
ਪਹਿਲਵਾਨਾਂ ਅਤੇ WFI ਪ੍ਰਧਾਨ ਬ੍ਰਿਜ ਭੂਸ਼ਣ ਵਿਚਾਲੇ ਵਿਵਾਦ ਗਹਿਰਾਉਂਦਾ ਜਾ ਰਿਹਾ ਹੈ। ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਚ ਘਿਰੇ ਭਾਰਤੀ ਕੁਸ਼ਤੀ ਮਹਾਸੰਘ (WFI) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਸ਼ੁੱਕਰਵਾਰ ਨੂੰ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਮੈਂ ਮੂੰਹ ਖੋਲ੍ਹਿਆ ਤਾਂ ਸੁਨਾਮੀ ਆ ਜਾਵੇਗੀ।
ਬ੍ਰਿਜ ਭੂਸ਼ਣ ਨੇ ਕਿਹਾ, ਮੇਰੇ ਸਮਰਥਨ 'ਚ ਵੀ ਕਈ ਖਿਡਾਰੀ ਹਨ। ਮੈਂ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਾਂਗਾ। 3 ਦਿਨਾਂ ਤੋਂ ਬ੍ਰਿਜ ਭੂਸ਼ਣ ਸ਼ਰਨ ਦੇ ਅਸਤੀਫੇ ਦੀ ਮੰਗ ਕਰ ਰਹੇ ਮਹਿਲਾ ਅਤੇ ਪੁਰਸ਼ ਪਹਿਲਵਾਨਾਂ ਨੇ ਭਾਰਤੀ ਓਲੰਪਿਕ ਸੰਘ 'ਚ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਹੈ। ਖੇਡ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਵੀ ਲਗਾਤਾਰ ਦੂਜੇ ਦਿਨ ਇਨ੍ਹਾਂ ਪਹਿਲਵਾਨਾਂ ਨਾਲ ਗੱਲਬਾਤ ਕੀਤੀ।
ਖੇਡ ਮੰਤਰੀ ਅਨੁਰਾਗ ਠਾਕੁਰ ਨੇ ਵੀਰਵਾਰ ਨੂੰ ਪਹਿਲਵਾਨਾਂ ਨਾਲ 4 ਘੰਟੇ ਤੱਕ ਬੈਠਕ ਕੀਤੀ। ਅਨੁਰਾਗ ਠਾਕੁਰ ਅਜੇ ਵੀ ਬ੍ਰਿਜ ਭੂਸ਼ਣ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਨ। ਜੰਤਰ-ਮੰਤਰ 'ਤੇ ਚੱਲ ਰਹੇ ਪਹਿਲਵਾਨਾਂ ਦੇ ਧਰਨੇ 'ਚ ਹਰਿਆਣਾ ਦੀਆਂ ਖਾਪ ਪੰਚਾਇਤਾਂ ਵੀ ਪਹੁੰਚ ਸਕਦੀਆਂ ਹਨ। ਫੋਗਟ ਖਾਪ ਦੇ ਸੱਦੇ 'ਤੇ ਵੀਰਵਾਰ ਨੂੰ ਸਰਬ-ਜਾਤੀ ਸਰਵ ਖਾਪ ਪੰਚਾਇਤ ਹੋਈ।
ਇਸ ਵਿੱਚ ਫੈਸਲਾ ਕੀਤਾ ਗਿਆ ਕਿ ਜੇਕਰ ਪਹਿਲਵਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਖਾਪ ਪੰਚਾਇਤਾਂ ਦੋ ਦਿਨਾਂ ਵਿੱਚ ਧਰਨੇ ਵਿੱਚ ਸ਼ਾਮਲ ਹੋਣਗੀਆਂ। ਇਸ ਤੋਂ ਪਹਿਲਾਂ ਵੀਰਵਾਰ ਨੂੰ ਖੇਡ ਮੰਤਰਾਲੇ ਨੇ ਪੀੜਤ ਖਿਡਾਰੀਆਂ ਨੂੰ ਬੁਲਾਇਆ ਅਤੇ ਕਰੀਬ ਇਕ ਘੰਟੇ ਤੱਕ ਗੱਲਬਾਤ ਕੀਤੀ। ਪਹਿਲਵਾਨ ਗੱਲਬਾਤ ਤੋਂ ਸੰਤੁਸ਼ਟ ਨਹੀਂ ਸਨ। ਉਨ੍ਹਾਂ ਦੀ ਮੰਗ ਪਹਿਲਾਂ WFI ਪ੍ਰਧਾਨ ਨੂੰ ਹਟਾਉਣ ਦੀ ਸੀ, ਹੁਣ ਉਹ ਕੁਸ਼ਤੀ ਸੰਘ ਨੂੰ ਭੰਗ ਕਰਨਾ ਚਾਹੁੰਦੇ ਹਨ।
WFI ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ- ਮੈਂ ਅਸਤੀਫਾ ਨਹੀਂ ਦੇਵਾਂਗਾ। ਕਾਂਗਰਸ ਨੇਤਾ ਦੀਪੇਂਦਰ ਹੁੱਡਾ ਦੇ ਇਸ਼ਾਰੇ 'ਤੇ ਮੇਰੇ ਖਿਲਾਫ ਰਾਜਨੀਤੀ ਕੀਤੀ ਜਾ ਰਹੀ ਹੈ। ਜੋ ਦੋਸ਼ ਲਗਾ ਰਹੇ ਹਨ, ਉਨ੍ਹਾਂ ਦਾ ਕਰੀਅਰ ਖਤਮ ਹੋ ਗਿਆ ਹੈ। ਬਹੁਤੇ ਪਹਿਲਵਾਨ ਇੱਕੋ ਭਾਈਚਾਰੇ ਦੇ ਹਨ। ਮੈਂ ਪਾਰਟੀ ਦੇ ਹੁਕਮਾਂ ਦੀ ਪਾਲਣਾ ਕਰਾਂਗਾ। ਮੁਜ਼ੱਫਰਨਗਰ ਦੇ ਪਿੰਡ ਪੁਰਬਲੀਆਂ ਦੀ ਰਹਿਣ ਵਾਲੀ ਅਰਜੁਨ ਐਵਾਰਡੀ ਪਹਿਲਵਾਨ ਦਿਵਿਆ ਕਾਕਰਾਨ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਦੇ ਹੱਕ ਵਿੱਚ ਨਿੱਤਰ ਆਈ ਹੈ। ਉਸਨੇ ਇੱਕ ਵੀਡੀਓ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ 10 ਸਾਲਾਂ ਤੋਂ ਖੇਡ ਰਹੀ ਹੈ। ਅੱਜ ਤੱਕ ਉਸ ਨੇ ਕਿਸੇ ਨੂੰ ਨੁਕਸਾਨ ਹੁੰਦਾ ਨਹੀਂ ਦੇਖਿਆ। ਦਿਵਿਆ ਕਾਕਰਾਨ ਨੇ ਕਿਹਾ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ 'ਤੇ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ।