
ਰਾਜਸਥਾਨ ਦੇ ਸੀਐੱਮ ਅਸ਼ੋਕ ਗਹਿਲੋਤ ਦੀ ਗਿਣਤੀ ਕਾਂਗਰਸ ਦੇ ਵੱਡੇ ਆਗੂਆਂ ਵਿਚ ਕੀਤੀ ਜਾਂਦੀ ਹੈ। ਸੀਐੱਮ ਅਸ਼ੋਕ ਗਹਿਲੋਤ ਨੇ ਪਿੱਛਲੇ ਦਿਨੀ ਵਸੁੰਧਰਾ ਰਾਜੇ ਦੀ ਤਾਰੀਫ਼ ਕੀਤੀ ਸੀ। ਸੀਐੱਮ ਅਸ਼ੋਕ ਗਹਿਲੋਤ ਵੱਲੋਂ ਰਾਜਨੀਤਿਕ ਸੰਕਟ ਦੌਰਾਨ ਸਰਕਾਰ ਨੂੰ ਡੇਗਣ ਵਿੱਚ ਮਦਦ ਨਾ ਕਰਨ ਲਈ ਸਾਬਕਾ ਸੀਐਮ ਵਸੁੰਧਰਾ ਰਾਜੇ ਦੀ ਤਾਰੀਫ਼ ਕਰਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।
ਅਸ਼ੋਕ ਗਹਿਲੋਤ 'ਤੇ ਨਿਸ਼ਾਨਾ ਸਾਧਦੇ ਹੋਏ ਰਾਜੇ ਨੇ ਉਨ੍ਹਾਂ ਦੀ ਤਾਰੀਫ ਨੂੰ ਸਾਜ਼ਿਸ਼ ਕਰਾਰ ਦਿੱਤਾ। ਰਾਜੇ ਨੇ ਐਤਵਾਰ ਦੇਰ ਰਾਤ ਇੱਕ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ, 'ਮੁੱਖ ਮੰਤਰੀ ਅਸ਼ੋਕ ਗਹਿਲੋਤ 2023 ਵਿੱਚ ਹਾਰ ਦੇ ਡਰ ਕਾਰਨ ਝੂਠ ਬੋਲ ਰਹੇ ਹਨ। ਰਾਜੇ ਨੇ ਕਿਹਾ ਕਿ ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਦੋਸ਼ ਲਗਾਇਆ ਹੈ, ਜਿਨ੍ਹਾਂ ਦੀ ਇਮਾਨਦਾਰੀ ਅਤੇ ਬੀਜੇਪੀ ਪ੍ਰਤੀ ਉਨ੍ਹਾਂ ਦੇ ਪਿਆਰ ਬਾਰੇ ਸਾਰੇ ਜਾਣਦੇ ਹਨ। ਰਾਜੇ ਨੇ ਕਿਹਾ, 'ਜਿੰਨਾ ਗਹਿਲੋਤ ਨੇ ਜ਼ਿੰਦਗੀ 'ਚ ਮੇਰੀ ਬੇਇੱਜ਼ਤੀ ਕੀਤੀ, ਉਨੀ ਬੇਇੱਜ਼ਤੀ ਮੇਰੀ ਕੋਈ ਨਹੀਂ ਕਰ ਸਕਦਾ।'
ਉਹ 2023 ਦੀਆਂ ਚੋਣਾਂ ਵਿਚ ਇਤਿਹਾਸਕ ਹਾਰ ਤੋਂ ਬਚਣ ਲਈ ਅਜਿਹੀਆਂ ਮਨਘੜਤ ਕਹਾਣੀਆਂ ਘੜ ਰਹੇ ਹਨ, ਜੋ ਕਿ ਮੰਦਭਾਗਾ ਹੈ। ਉਸਦੀ ਇਹ ਚਾਲ ਕਾਮਯਾਬ ਨਹੀਂ ਹੋਣ ਵਾਲੀ ਹੈ। ਰਾਜੇ ਨੇ ਕਿਹਾ, 'ਰਿਸ਼ਵਤ ਲੈਣਾ ਅਤੇ ਦੇਣਾ ਦੋਵੇਂ ਅਪਰਾਧ ਹਨ। ਜੇਕਰ ਉਨ੍ਹਾਂ ਦੇ ਵਿਧਾਇਕਾਂ ਨੇ ਪੈਸੇ ਲਏ ਹਨ ਤਾਂ ਐਫਆਈਆਰ ਦਰਜ ਕਰਵਾਓ। ਸੱਚ ਤਾਂ ਇਹ ਹੈ ਕਿ ਉਸਨੇ ਆਪਣੀ ਹੀ ਪਾਰਟੀ ਵਿੱਚ ਬਗਾਵਤ ਅਤੇ ਘਟਦੇ ਜਨ-ਆਧਾਰ ਕਾਰਨ ਨਿਰਾਸ਼ ਹੋ ਕੇ ਅਜਿਹੇ ਬੇਤੁਕੇ ਤੇ ਝੂਠੇ ਦੋਸ਼ ਲਾਏ ਹਨ।
ਵਸੁੰਧਰਾ ਰਾਜੇ ਨੇ ਕਿਹਾ, 'ਜਿਥੋਂ ਤੱਕ ਵਿਧਾਇਕਾਂ ਦੀ ਖਰੀਦ ਫਰੋਖਤ ਦਾ ਸਵਾਲ ਹੈ, ਇਸ ਦੇ ਮਾਸਟਰ ਅਸ਼ੋਕ ਗਹਿਲੋਤ ਖੁਦ ਹਨ।' ਜਿਨ੍ਹਾਂ ਨੇ 2008 ਅਤੇ 2018 ਵਿੱਚ ਘੱਟ ਗਿਣਤੀ ਵਿੱਚ ਹੋਣ 'ਤੇ ਅਜਿਹਾ ਕੀਤਾ ਸੀ। ਉਸ ਸਮੇਂ ਨਾ ਤਾਂ ਭਾਜਪਾ ਅਤੇ ਨਾ ਹੀ ਕਾਂਗਰਸ ਨੂੰ ਬਹੁਮਤ ਮਿਲਿਆ ਸੀ। ਅਸੀਂ ਵੀ ਸਰਕਾਰ ਬਣਾ ਸਕਦੇ ਸੀ, ਪਰ ਇਹ ਭਾਜਪਾ ਦੇ ਸਿਧਾਂਤਾਂ ਦੇ ਵਿਰੁੱਧ ਸੀ। ਇਸ ਦੇ ਉਲਟ ਗਹਿਲੋਤ ਨੇ ਦੋਵੇਂ ਵਾਰ ਵਿਧਾਇਕਾਂ ਨੂੰ ਖਰੀਦ ਕੇ ਸਰਕਾਰ ਬਣਾਈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸਚਿਨ ਪਾਇਲਟ ਕੈਂਪ 'ਤੇ ਬਗਾਵਤ ਦੌਰਾਨ ਭਾਜਪਾ ਤੋਂ ਕਰੋੜਾਂ ਰੁਪਏ ਲੈਣ ਦੇ ਦੋਸ਼ ਨੂੰ ਦੁਹਰਾਇਆ ਹੈ।