ਆਸ਼ਾ ਵਰਕਰ ਕੌਣ ਹਨ? WHO ਨੇ ਦਿੱਤਾ ਹੈ ਗਲੋਬਲ ਹੈਲਥ ਲੀਡਰਜ਼ ਦਾ ਖ਼ਿਤਾਬ

ਭਾਰਤ ਵਿੱਚ ਕੁੱਲ ਸਾਢੇ ਦਸ ਲੱਖ ਦੇ ਕਰੀਬ ਆਸ਼ਾ ਵਰਕਰ ਹਨ।
ਆਸ਼ਾ ਵਰਕਰ ਕੌਣ ਹਨ? WHO ਨੇ ਦਿੱਤਾ ਹੈ ਗਲੋਬਲ ਹੈਲਥ ਲੀਡਰਜ਼ ਦਾ ਖ਼ਿਤਾਬ

ਬੀਤੇ ਦਿਨੀਂ ਵਿਸ਼ਵ ਹੈਲਥ ਆਰਗੇਨਾਈਜ਼ੇਸ਼ਨ ਵੱਲੋਂ ਭਾਰਤ ਦੇ ਆਸ਼ਾ ਵਰਕਰਾਂ ਦਾ ਉਨ੍ਹਾਂ ਵੱਲੋਂ ਸਿਹਤ ਲਈ ਕੀਤੇ ਜਾ ਰਹੇ ਕੰਮਾਂ ਕਾਰਨ ਸਨਮਾਨ ਕੀਤਾ ਗਿਆ ਹੈ। ਵਿਸ਼ਵ ਹੈਲਥ ਆਰਗੇਨਾਈਜ਼ੇਸ਼ਨ ਵੱਲੋਂ ਉਨ੍ਹਾਂ ਨੂੰ ਗਲੋਬਲ ਹੈਲਥ ਲੀਡਰਜ਼ ਦਾ ਖ਼ਿਤਾਬ ਦਿੱਤਾ ਗਿਆ ਹੈ। ਇਸ ਤੋਂ ਬਾਅਦ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ, ਸਿਹਤ ਮੰਤਰੀ ਅਤੇ ਕਈ ਹੋਰਾਂ ਨੇ ਆਸ਼ਾ ਵਰਕਰਾਂ ਨੂੰ ਵਧਾਈਆਂ ਦਿੱਤੀਆਂ ਹਨ।

ਆਸ਼ਾ ਵਰਕਰਜ਼ ਕਿਸੇ ਪਿੰਡ ਵਿੱਚ ਵਲੰਟੀਅਰ ਹੁੰਦੀਆਂ ਹਨ ਜਿਨ੍ਹਾਂ ਨੂੰ ਸਰਕਾਰ ਵਲੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣੇ ਆਲੇ ਦੁਆਲੇ ਵੱਸ ਰਹੇ ਲੋਕਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਬਾਰੇ ਜਾਣੂ ਕਰਵਾ ਸਕਣ ਅਤੇ ਉਨ੍ਹਾਂ ਦੇ ਫ਼ਾਇਦੇ ਮੁਹੱਈਆ ਕਰਵਾ ਸਕਣ। ਆਸ਼ਾ ਵਰਕਰ ਦਾ ਰੋਲ ਸਭ ਤੋਂ ਪਹਿਲਾਂ ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਦਰਮਿਆਨ 2005 ਵਿੱਚ ਸ਼ੁਰੂ ਹੋਇਆ ਸੀ।

ਆਸ਼ਾ ਵਰਕਰ ਆਮ ਤੌਰ ਤੇ ਕੋਈ ਵੀ ਵਿਆਹੀ ਯਾ ਤਲਾਕਸ਼ੁਦਾ ਔਰਤ ਹੋ ਸਕਦੀ ਹੈ ਜਿਸ ਦੀ ਉਮਰ 25 ਤੋਂ 45 ਸਾਲ ਹੁੰਦੀ ਹੈ। ਆਸ਼ਾ ਵਰਕਰ ਬਣਨ ਲਈ ਉਸ ਔਰਤ ਦੀ ਘੱਟੋ ਘੱਟ ਅੱਠਵੀਂ ਕਲਾਸ ਤੱਕ ਦੀ ਪੜ੍ਹਾਈ ਕੀਤੀ ਹੋਣੀ ਚਾਹੀਦੀ ਹੈ ਤਾਂ ਜੋ ਉਹ ਲੋਕਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣੂ ਕਰਵਾ ਸਕੇ।

ਭਾਰਤ ਦੇ ਵਿੱਚ ਕੁੱਲ ਸਾਢੇ ਦਸ ਲੱਖ ਦੇ ਕਰੀਬ ਆਸ਼ਾ ਵਰਕਰ ਹਨ। ਸਰਕਾਰ ਦਾ ਟੀਚਾ ਇਹੀ ਹੈ ਕਿ ਹਰ ਪਹਾੜੀ ਅਤੇ ਟ੍ਰਾਈਬਲ ਖੇਤਰਾਂ ਵਿੱਚ 1000 ਹਜ਼ਾਰ ਦੀ ਆਬਾਦੀ ਮਗਰ ਘੱਟੋ ਘੱਟ ਇੱਕ ਆਸ਼ਾ ਵਰਕਰ ਹੋਵੇ। ਸਭ ਤੋਂ ਵੱਧ ਆਸ਼ਾ ਵਰਕਰ ਉੱਤਰ ਪ੍ਰਦੇਸ਼ ਵਿੱਚ ਹਨ ਅਤੇ ਉਸ ਤੋਂ ਬਾਅਦ ਬਿਹਾਰ ਅਤੇ ਮੱਧ ਪ੍ਰਦੇਸ਼ ਵਿੱਚ ਹਨ। ਰਾਸ਼ਟਰੀ ਹੈਲਥ ਮਿਸ਼ਨ ਡੇਟਾ ਦੇ ਅਨੁਸਾਰ ਗੋਆ ਇੱਕੋ ਇੱਕ ਅਜਿਹਾ ਸੂਬਾ ਹੈ ਜਿਸ ਵਿੱਚ ਕੋਈ ਆਸ਼ਾ ਵਰਕਰ ਨਹੀਂ ਹੈ।

ਆਸ਼ਾ ਵਰਕਰ ਘਰੋ ਘਰੀ ਜਾ ਕੇ ਲੋਕਾਂ ਨੂੰ ਸਿਹਤ ਲਈ ਚੰਗੀਆਂ ਚੀਜ਼ਾਂ ਜਿਵੇਂ ਕਿ ਚੰਗਾ ਹਾਈਜੀਨ, ਚੰਗੀ ਖੁਰਾਕ ਬਾਰੇ ਦੱਸਦੀ ਹੈ। ਗਰਭਵਤੀ ਔਰਤਾਂ ਦਾ ਨੀਓ ਨੈਟਲ ਚੈੱਕਅੱਪ ਕਰਾਉਣਾ, ਚੰਗੀ ਖ਼ੁਰਾਕ ਬਾਰੇ ਦੱਸਣਾ, ਜਨਮ ਤੋਂ ਬਾਅਦ ਬੱਚੇ ਦੀ ਚੰਗੀ ਖੁਰਾਕ ਬਾਰੇ ਜਾਣਕਾਰੀ ਦੇਣਾ ਵੀ ਆਸ਼ਾ ਵਰਕਰ ਦੇ ਮੁੱਖ ਕੰਮਾਂ ਵਿੱਚੋਂ ਇੱਕ ਹੈ।

ਆਸ਼ਾ ਵਰਕਰ ਘਰੋ ਘਰ ਜਾ ਕੇ ਛੋਟੇ ਬੱਚਿਆਂ ਦੇ ਚੱਲ ਰਹੇ ਇਮੀਨਾਈਜ਼ੇਸ਼ਨ ਪ੍ਰੋਗਰਾਮ ਬਾਰੇ ਵੀ ਮਾਪਿਆਂ ਨੂੰ ਜਾਣੂ ਕਰਵਾਉਂਦੀਆਂ ਹਨ। ਇਸ ਤੋਂ ਇਲਾਵਾ ਭਾਰਤ ਦੇ ਵਿੱਚ ਟੀ.ਬੀ ਦੀ ਬਿਮਾਰੀ ਦਾ ਜ਼ਿਆਦਾ ਲੋਡ ਹੋਣ ਕਾਰਨ ਆਸ਼ਾ ਵਰਕਰ ਰੋਜ਼ਮੱਰਾ ਦੀਆਂ ਟੀ.ਬੀ ਦੀਆਂ ਦਵਾਈਆਂ ਵੀ ਘਰਾਂ ਵਿੱਚ ਮੁਹੱਈਆ ਕਰਵਾਉਂਦੀਆਂ ਹਨ।

ਆਸ਼ਾ ਵਰਕਰਾਂ ਦਾ ਕੋਵਿਡ ਦੀ ਬੀਮਾਰੀ ਦੌਰਾਨ ਵੀ ਬਹੁਤ ਸ਼ਲਾਘਾਯੋਗ ਰੋਲ ਰਿਹਾ ਹੈ। ਉਨ੍ਹਾਂ ਵੱਲੋਂ ਘਰ ਘਰ ਜਾ ਕੇ ਲੋਕਾਂ ਦੇ ਟੈਸਟ ਕੀਤੇ ਗਏ ਹਨ ਤਾਂ ਜੋ ਇਸ ਕਮਿਯੂਨੀਕੇਬਲ ਬੀਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਵਿੱਚ ਵੀ ਕਾਫ਼ੀ ਹੱਦ ਤੱਕ ਆਸ਼ਾ ਵਰਕਰਾਂ ਨੇ ਕਾਮਯਾਬੀ ਹਾਸਲ ਕੀਤੀ ਸੀ।

ਪਰ ਤਰਾਸਦੀ ਇਹ ਹੈ ਕਿ ਵਲੰਟੀਅਰ ਹੋਣ ਕਾਰਨ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਪੱਕੀ ਤਨਖਾਹ ਨਹੀਂ ਦਿੱਤੀ ਜਾਂਦੀ ਬਲਕਿ ਉਨ੍ਹਾਂ ਦੀ ਕਮਾਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੇ ਨਾਲ ਇਨਸੈਂਟਿਵ ਕਰਕੇ ਹੀ ਹੁੰਦੀ ਹੈ। ਇਸ ਕਾਰਨ ਆਸ਼ਾ ਵਰਕਰ ਹੜਤਾਲਾਂ ਤੇ ਵੀ ਜਾ ਰਹੇ ਹਨ।

ਸਰਕਾਰ ਨੂੰ ਚਾਹੀਦਾ ਹੈ ਕਿ ਆਸ਼ਾ ਵਰਕਰਾਂ ਦੀਆਂ ਮੰਗਾਂ ਦਾ ਧਿਆਨ ਵੀ ਰੱਖਿਆ ਜਾਵੇ ਤਾਂ ਜੋ ਉਹ ਆਪਣੇ ਕੰਮਾਂ ਵਿਚ ਹੋਰ ਧਿਆਨ ਦੇ ਸਕਣ ਅਤੇ ਭਾਰਤ ਨੂੰ ਬਿਮਾਰੀਆਂ ਤੋਂ ਮੁਕਤ ਕਰਾਉਣ ਵਿੱਚ ਮਦਦ ਕਰ ਸਕਣ । ਹੁਣ ਤਾਂ ਵਿਸ਼ਵ ਹੈਲਥ ਆਰਗੇਨਾਈਜ਼ੇਸ਼ਨ ਨੇ ਵੀ ਆਸ਼ਾ ਵਰਕਰਾਂ ਦੀ ਕਦਰ ਪਾਈ ਹੈ ਅਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਆਸ਼ਾ ਵਰਕਰਾਂ ਦੀ ਤਨਖਾਹ ਫਿਕਸ ਕਰੇ ਅਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਕਦਰ ਪਾਵੇ।

Related Stories

No stories found.
logo
Punjab Today
www.punjabtoday.com