਿੱਚ ਕੰਮ ਕਰ ਰਹੇ ਸੈਨਿਕਾਂ ਨੂੰ ਇਹ ਪਤਾ ਲੱਗਿਆ ਕਿ ਇਸ ਉੱਤੇ ਗਾਂ ਤੇ ਸੂਰ ਦੀ ਚਰਬੀ ਲੱਗੀ ਹੋਈ ਹੈ ਤਾਂ ਉਨ੍ਹਾਂ ਨੇ ਇਸ ਚੀਜ਼ ਨੂੰ ਵਰਤਣ ਤੋਂ ਮਨ੍ਹਾ ਕਰ ਦਿੱਤਾ ਕਿਉਂਕਿ ਹਿੰਦੂ ਧਰਮ ਅਨੁਸਾਰ ਗਊ ਅਤੇ ਮੁਸਲਿਮ ਧਰਮ ਅਨੁਸਾਰ ਸੂਰ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਇਸ ਕਾਰਨ ਉਨ੍ਹਾਂ ਨੇ ਇਹਨਾਂ ਕਾਰਤੂਸਾਂ ਦੇ ਖ਼ਿਲਾਫ਼ ਵਿਰੋਧ ਸ਼ੁਰੂ ਕਰ ਦਿੱਤਾ।

ਇਸ ਤੋਂ ਬਾਅਦ ਬੰਗਾਲ ਦੀ ਹੀ ਇਕ ਸੈਨਾ ਦੇ ਸੈਨਿਕ ਮੰਗਲ ਪਾਂਡੇ ਨੇ ਅੰਗਰੇਜ਼ੀ ਅਫ਼ਸਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਿਸ ਕਾਰਨ ਮੰਗਲ ਪਾਂਡੇ ਨੂੰ ਫਾਂਸੀ ਦੇ ਦਿੱਤੀ ਗਈ। ਬਗ਼ਾਵਤ ਦੇ ਇਸ ਕਾਰਨ ਤੋਂ ਇਲਾਵਾ ਹੋਰ ਵੀ ਕਈ ਕਾਰਨ ਸਨ। ਇਨ੍ਹਾਂ ਕਾਰਨਾਂ ਵਿੱਚ ਮੁੱਖ ਤੌਰ ਤੇ ਉਸ ਸਮੇਂ ਦੇ ਗਵਰਨਰ ਜਨਰਲ ਆੱਫ ਇੰਡੀਆ, ਲਾਰਡ ਡਲਹੌਜ਼ੀ ਦੀਆਂ ਭਾਰਤੀਆਂ ਪ੍ਰਤੀ ਗਲਤ ਪਾੱਲਿਸੀਆਂ ਸੀ।

ਲਾਰਡ ਡਲਹੌਜ਼ੀ ਨੇ ਕੁਝ ਅਜਿਹੇ ਕਾਨੂੰਨ ਬਣਾਏ ਜੋ ਭਾਰਤੀਆਂ ਅਤੇ ਭਾਰਤੀ ਰਾਜਿਆਂ ਦੇ ਖ਼ਿਲਾਫ਼ ਸਨ। ਇਨ੍ਹਾਂ ਕਾਨੂੰਨਾਂ ਵਿੱਚ ਇੱਕ ਕਾਨੂੰਨ ਇਹ ਵੀ ਬਣਾਇਆ ਗਿਆ ਕਿ ਕੋਈ ਵੀ ਰਾਜਾ ਆਪਣੇ ਗੋਦ ਲਏ ਪੁੱਤਰ ਨੂੰ ਗੱਦੀ ਤੇ ਨਹੀਂ ਬਿਠਾ ਸਕਦਾ। ਇਸ ਕਾਰਨ ਝਾਂਸੀ ਦੀ ਰਾਣੀ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਸੀ ਅਤੇ ਝਾਂਸੀ ਦੀ ਰਾਣੀ ਵੀ ਬਗ਼ਾਵਤ ਦਾ ਹਿੱਸਾ ਬਣੀ ਸੀ। ਇਸ ਤੋਂ ਇਲਾਵਾ ਲਾਰਡ ਡਲਹੌਜ਼ੀ ਵੱਲੋਂ ਸੈਨਿਕਾਂ ਵੱਲੋਂ ਭੇਜੇ ਜਾ ਰਹੇ ਆਪਣੇ ਪਰਿਵਾਰਾਂ ਨੂੰ ਖ਼ਤ ਉੱਤੇ ਵੀ ਟੈਕਸ ਲਗਾ ਦਿੱਤਾ ਗਿਆ ਜਿਸਦਾ ਸੈਨਿਕਾਂ ਨੇ ਵਿਰੋਧ ਕੀਤਾ। ਹੋਰ ਵੀ ਕਈ ਕਾਨੂੰਨ ਅਜਿਹੇ ਪਾਸ ਕੀਤੇ ਗਏ ਜੋ ਭਾਰਤੀਆਂ ਦੇ ਖ਼ਿਲਾਫ਼ ਸਨ।

ਇਨ੍ਹਾਂ ਕਾਨੂੰਨਾਂ ਦੇ ਕਾਰਨ ਅੱਜ ਦੇ ਦਿਨ 10 ਮਈ 1857 ਨੂੰ ਪੂਰੇ ਉੱਤਰ ਹਿੱਸੇ ਦੇ ਵਿੱਚ ਬਗ਼ਾਵਤ ਸ਼ੁਰੂ ਹੋ ਗਈ। ਸ਼ੁਰੂਆਤ ਵਿੱਚ ਸੈਨਿਕਾਂ ਦੇ ਵਿਰੋਧ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਪੂਰੀ ਬਗ਼ਾਵਤ ਦਾ ਰੂਪ ਧਾਰਨ ਕਰ ਗਿਆ। ਇਸ ਬਗ਼ਾਵਤ ਵਿਚ ਸੈਨਿਕਾਂ, ਰਾਜਿਆਂ ਤੋਂ ਇਲਾਵਾ ਕਿਸਾਨਾਂ ਅਤੇ ਮਜ਼ਦੂਰਾਂ ਨੇ ਵੀ ਹਿੱਸਾ ਲਿਆ।

ਰਾਣੀ ਲਕਸ਼ਮੀਬਾਈ ਨੇ ਝਾਂਸੀ ਦੇ ਹਿੱਸੇ ਵਿੱਚ ਬਗ਼ਾਵਤ ਨੂੰ ਲੀਡ ਕੀਤਾ। ਨਾਨਾ ਸਾਹਿਬ ਅਤੇ ਤਾਂਤਿਆ ਟੋਪੇ ਨੇ ਕਾਨਪੁਰ ਦੇ ਹਿੱਸੇ ਵਿੱਚ ਬਗ਼ਾਵਤ ਦੀ ਕਮਾਨ ਸੰਭਾਲੀ। ਬੇਗਮ ਹਜ਼ਰਤ ਮਹਿਲ ਨੇ ਆਪਣੇ ਪੁੱਤਰ ਨਾਲ ਅਵਧ ਦੇ ਹਿੱਸੇ ਵਿੱਚ ਬਗ਼ਾਵਤ ਦੀ ਕਮਾਨ ਸੰਭਾਲੀ। ਮੌਲਵੀ ਅਹਿਮਦੁੱਲਾਹ ਨੇ ਫਿਰੋਜ਼ਾਬਾਦ ਦੇ ਇਲਾਕਿਆਂ ਵਿਚ ਬਗ਼ਾਵਤ ਕੀਤੀ। ਸਾਰਿਆਂ ਨੇ ਰਲ ਕੇ ਬਹਾਦਰ ਸ਼ਾਹ ਦੂਜੇ ਨੂੰ ਭਾਰਤ ਦਾ ਰਾਜਾ ਘੋਸ਼ਿਤ ਕੀਤਾ ਅਤੇ ਬਗ਼ਾਵਤ ਹੋਰ ਤੇਜ਼ ਕਰ ਦਿੱਤੀ। ਪਰ ਕੁਝ ਅਜਿਹੇ ਵੀ ਲੋਕ ਸਨ ਜੋ ਅੰਗਰੇਜ਼ਾਂ ਦੀਆਂ ਪਾਲਿਸੀਆਂ ਤੋਂ ਖ਼ੁਸ਼ ਸਨ। ਇਨ੍ਹਾਂ ਵਿਚ ਮੁੱਖ ਤੌਰ ਤੇ ਅਮੀਰ ਆੜ੍ਹਤੀਏ ਸਨ ਕਿਉਂਕਿ ਅੰਗਰੇਜ਼ਾਂ ਦੀਆਂ ਪਾਲਿਸੀਆਂ ਨਾਲ ਆੜ੍ਹਤੀ ਅਮੀਰ ਹੋ ਗਿਆ ਸੀ ਅਤੇ ਕਿਸਾਨ ਗ਼ਰੀਬ ਹੋ ਗਿਆ ਸੀ। ਇਸ ਤੋਂ ਇਲਾਵਾ ਕਈ ਰਾਜ ਘਰਾਣੇ ਅਜਿਹੇ ਵੀ ਸਨ ਜਿਨ੍ਹਾਂ ਨੇ ਇਸ ਬਗ਼ਾਵਤ ਨੂੰ ਦੱਬਣ ਦੀ ਕੋਸ਼ਿਸ਼ ਕੀਤੀ।

ਇਤਿਹਾਸਕਾਰ ਇਹ ਵੀ ਕਹਿੰਦੇ ਹਨ ਕਿ ਬਗ਼ਾਵਤ ਤੋਂ ਚਾਰ ਸਾਲ ਪਹਿਲਾਂ ਹੀ ਭਾਰਤ ਦੇ ਵਿੱਚ ਅੰਗਰੇਜ਼ਾਂ ਵੱਲੋਂ ਸਥਾਪਿਤ ਕੀਤਾ ਗਿਆ ਰੇਲਵੇ ਨੈੱਟਵਰਕ ਵੀ ਬਗ਼ਾਵਤ ਨੂੰ ਦਬਾਉਣ ਵਿੱਚ ਮਦਦਗਾਰ ਸਾਬਤ ਹੋਇਆ। ਇਸ ਦਾ ਕਾਰਨ ਇਹ ਸੀ ਕੇ ਰੇਲਵੇ ਨੈੱਟਵਰਕ ਰਾਹੀਂ ਅੰਗਰੇਜ਼ਾਂ ਵੱਲੋਂ ਆਪਣੇ ਸੈਨਿਕ ਜਲਦੀ ਤੋਂ ਜਲਦੀ ਬਗ਼ਾਵਤ ਵਾਲੀਆਂ ਥਾਵਾਂ ਤੇ ਭੇਜੇ ਗਏ ਸਨ।

ਇਹ ਬਗ਼ਾਵਤ ਬਹੁਤਾ ਲੰਬਾ ਸਮਾਂ ਨਾਂ ਚੱਲ ਸਕੀ ਤੇ ਅੰਗਰੇਜ਼ਾਂ ਵੱਲੋਂ ਇਸ ਨੂੰ ਦਬਾ ਲਿਆ ਗਿਆ। ਕਈ ਅੰਗਰੇਜ਼ੀ ਇਤਿਹਾਸਕਾਰ ਇਹ ਕਹਿੰਦੇ ਹਨ ਕਿ ਜੇ ਉਸ ਸਮੇਂ ਬਗ਼ਾਵਤੀ ਲੀਡਰਾਂ ਕੋਲ ਕੋਈ ਵਧੀਆ ਲੀਡਰ ਹੁੰਦਾ ਤਾਂ ਅੰਗਰੇਜ਼ੀ ਹਕੂਮਤ ਤਹਿਸ ਨਹਿਸ ਹੋ ਜਾਣੀ ਸੀ ਅਤੇ ਬਹਾਦਰਸ਼ਾਹ ਦੂਜਾ ਇਕ ਬਹੁਤ ਹੀ ਕਮਜ਼ੋਰ ਰਾਜਾ ਸੀ।

ਇਸ ਬਗ਼ਾਵਤ ਨੂੰ ਦਬਾਉਣ ਤੋਂ ਬਾਅਦ ਅੰਗਰੇਜ਼ੀ ਸਰਕਾਰ ਨੇ ਆਪਣੀਆਂ ਪਾੱਲਿਸੀਆਂ ਨੂੰ ਕੁਝ ਹੱਦ ਤਕ ਬਦਲਿਆ ਅਤੇ ਗਵਰਨਰ ਜਨਰਲ ਦਾ ਸਿਸਟਮ ਖਤਮ ਕਰਕੇ ਵਾਈਸਰੌਇ ਦੀ ਉਪਾਧੀ ਲਿਆਂਦੀ, ਜੋਕਿ ਇੰਗਲੈਂਡ ਦੀ ਰਾਣੀ ਦੇ ਹੁਕਮਾਂ ਤੇ ਕੰਮ ਕਰਦਾ ਸੀ। ਇਸਤੋਂ ਬਾਅਦ ਅੰਗਰੇਜ਼ ਹੋਰ ਵੀ ਸੰਭਲ ਕੇ ਚੱਲੇ ਤਾਂ ਜੋ ਕੋਈ ਦੁਬਾਰਾ ਇਹੋ ਜਿਹੀ ਬਗ਼ਾਵਤ ਨਾ ਪਨਪ ਸਕੇ।

ਅੱਜ 1857 ਦੀ ਆਜ਼ਾਦੀ ਦੀ ਪਹਿਲੀ ਜੰਗ ਦੇ ਸ਼ਹੀਦਾਂ ਨੂੰ ਦੇਸ਼ ਲਈ ਕੁਰਬਾਨੀ ਵਾਸਤੇ ਅਸੀਂ ਨਮਨ ਕਰਦੇ ਹਾਂ ਅਤੇ ਸ਼ਰਧਾਂਜਲੀ ਭੇਂਟ ਕਰਦੇ ਹਨ।

Related Stories

No stories found.
logo
Punjab Today
www.punjabtoday.com