ਕੌਣ ਸਨ ਸੰਤ ਕਬੀਰ? ਭਾਰਤ ਵਿੱਚ ਬਣ ਰਿਹੈ ਸੰਤ ਕਬੀਰ ਅਕੈਡਮੀ ਅਤੇ ਰਿਸਰਚ ਸੈਂਟਰ

ਸੰਤ ਕਬੀਰ ਜੀ ਨੂੰ ਭਗਤੀ ਮੂਵਮੈਂਟ ਨਾਲ ਜੋੜ ਕੇ ਦੇਖਿਆ ਜਾਂਦਾ ਹੈ।
ਕੌਣ ਸਨ ਸੰਤ ਕਬੀਰ? ਭਾਰਤ ਵਿੱਚ ਬਣ ਰਿਹੈ ਸੰਤ ਕਬੀਰ ਅਕੈਡਮੀ ਅਤੇ ਰਿਸਰਚ ਸੈਂਟਰ

ਬੀਤੇ ਦਿਨੀਂ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੰਤ ਕਬੀਰ ਅਕੈਡਮੀ ਅਤੇ ਰਿਸਰਚ ਸੈਂਟਰ ਸਵਦੇਸ਼ ਦਰਸ਼ਨ ਯੋਜਨਾ ਦਾ ਉਦਘਾਟਨ ਉੱਤਰ ਪ੍ਰਦੇਸ਼ ਦੇ ਸ਼ਹਿਰ ਮੱਘਰ ਵਿਖੇ ਕੀਤਾ ਸੀ। ਇਤਿਹਾਸਕਾਰਾਂ ਅਨੁਸਾਰ ਕਬੀਰ ਜੀ ਮੱਘਰ ਵਿਖੇ ਹੀ ਜੋਤੀ ਜੋਤ ਸਮਾਏ ਸੀ।

ਕਬੀਰ ਚੌੜਾ ਧਾਮ ਵਿਖੇ ਰਾਮਨਾਥ ਕੋਵਿੰਦ ਨੇ ਆਪਣੇ ਭਾਸ਼ਣ ਵਿਚ ਕਿਹਾ ਸੀ ਕਿ ਕਬੀਰ ਜੀ ਮਾਨਵੀ ਗੁਣਾਂ ਦੇ ਮੁਜੱਸਮੇ ਸਨ ਅਤੇ ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ 650 ਸਾਲ ਬਾਅਦ ਵੀ ਕੰਮ ਦੀਆਂ ਹਨ। ਉਨ੍ਹਾਂ ਨੇ ਸਮਾਜ ਵਿੱਚ ਚੱਲ ਰਹੀਆਂ ਬੁਰਾਈਆਂ ਅਤੇ ਭੇਦਭਾਵ ਨੂੰ ਖ਼ਤਮ ਕਰਨ ਦੀ ਸ਼ੁਰੂਆਤ ਕੀਤੀ ਸੀ ਅਤੇ ਇਕ ਸੰਤ ਫ਼ਕੀਰ ਦੀ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕੀਤੀ ਸੀ।

ਸੰਤ ਕਬੀਰ ਜੀ ਨੂੰ ਭਗਤੀ ਮੂਵਮੈਂਟ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਭਗਤੀ ਮੂਵਮੈਂਟ ਜੋ ਸੱਤਵੀਂ ਸਦੀ ਵਿੱਚ ਦੱਖਣੀ ਭਾਰਤ ਵਿੱਚ ਸ਼ੁਰੂ ਹੋਈ ਸੀ, ਚੌਦਵੀਂ ਅਤੇ ਪੰਦਰਵੀਂ ਸਦੀ ਦੌਰਾਨ ਉੱਤਰੀ ਭਾਰਤ ਵਿੱਚ ਵੀ ਆ ਗਈ ਸੀ। ਇਸ ਮੂਵਮੈਂਟ ਨੂੰ ਉਨ੍ਹਾਂ ਸੰਤ ਫ਼ਕੀਰਾਂ ਕਵੀਆਂ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ ਜਿਨ੍ਹਾਂ ਨੇ ਰੱਬ ਦੀ ਭਗਤੀ ਅਤੇ ਉਨ੍ਹਾਂ ਦਾ ਵਡੱਪਣ ਦਿਖਾਉਣ ਲਈ ਲੋਕਲ ਭਾਸ਼ਾਵਾਂ ਚ ਗੀਤ ਗਾਏ ਸਨ। ਇਸ ਤੋਂ ਇਲਾਵਾ ਭਗਤੀ ਮੂਵਮੈਂਟ ਦੌਰਾਨ ਕਈ ਸੰਤ ਫ਼ਕੀਰਾਂ ਨੇ ਵਰਨ ਸਿਸਟਮ ਨੂੰ ਵੀ ਖ਼ਤਮ ਕਰਨ ਦੀ ਗੱਲ ਕੀਤੀ ਸੀ ਤਾਂ ਜੋ ਜਾਤ ਪਾਤ ਅਤੇ ਭੇਦਭਾਵ ਨੂੰ ਮਿਟਾਇਆ ਜਾ ਸਕੇ। ਭਗਤੀ ਮੂਵਮੈਂਟ ਨੂੰ ਹਿੰਦੂ ਮੁਸਲਮਾਨ ਏਕਤਾ ਨਾਲ ਵੀ ਜੋੜਿਆ ਜਾਂਦਾ ਹੈ।

ਉਸੇ ਭਗਤੀ ਮੂਮੈਂਟ ਦਾ ਇੱਕ ਸਕੂਲ ਨਿਗੁਣੀ ਸਕੂਲ ਸੀ। ਸੰਤ ਕਬੀਰ ਜੀ ਨਿਗੁਣੀ ਸਕੂਲ ਦੇ ਫਾਲੋਅਰ ਸਨ ਅਤੇ ਨਿਗੁਣੀ ਸਕੂਲ ਦੇ ਵਾਚਕਾਂ ਵਿੱਚੋਂ ਇੱਕ ਸਨ। ਨਿਗੂਣੀ ਭਗਤੀ ਮੂਵਮੈਂਟ ਅਨੁਸਾਰ ਪ੍ਰਮਾਤਮਾ ਇੱਕ ਹੈ ਦੀ ਪ੍ਰਥਾ ਸੀ। ਨਿਗੂਣੀ ਸਕੂਲ ਅਨੁਸਾਰ ਪਰਮਾਤਮਾ ਨੂੰ ਨਿਰਾਕਾਰ ਕਿਹਾ ਗਿਆ ਹੈ। ਇਸ ਅਨੁਸਾਰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਬਣਦਾ ਹੈ।

ਭਗਤੀ ਮੂਵਮੈਂਟ ਦੇ ਕਈ ਸੰਤ ਅਤੇ ਫ਼ਕੀਰ ਛੋਟੀਆਂ ਜਾਤਾਂ ਵਿੱਚੋਂ ਸਨ। ਸੰਤ ਕਬੀਰ ਜੀ ਵੀ ਜੁਲਾਹਾ ਸਨ ਜਦਕਿ ਸੰਤ ਰਵਿਦਾਸ ਜੀ ਇੱਕ ਚਮੜੇ ਦਾ ਕੰਮ ਕਰਨ ਵਾਲੇ ਸਨ। ਇਸ ਤੋਂ ਇਲਾਵਾ ਸੰਤ ਦਾਦੂ ਰੂੰ ਪਿੰਜਣ ਦਾ ਕੰਮ ਕਰਦੇ ਸਨ। ਇਨ੍ਹਾਂ ਵੱਲੋਂ ਰੂੜੀਵਾਦ ਖ਼ਿਲਾਫ਼ ਕੀਤਾ ਗਿਆ ਪ੍ਰਚਾਰ ਅਤੇ ਜਾਤ ਪਾਤ ਦਾ ਖੰਡਨ ਕਰਨ ਦੇ ਕਾਰਨ ਇਹ ਸੰਤ ਫ਼ਕੀਰ ਲੋਕਾਂ ਦੇ ਵਿੱਚ ਬਹੁਤ ਹਰਮਨ ਪਿਆਰੇ ਬਣ ਗਏ ਅਤੇ ਇਨ੍ਹਾਂ ਵੱਲੋਂ ਦਿੱਤਾ ਜਾ ਰਿਹਾ ਸਮਾਨਤਾ ਦਾ ਸੰਦੇਸ਼ ਪੂਰੇ ਭਾਰਤ ਵਿੱਚ ਫੈਲ ਗਿਆ ਸੀ।

ਸੰਤ ਕਬੀਰ ਜੀ ਦੀਆਂ ਲਿਖਤਾਂ ਨੂੰ ਤਿੰਨ ਸਾਹਿਤਕ ਵੰਨਗੀਆਂ ਵਿੱਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਵਿੱਚੋਂ ਇੱਕ ਹੈ ਦੋਹੇ ਜੋ ਕਿ ਦੋ ਪੰਕਤੀਆਂ ਵਿਚ ਲਿਖੇ ਗਏ ਸਨ, ਰਮਾਨੇ ਜੋ ਚਾਰ ਪੰਕਤੀਆਂ ਵਿਚ ਲਿਖੇ ਜਾਂਦੇ ਸਨ ਅਤੇ ਅਤੇ ਵੱਖ ਵੱਖ ਆਕਾਰ ਵਾਲੀਆਂ ਕੁਝ ਲਿਖਤਾਂ ਜਿਨ੍ਹਾਂ ਨੂੰ ਪਦ ਅਤੇ ਸ਼ਬਦ ਕਿਹਾ ਜਾਂਦਾ ਹੈ।

ਸੰਤ ਕਬੀਰ ਦਾ ਜਨਮ ਵਾਰਾਣਸੀ ਵਿਖੇ ਹੋਇਆ ਸੀ ਅਤੇ ਉਨ੍ਹਾਂ ਦੇ ਜਨਮ ਦੇ ਸਾਲਾਂ ਨੂੰ 1398 ਤੋਂ 1448 ਲਿਖਿਆ ਜਾਂਦਾ ਹੈ ਪਰ ਕੁਝ ਇਤਿਹਾਸਕਾਰਾਂ ਮੁਤਾਬਕ ਉਹ 1518 ਤਕ ਇਸ ਧਰਤੀ ਦੇ ਉੱਤੇ ਪ੍ਰਵਚਨ ਦਿੰਦੇ ਰਹੇ ਸਨ। ਇਹ ਕਿਹਾ ਜਾਂਦਾ ਹੈ ਕਿ ਅੰਗਰੇਜ਼ੀ ਹਕੂਮਤ ਦੌਰਾਨ ਪੰਜ ਲੱਖ ਦੇ ਕਰੀਬ ਲੇਬਰ ਜਿਨ੍ਹਾਂ ਨੂੰ ਅੰਗਰੇਜ਼ਾਂ ਵੱਲੋਂ ਤ੍ਰਿਨੀਦਾਦ, ਮੋਰੇਸ਼ੀਅਸ, ਫਿਜੀ ਭੇਜਿਆ ਗਿਆ ਸੀ, ਉਨ੍ਹਾਂ ਵਿੱਚ ਬਹੁਤੇ ਲੋਕ ਕਬੀਰ ਪੰਥ ਦੇ ਲੋਕ ਸਨ। ਹੁਣ ਤੱਕ ਵੀ ਉਨ੍ਹਾਂ ਦੇਸ਼ਾਂ ਦੇ ਵਿੱਚ ਕਬੀਰ ਪੰਥ ਦੇ ਲੋਕ ਪਾਏ ਜਾਂਦੇ ਹਨ। ਸੰਤ ਕਬੀਰ ਜੀ ਦੇ ਬਹੁਤ ਸਾਰੇ ਦੋਹੇ ਅਤੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਸ਼ਾਮਲ ਕੀਤੇ ਮਿਲਦੇ ਹਨ । ਸੰਤ ਕਬੀਰ ਜੀ ਦਾ ਜੀਵਨ ਸਾਨੂੰ ਜਾਤ ਪਾਤ ਅਤੇ ਹਰ ਕਿਸਮ ਦੇ ਭੇਦਭਾਵ ਖ਼ਤਮ ਕਰ ਕੇ ਸਮਾਨਤਾ ਦਾ ਜੀਵਨ ਜਿਊਣ ਦੀ ਪ੍ਰੇਰਨਾ ਦਿੰਦਾ ਹੈ।

Related Stories

No stories found.
logo
Punjab Today
www.punjabtoday.com