ਅੱਜ ਭਾਈ ਵੀਰ ਸਿੰਘ ਦੀ ਬਰਸੀ ਤੇ ਵਿਸ਼ੇਸ਼

ਭਾਈ ਵੀਰ ਸਿੰਘ ਇੱਕ ਭਾਰਤੀ ਕਵੀ, ਸਕਾਲਰ ਅਤੇ ਸਿੱਖੀ ਸਿਧਾਂਤਾਂ ਦੇ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਸਨ ਜਿੰਨ੍ਹਾਂ ਨੇ ਪੰਜਾਬੀ ਸੱਭਿਆਚਾਰ ਅਤੇ ਲਿਟਰੇਚਰ ਨੂੰ ਦੁਬਾਰਾ ਪ੍ਰਫੁੱਲਿਤ ਕਰਨ ਲਈ ਬਹੁਤ ਕੰਮ ਕੀਤਾ ਸੀ।

ਅੱਜ ਭਾਈ ਵੀਰ ਸਿੰਘ ਦੀ ਬਰਸੀ ਤੇ ਵਿਸ਼ੇਸ਼
Updated on
3 min read

ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ। ਭਾਈ ਵੀਰ ਸਿੰਘ ਦੇ ਪਿਤਾ ਦਾ ਨਾਮ ਡਾ ਚਰਨ ਸਿੰਘ ਸੀ। ਭਾਈ ਵੀਰ ਉਸ ਸਮੇਂ ਦੇ ਵੱਡੇ ਪਰਿਵਾਰਾਂ ਵਿਚੋਂ ਇੱਕ ਸਨ। ਦੀਵਾਨ ਕੌੜਾ ਮੱਲ ਜੋ ਮੁਲਤਾਨ ਦੇ ਉਪ ਗਵਰਨਰ ਸਨ, ਭਾਈ ਵੀਰ ਸਿੰਘ ਦੇ ਪੁਰਖਿਆਂ ਵਿਚੋਂ ਸਨ। ਭਾਈ ਵੀਰ ਸਿੰਘ ਦੇ ਦਾਦਾ ਜੀ ਦਾ ਨਾਮ ਦਾਨ ਸਿੰਘ ਸੀ ਜਿਨ੍ਹਾਂ ਨੇ ਆਪਣਾ ਬਹੁਤਾ ਸਮਾਂ ਨੌਜਵਾਨਾਂ ਨੂੰ ਸਿੱਖੀ ਸਿਧਾਂਤਾਂ ਬਾਰੇ ਜਾਗਰੂਕ ਕਰਨ ਉੱਤੇ ਲਗਾਇਆ ਹੋਇਆ ਸੀ। ਕਾਹਨ ਸਿੰਘ ਆਪਣੇ ਆਪ ਵਿੱਚ ਇੱਕ ਬਹੁਤ ਗਿਯਾਨੀ ਵਿਅਕਤੀ ਸਨ ਅਤੇ ਉਨ੍ਹਾਂ ਨੂੰ ਸੰਸਕ੍ਰਿਤ ਤੇ ਬ੍ਰਜ ਭਾਸ਼ਾ ਦਾ ਗਿਆਨ ਸੀ। ਇਸ ਤੋਂ ਇਲਾਵਾ ਕਾਹਨ ਸਿੰਘ ਦੇਸੀ ਦਵਾਈਆਂ ਜਿਵੇਂ ਕਿ ਆਯੁਰਵੈਦਾ, ਸਿੱਧਾ ਅਤੇ ਯੂਨਾਨੀ ਦੇ ਮਾਹਰ ਸਨ।

ਕਾਹਨ ਸਿੰਘ ਨੇ ਹੀ ਆਪਣੇ ਪੁੱਤਰ ਡਾ ਚਰਨ ਸਿੰਘ ਨੂੰ ਸਿੱਖੀ ਸਿਧਾਂਤਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ ਸੀ। ਕਾਹਨ ਸਿੰਘ ਵੀ ਕਵਿਤਾਵਾਂ ਅਤੇ ਲਿਖਤਾਂ ਉਹ ਲਿਖਿਆ ਕਰਦੇ ਸਨ। ਭਾਈ ਵੀਰ ਸਿੰਘ ਨੇ ਆਪਣੇ ਦਾਦੇ ਅਤੇ ਪਿਤਾ ਦਾ ਵੰਸ਼ ਅੱਗੇ ਵਧਾਉਂਦੇ ਹੋਏ ਇਸ ਵਿਰਾਸਤ ਨੂੰ ਸਾਂਭਿਆ ਅਤੇ ਪੰਜਾਬ ਦੇ ਪਰਪੱਕ ਕਵੀਆਂ ਅਤੇ ਲਿਖਾਰੀਆਂ ਵਿਚੋਂ ਇਕ ਸਨ। ਸਤਾਰਾਂ ਸਾਲ ਦੀ ਉਮਰ ਵਿੱਚ ਭਾਈ ਵੀਰ ਸਿੰਘ ਦਾ ਵਿਆਹ ਚਤਰ ਕੌਰ ਨਾਲ ਹੋ ਗਿਆ ਅਤੇ ਇਸ ਵਿਆਹ ਤੋਂ ਉਨ੍ਹਾਂ ਨੂੰ ਦੋ ਬੇਟੀਆਂ ਦੀ ਦਾਤ ਮਿਲੀ।

ਭਾਈ ਵੀਰ ਸਿੰਘ ਜੀ ਨੇ ਆਪਣੀ ਸਕੂਲੀ ਵਿੱਦਿਆ ਚਰਚ ਮਿਸ਼ਨ ਸਕੂਲ ਅੰਮ੍ਰਿਤਸਰ ਤੋਂ ਕੀਤੀ ਅਤੇ ਦਸਵੀਂ ਦੇ ਇਮਤਿਹਾਨਾਂ ਵਿੱਚ ਉਹ ਪੂਰੇ ਜ਼ਿਲ੍ਹੇ ਵਿੱਚੋਂ ਅੱਵਲ ਆਏ। ਭਾਈ ਵੀਰ ਸਿੰਘ ਨੂੰ ਮਾਡਰਨ ਅੰਗਰੇਜ਼ੀ ਸਿੱਖਿਆ ਦੇ ਨਾਲ-ਨਾਲ ਭਾਰਤ ਦੇ ਦੇਸੀ ਤੌਰ ਤਰੀਕੇ ਦੀ ਸਿੱਖਿਆ ਹਾਸਲ ਕਰਨ ਦਾ ਵੀ ਮਾਣ ਹਾਸਲ ਹੋਇਆ। ਉਨ੍ਹਾਂ ਨੇ ਸਿੱਖੀ ਫਲਸਫਿਆਂ ਤੇ ਕੰਮ ਕੀਤਾ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਫਾਰਸੀ, ਉਰਦੂ ਅਤੇ ਸੰਸਕ੍ਰਿਤ ਭਾਸ਼ਾ ਦਾ ਗਿਆਨ ਹਾਸਲ ਕੀਤਾ।

ਆਪਣੀ ਸੈਕੰਡਰੀ ਸਕੂਲੀ ਸਿੱਖਿਆ ਦੌਰਾਨ ਭਾਈ ਵੀਰ ਸਿੰਘ ਦੇ ਕਈ ਜਮਾਤੀ ਸਿੱਖ ਧਰਮ ਤੋਂ ਈਸਾਈ ਧਰਮ ਵਿੱਚ ਤਬਦੀਲ ਕਰ ਗਏ। ਇਸ ਤੋਂ ਬਾਅਦ ਭਾਈ ਵੀਰ ਸਿੰਘ ਨੇ ਦੇਖਿਆ ਕਿ ਕ੍ਰਿਸ਼ਚੀਅਨ ਮਿਸ਼ਨਰੀਜ਼ ਕਿਸ ਤਰੀਕੇ ਨਾਲ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਹਨ। ਇਹ ਪ੍ਰਚਾਰ ਦੇ ਤੌਰ ਤਰੀਕਿਆਂ ਨੂੰ ਭਾਈ ਵੀਰ ਸਿੰਘ ਨੇ ਸਿੱਖੀ ਦੇ ਫੈਲਾਅ ਲਈ ਵਰਤਣਾ ਸ਼ੁਰੂ ਕੀਤਾ। ਭਾਈ ਵੀਰ ਸਿੰਘ ਨੇ ਸਿੱਖੀ ਨਾਲ ਸਬੰਧਤ ਕਹਾਣੀਆਂ, ਕਵਿਤਾਵਾਂ ਅਤੇ ਮਹਾਂਕਾਵਿ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ।

ਦਸਵੀਂ ਦੀ ਪੜ੍ਹਾਈ ਪਾਸ ਕਰਨ ਤੋਂ ਬਾਅਦ ਭਾਈ ਵੀਰ ਸਿੰਘ ਆਪਣੇ ਪਿਤਾ ਦੇ ਦੋਸਤ ਵਜ਼ੀਰ ਸਿੰਘ ਦੀ ਪ੍ਰੈੱਸ ਵਿਖੇ ਕੰਮ ਕਰਨ ਲੱਗ ਪਏ। ਸ਼ੁਰੂਆਤ ਵਿੱਚ ਉਨ੍ਹਾਂ ਨੇ ਭੂਗੋਲ ਦੀਆਂ ਕਿਤਾਬਾਂ ਜੋ ਕਿਸੇ ਸਕੂਲ ਵਿਚ ਲਗਵਾਈਆਂ ਜਾਂਦੀਆਂ ਸਨ ਦੀ ਛਪਾਈ ਉੱਤੇ ਕੰਮ ਕਰਨਾ ਸ਼ੁਰੂ ਕੀਤਾ।

1893 ਵਿੱਚ ਧਨੀ ਰਾਮ ਚਾਤ੍ਰਿਕ ਜੋ ਪੰਜਾਬੀ ਦੇ ਮਸ਼ਹੂਰ ਕਵੀ ਸਨ, ਨੂੰਹ ਵੀ ਵਜ਼ੀਰ ਸਿੰਘ ਦੀ ਪ੍ਰੈੱਸ ਵਿਖੇ ਕੰਮ ਮਿਲਿਆ ਜਿੱਥੇ ਉਨ੍ਹਾਂ ਦੀ ਮੁਲਾਕਾਤ ਭਾਈ ਵੀਰ ਸਿੰਘ ਨਾਲ ਹੋਈ। ਧਨੀ ਰਾਮ ਚਾਤ੍ਰਿਕ ਨੇ ਹੀ ਭਾਈ ਵੀਰ ਸਿੰਘ ਨੂੰ ਲਿਥੋਗ੍ਰਾਫ ਐਨਗਰੇਵਿੰਗ ਦਾ ਕੰਮ ਸਿੱਖਣ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ਧਨੀ ਰਾਮ ਚਾਤ੍ਰਿਕ ਹੀ ਉਹ ਇਨਸਾਨ ਸਨ ਜਿਨ੍ਹਾਂ ਨੇ ਭਾਈ ਵੀਰ ਸਿੰਘ ਨੂੰ ਪੰਜਾਬੀ ਦੇ ਵਿੱਚ ਕਵਿਤਾਵਾਂ ਲਿਖਣ ਲਈ ਪ੍ਰੇਰਿਆ। ਵਜ਼ੀਰ ਸਿੰਘ ਦੀ ਪ੍ਰੈੱਸ ਦਾ ਨਾਮ ਵਜ਼ੀਰ ਹਿੰਦ ਪ੍ਰੈਸ ਸੀ ਅਤੇ ਸਿੰਘ ਸਭਾ ਅੰਦੋਲਨ ਦਾ ਲਿਟਰੇਚਰ ਇਸੇ ਪ੍ਰੈੱਸ ਤੋਂ ਛਪਦਾ ਸੀ ਪਰ ਵਜ਼ੀਰ ਸਿੰਘ ਦੇ ਗੁਜ਼ਰ ਜਾਣ ਤੋਂ ਬਾਅਦ ਭਾਈ ਵੀਰ ਸਿੰਘ ਨੇ ਇਸ ਪ੍ਰੈੱਸ ਨੂੰ ਖਰੀਦ ਲਿਆ ਅਤੇ ਸਿੰਘ ਸਭਾ ਦੇ ਲਿਟਰੇਚਰ ਛਪਣ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ।

ਭਾਈ ਵੀਰ ਸਿੰਘ ਦਾ ਸਿੰਘ ਸਭਾ ਅੰਦੋਲਨ ਦੇ ਵਿੱਚ ਬਹੁਤ ਜ਼ਿਆਦਾ ਧਿਆਨ ਸੀ ਅਤੇ ਸਿੰਘ ਸਭਾ ਅੰਦੋਲਨ ਦੇ ਟੀਚਿਆਂ ਨੂੰ ਪ੍ਰਮੋਟ ਕਰਨ ਲਈ ਉਨ੍ਹਾਂ ਨੇ ਖਾਲਸਾ ਟ੍ਰੈਕਟ ਸੋਸਾਇਟੀ ਬਣਾਈ।

ਭਾਈ ਵੀਰ ਸਿੰਘ ਨਾਵਲ ਵੀ ਲਿਖਦੇ ਸਨ । ਉਨ੍ਹਾਂ ਦੇ ਪ੍ਰਮੁੱਖ ਨਾਵਲਾਂ ਵਿੱਚੋਂ ਸੁੰਦਰੀ, ਬਿਜੈ ਸਿੰਘ, ਸਤਵੰਤ ਕੌਰ ਅਜਿਹੇ ਨਾਵਲ ਸਨ ਜੋ ਸਿੱਖ ਇਤਹਾਸ ਬਾਰੇ ਪਾਠਕਾਂ ਨੂੰ ਜਾਣੂ ਕਰਵਾਉਂਦੇ ਸਨ। ਭਾਈ ਵੀਰ ਸਿੰਘ ਨੇ ਕਸ਼ਮੀਰ ਦੇ ਵਿੱਚ ਹਿੰਦੂ ਦੇਵੀ ਦੇਵਤਿਆਂ ਦੇ ਹੋ ਰਹੇ ਅਪਮਾਨ ਬਾਰੇ ਵੀ ਆਪਣੀ ਕਿਤਾਬ ਅਵੰਤੀਪੁਰ ਦੇ ਖੰਡਰ ਵਿੱਚ ਲਿਖਿਆ ਸੀ। ਭਾਈ ਵੀਰ ਸਿੰਘ ਕੱਟੜਤਾ ਦੇ ਖ਼ਿਲਾਫ਼ ਸਨ। ਇਸ ਤੋਂ ਇਲਾਵਾ ਭਾਈ ਵੀਰ ਸਿੰਘ ਦਾ ਨਾਵਲ ਬਾਬਾ ਨੌਧ ਸਿੰਘ ਵੀ ਬਹੁਤ ਮਕਬੂਲ ਨਾਵਲ ਸੀ।

ਇਸ ਤੋਂ ਇਲਾਵਾ ਭਾਈ ਵੀਰ ਸਿੰਘ ਕਵਿਤਾਵਾਂ ਅਤੇ ਗੀਤ ਲਿਖਦੇ ਸਨ । ਉਨ੍ਹਾਂ ਦੀਆਂ ਕਵਿਤਾਵਾਂ ਦੀਆਂ ਕਿਤਾਬਾਂ ਦਿਲ ਤਰੰਗ, ਤ੍ਰੇਲ ਤੁਪਕੇ, ਲਹਿਰਾਂ ਦੇ ਹਾਰ, ਮਟਕ ਹੁਲਾਰੇ, ਬਿਜਲੀਆਂ ਦੇ ਹਾਰ ਅਤੇ ਮੇਰੇ ਸਾਈਆਂ ਜੀਓ ਸਨ। ਆਪਣੇ ਇਨ੍ਹਾਂ ਕੰਮਾਂ ਦੇ ਜ਼ਰੀਏ ਉਨ੍ਹਾਂ ਨੇ ਪੰਜਾਬੀ ਕਵਿਤਾਵਾਂ ਨੂੰ ਨਵਾਂ ਮੋੜ ਦੇ ਦਿੱਤਾ।

ਭਾਈ ਵੀਰ ਸਿੰਘ ਨੂੰ ਪੰਜਾਬ ਐਂਡ ਸਿੰਧ ਬੈਂਕ ਦੇ ਸਥਾਪਕਾਂ ਵਿਚੋਂ ਇੱਕ ਗਿਣਿਆ ਜਾਂਦਾ ਹੈ। ਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਰਲ ਕੇ ਪੰਜਾਬ ਐਂਡ ਸਿੰਧ ਬੈਂਕ ਦੀ ਸਥਾਪਨਾ ਕੀਤੀ ਸੀ।

ਭਾਈ ਵੀਰ ਸਿੰਘ ਨੂੰ 1955 ਵਿੱਚ ਸਾਹਿਤ ਅਕਾਦਮੀ ਐਵਾਰਡ ਅਤੇ 1956 ਵਿੱਚ ਪਦਮ ਭੂਸ਼ਣ ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ ਸੀ। 1972 ਵਿਚ ਭਾਈ ਵੀਰ ਸਿੰਘ ਦੇ ਜਨਮ ਦੇ ਸੌ ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਭਾਰਤ ਸਰਕਾਰ ਨੇ ਇਕ ਸਟੈਂਪ ਵੀ ਜਾਰੀ ਕੀਤੀ ਸੀ।

10 ਜੂਨ 1957 ਨੂੰ ਪੰਜਾਬੀ ਲੇਖਣੀ ਦਾ ਇਹ ਧਰੂ ਤਾਰਾ ਸਦਾ ਲਈ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। ਅੱਜ ਭਾਈ ਵੀਰ ਸਿੰਘ ਜੀ ਦੀ ਬਰਸੀ ਮੌਕੇ ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਅਤੇ ਨਵੇਂ ਲਿਖਾਰੀਆਂ ਤੋਂ ਵੀ ਇਹੀ ਆਸ ਕਰਦੇ ਹਾਂ ਕਿ ਉਹ ਭਾਈ ਵੀਰ ਸਿੰਘ ਦੇ ਪਦ ਚਿੰਨ੍ਹਾਂ ਤੇ ਚਲਦੇ ਹੋਏ ਪੰਜਾਬੀ ਸੱਭਿਆਚਾਰ ਨੂੰ ਆਪਣੀ ਕਲਮ ਦੇ ਜ਼ਰੀਏ ਵਧੀਆ ਤਰੀਕੇ ਨਾਲ ਪ੍ਰਫੁੱਲਿਤ ਕਰਨਗੇ।

Related Stories

No stories found.
logo
Punjab Today
www.punjabtoday.com