ਕੇਜਰੀਵਾਲ ਦਾ ਦਿੱਲੀ 'ਚ ਭਾਰੀ ਵਾਹਨਾਂ 'ਤੇ ਪਾਬੰਦੀ ਤੋਂ ਟਰਾਂਸਪੋਰਟਰ ਨਾਰਾਜ਼

ਅਰਵਿੰਦ ਕੇਜਰੀਵਾਲ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕਰਦੇ ਹੋਏ ਸੀਏਆਈਟੀ ਦੇ ਜਨਰਲ ਸਕੱਤਰ ਨੇ ਕਿਹਾ ਕਿ ਇਸ ਕਦਮ ਨਾਲ ਦਿੱਲੀ ਵਿੱਚ ਕਾਰੋਬਾਰ ਕਾਫੀ ਹੱਦ ਤੱਕ ਬਰਬਾਦ ਹੋ ਜਾਵੇਗਾ।
ਕੇਜਰੀਵਾਲ ਦਾ ਦਿੱਲੀ 'ਚ ਭਾਰੀ ਵਾਹਨਾਂ 'ਤੇ ਪਾਬੰਦੀ ਤੋਂ ਟਰਾਂਸਪੋਰਟਰ ਨਾਰਾਜ਼

ਦਿੱਲੀ ਵਿਚ ਕੇਜਰੀਵਾਲ ਸਰਕਾਰ ਦੀਆ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਵਪਾਰੀਆਂ ਅਤੇ ਟਰਾਂਸਪੋਰਟ ਸੰਗਠਨਾਂ ਨੇ ਰਾਜਧਾਨੀ ਦਿੱਲੀ 'ਚ ਦਰਮਿਆਨੇ ਅਤੇ ਭਾਰੀ ਮਾਲ ਦੇ ਵਾਹਨਾਂ ਦੇ ਦਾਖਲੇ 'ਤੇ ਪਾਬੰਦੀ ਦੇ ਦਿੱਲੀ ਸਰਕਾਰ ਦੇ ਫੈਸਲੇ 'ਤੇ ਨਾਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਕਦਮ ਨਾਲ ਰਾਜਧਾਨੀ 'ਚ ਕਾਰੋਬਾਰ 'ਤੇ ਬੁਰਾ ਅਸਰ ਪਵੇਗਾ।

ਦਰਅਸਲ, ਰਾਜਧਾਨੀ ਦਿੱਲੀ ਵਿੱਚ 1 ਅਕਤੂਬਰ ਤੋਂ 28 ਫਰਵਰੀ ਤੱਕ ਦਰਮਿਆਨੇ ਅਤੇ ਭਾਰੀ ਮਾਲ ਦੇ ਵਾਹਨਾਂ ਦੇ ਦਾਖਲੇ 'ਤੇ ਪਾਬੰਦੀ ਲਗਾਉਣ ਦਾ ਮਕਸਦ ਵਾਹਨਾਂ ਦੇ ਪ੍ਰਦੂਸ਼ਣ ਨੂੰ ਰੋਕਣਾ ਸੀ। ਹਾਲਾਂਕਿ, ਕੱਚੀਆਂ ਸਬਜ਼ੀਆਂ, ਫਲ, ਅਨਾਜ, ਦੁੱਧ ਅਤੇ ਜ਼ਰੂਰੀ ਵਸਤਾਂ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਸ਼ਹਿਰ ਵਿੱਚ ਦਾਖਲ ਹੋਣ ਦੀ ਆਗਿਆ ਹੋਵੇਗੀ। ਇੱਕ ਅਧਿਕਾਰੀ ਦੇ ਅਨੁਸਾਰ,ਵਾਹਨਾਂ ਦੇ ਪ੍ਰਦੂਸ਼ਣ ਕਾਰਨ ਸਰਦੀਆਂ ਦੇ ਮਹੀਨਿਆਂ ਵਿੱਚ ਹਵਾ ਦੀ ਗੁਣਵੱਤਾ ਵਿੱਚ ਗਿਰਾਵਟ ਆਉਂਦੀ ਹੈ।

ਆਲ ਇੰਡੀਆ ਮੋਟਰ ਐਂਡ ਗੁਡਸ ਟਰਾਂਸਪੋਰਟ ਦੇ ਚੇਅਰਮੈਨ ਰਾਜਿੰਦਰ ਕਪੂਰ ਨੇ ਪਾਬੰਦੀ ਨੂੰ ਵਾਪਸ ਲੈਣ ਦੀ ਮੰਗ ਕੀਤੀ ਅਤੇ ਦਿੱਲੀ ਸਰਕਾਰ ਨੂੰ ਪ੍ਰਦੂਸ਼ਣ ਦੀ ਸਮੱਸਿਆ ਦੇ ਹੱਲ ਲਈ ਕਿਸੇ ਹੋਰ ਤਰੀਕੇ 'ਤੇ ਵਿਚਾਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਜ਼ਰੂਰੀ ਵਸਤਾਂ ਜੋ ਕਿ ਸੈਂਕੜੇ ਟਨ ਹਨ, ਨੂੰ ਸਿਰਫ਼ ਭਾਰੀ ਮੋਟਰ ਵਾਹਨਾਂ ਰਾਹੀਂ ਲਿਜਾਇਆ ਜਾ ਸਕਦਾ ਹੈ, ਹਲਕੇ ਵਾਹਨਾਂ ਦੁਆਰਾ ਨਹੀਂ।

ਭਾਰੀ ਮਸ਼ੀਨਰੀ ਅਤੇ ਉਸਾਰੀ ਸਮੱਗਰੀ ਵੀ ਵੱਖ-ਵੱਖ ਰਾਜਾਂ ਤੋਂ ਲੈ ਆਈ ਜਾਂਦੀ ਹੈ ਅਤੇ ਇਸ ਨੂੰ ਹਲਕੇ ਮੋਟਰ ਵਾਹਨ ਦੁਆਰਾ ਨਹੀਂ ਲਿਜਾਇਆ ਜਾ ਸਕਦਾ। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਸੀਏਆਈਟੀ) ਨੇ ਇਸ ਮੁੱਦੇ 'ਤੇ ਭਵਿੱਖ ਦੀ ਕਾਰਵਾਈ ਤੈਅ ਕਰਨ ਲਈ 29 ਜੂਨ ਨੂੰ ਦਿੱਲੀ ਦੀਆਂ ਪ੍ਰਮੁੱਖ ਵਪਾਰਕ ਐਸੋਸੀਏਸ਼ਨਾਂ ਦੀ ਮੀਟਿੰਗ ਬੁਲਾਈ ਹੈ।

ਅਰਵਿੰਦ ਕੇਜਰੀਵਾਲ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕਰਦੇ ਹੋਏ ਸੀਏਆਈਟੀ ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਇਸ ਕਦਮ ਨਾਲ ਦਿੱਲੀ ਵਿੱਚ ਕਾਰੋਬਾਰ ਕਾਫੀ ਹੱਦ ਤੱਕ ਬਰਬਾਦ ਹੋ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਦੇ ਵਪਾਰੀ ਦੁਖੀ ਹਨ ਅਤੇ ਮਨਮਾਨੇ ਅਤੇ ਘਿਨਾਉਣੇ ਹੁਕਮਾਂ ਦਾ ਵਿਰੋਧ ਕਰਨਗੇ। ਖੰਡੇਲਵਾਲ ਨੇ ਕਿਹਾ ਕਿ ਵਿਚਾਰ ਅਧੀਨ ਫੈਸਲਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਪਾਰ ਵਿਰੋਧੀ ਰਵੱਈਏ ਨੂੰ ਦਰਸਾਉਂਦਾ ਹੈ। ਵਰਣਨਯੋਗ ਹੈ ਕਿ ਦਿੱਲੀ ਦੇਸ਼ ਦਾ ਸਭ ਤੋਂ ਵੱਡਾ ਵੰਡ ਕੇਂਦਰ ਹੈ ਅਤੇ ਦਿੱਲੀ ਸਰਕਾਰ ਦਾ ਮਾਲੀਆ ਜ਼ਿਆਦਾਤਰ ਵਪਾਰਕ ਗਤੀਵਿਧੀਆਂ 'ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਹੁਕਮ ਲਾਗੂ ਹੋ ਜਾਂਦਾ ਹੈ ਤਾਂ ਮਾਲ ਦੀ ਢੋਆ-ਢੁਆਈ ਵਿੱਚ ਵੱਡੀ ਰੁਕਾਵਟ ਪੈਦਾ ਹੋ ਜਾਵੇਗੀ।

Related Stories

No stories found.
logo
Punjab Today
www.punjabtoday.com