ਰਾਹੁਲ ਦਾ ਮਾਈਕ ਬੰਦ ਕਰਨ ਦਾ ਇਲਜ਼ਾਮ ਝੂਠਾ, ਕੀਤਾ ਦੇਸ਼ ਦਾ ਅਪਮਾਨ : ਧਨਖੜ

ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਕੁਝ ਲੋਕ ਜੋ ਦੇਸ਼ ਤੋਂ ਬਾਹਰ ਹਨ, ਭਾਰਤੀ ਸੰਸਦ ਅਤੇ ਇਸ ਦੀਆਂ ਸੰਵਿਧਾਨਕ ਇਕਾਈਆਂ ਦੇ ਅਕਸ ਨੂੰ ਢਾਹ ਲਾਉਣ ਵਿਚ ਲੱਗੇ ਹੋਏ ਹਨ।
ਰਾਹੁਲ ਦਾ ਮਾਈਕ ਬੰਦ ਕਰਨ ਦਾ ਇਲਜ਼ਾਮ ਝੂਠਾ, ਕੀਤਾ ਦੇਸ਼ ਦਾ ਅਪਮਾਨ : ਧਨਖੜ

ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਰਾਹੁਲ ਗਾਂਧੀ ਦੇ ਬ੍ਰਿਟੇਨ ਵਿਚ ਦਿਤੇ ਬਿਆਨ ਦੀ ਨਿਖੇਦੀ ਕੀਤੀ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪਿਛਲੇ ਸੋਮਵਾਰ ਲੰਡਨ 'ਚ ਸੰਸਦ ਦੇ ਸਦਨ 'ਚ ਕਿਹਾ ਕਿ ਭਾਰਤੀ ਸੰਸਦ 'ਚ ਵਿਰੋਧੀ ਨੇਤਾਵਾਂ ਦੇ ਮਾਈਕ੍ਰੋਫੋਨ ਬੰਦ ਕਰ ਦਿਤੇ ਜਾਂਦੇ ਹਨ। ਰਾਹੁਲ ਦੇ ਇਸ ਬਿਆਨ 'ਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਨਾਰਾਜ਼ਗੀ ਜਤਾਈ ਹੈ।

ਉਪ ਰਾਸ਼ਟਰਪਤੀ ਨੇ ਰਾਹੁਲ ਦਾ ਨਾਂ ਲਏ ਬਿਨਾਂ ਕਿਹਾ ਕਿ ਵਿਦੇਸ਼ੀ ਧਰਤੀ ਤੋਂ ਇਹ ਕਹਿਣਾ ਕਿ ਸੰਸਦ 'ਚ ਮਾਈਕ ਬੰਦ ਹਨ, ਝੂਠ ਦਾ ਪ੍ਰਚਾਰ ਕਰਨ ਦੇ ਬਰਾਬਰ ਹੈ, ਇਹ ਦੇਸ਼ ਦਾ ਅਪਮਾਨ ਹੈ। ਉਪ ਰਾਸ਼ਟਰਪਤੀ ਧਨਖੜ ਨਵੀਂ ਦਿੱਲੀ 'ਚ ਸਾਬਕਾ ਕੇਂਦਰੀ ਮੰਤਰੀ ਕਰਨ ਸਿੰਘ ਦੀ ਮੁੰਡਕ ਉਪਨਿਸ਼ਦ 'ਤੇ ਆਧਾਰਿਤ ਕਿਤਾਬ ਰਿਲੀਜ਼ ਕਰਨ ਮੌਕੇ ਬੋਲ ਰਹੇ ਸਨ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਤਾਕਤਾਂ ਦਾ ਪਰਦਾਫਾਸ਼ ਕਰਕੇ ਉਨ੍ਹਾਂ ਨੂੰ ਨਾਕਾਮ ਕਰਨ।

ਇਸ ਦੇ ਨਾਲ ਹੀ ਧਨਖੜ ਦੀਆਂ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਉਪ ਰਾਸ਼ਟਰਪਤੀ ਸਰਕਾਰ ਦਾ ਚੀਅਰਲੀਡਰ ਨਹੀਂ ਹੋ ਸਕਦਾ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦਾ ਲੋਕਤੰਤਰ ਦੁਨੀਆ ਦਾ ਸਭ ਤੋਂ ਵੱਡਾ ਅਤੇ ਕਾਰਜਸ਼ੀਲ ਲੋਕਤੰਤਰ ਹੈ। ਉਨ੍ਹਾਂ ਕਿਹਾ ਕਿ ਇਹ ਕਿੰਨੀ ਅਜੀਬ ਗੱਲ ਹੈ, ਕਿੰਨੇ ਦੁੱਖ ਦੀ ਗੱਲ ਹੈ ਕਿ ਦੁਨੀਆ ਸਾਡੀਆਂ ਇਤਿਹਾਸਕ ਪ੍ਰਾਪਤੀਆਂ ਅਤੇ ਜੀਵੰਤ ਲੋਕਤੰਤਰ ਨੂੰ ਸਵੀਕਾਰ ਕਰ ਰਹੀ ਹੈ। ਇਸ ਦੇ ਨਾਲ ਹੀ ਸਾਡੇ ਵਿੱਚੋਂ ਕੁਝ ਸੰਸਦ ਮੈਂਬਰ ਵੀ ਹਨ, ਜੋ ਅਮੀਰ ਜਮਹੂਰੀ ਕਦਰਾਂ-ਕੀਮਤਾਂ ਨੂੰ ਢਾਹ ਲਾਉਣ ਵਿੱਚ ਲੱਗੇ ਹੋਏ ਹਨ। ਕੋਈ ਵੀ ਸਿਆਸੀ ਪਾਰਟੀ ਜਮਹੂਰੀ ਕਦਰਾਂ-ਕੀਮਤਾਂ ਨਾਲ ਸਮਝੌਤਾ ਕਰਨ ਨੂੰ ਜਾਇਜ਼ ਨਹੀਂ ਠਹਿਰਾ ਸਕਦੀ।

ਉਪ ਰਾਸ਼ਟਰਪਤੀ ਪ੍ਰਧਾਨ ਜਗਦੀਪ ਧਨਖੜ ਨੇ ਕਿਹਾ ਕਿ ਜੀ-20 ਦੀ ਪ੍ਰਧਾਨਗੀ ਕਰਨਾ ਭਾਰਤ ਲਈ ਮਾਣ ਵਾਲੀ ਗੱਲ ਹੈ। ਇਸ ਦੇ ਨਾਲ ਹੀ ਕੁਝ ਲੋਕ ਜੋ ਦੇਸ਼ ਤੋਂ ਬਾਹਰ ਹਨ, ਭਾਰਤੀ ਸੰਸਦ ਅਤੇ ਇਸ ਦੀਆਂ ਸੰਵਿਧਾਨਕ ਇਕਾਈਆਂ ਦੇ ਅਕਸ ਨੂੰ ਢਾਹ ਲਾਉਣ ਵਿਚ ਲੱਗੇ ਹੋਏ ਹਨ। ਇਹ ਬਹੁਤ ਗੰਭੀਰ ਅਤੇ ਅਸਵੀਕਾਰਨਯੋਗ ਹੈ। ਉਨ੍ਹਾਂ ਕਿਹਾ ਕਿ ਸਾਡੇ ਸਿਆਸੀ ਇਤਿਹਾਸ ਵਿੱਚ ਇੱਕ ਕਾਲਾ ਅਧਿਆਏ ਹੈ, ਜਦੋਂ ਐਮਰਜੈਂਸੀ ਲਗਾਈ ਗਈ ਸੀ। ਹੁਣ ਭਾਰਤੀ ਰਾਜਨੀਤਿਕ ਪ੍ਰਣਾਲੀ ਪਰਿਪੱਕ ਹੋ ਗਈ ਹੈ, ਇਸ (ਐਮਰਜੈਂਸੀ) ਨੂੰ ਕਦੇ ਵੀ ਦੁਹਰਾਇਆ ਨਹੀਂ ਜਾ ਸਕਦਾ।

Related Stories

No stories found.
logo
Punjab Today
www.punjabtoday.com