ਕਪੂਰਥਲਾ ਤੋਂ ਕਾਂਗਰਸ ਦੇ ਉਮੀਦਵਾਰ ਰਾਣਾ ਗੁਰਜੀਤ ਸਿੰਘ ਦੀ ਉਨ੍ਹਾਂ ਦੀ ਹੀ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਬਿਆਨਬਾਜ਼ੀ ਵਧਦੀ ਜਾ ਰਹੀ ਹੈ।
ਮਸਲਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀਓਂ ਲਾਹੁਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਹੈ ਅਤੇ ਚੰਨੀ, ਰਾਣਾ ਗੁਰਜੀਤ ਸਿੰਘ, ਜੋ ਕਿ 2018 ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਮੰਤਰੀ ਮੰਡਲ ਤੋਂ ਹਟਾਏ ਜਾਂਦੇ ਹਨ, ਨੂੰ ਦੁਬਾਰਾ ਆਪਣੇ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲੈਂਦੇ ਹਨ ।
ਸਿੱਧੂ ਇਸ ਗੱਲ ਤੇ ਨਾਰਾਜ਼ ਹੁੰਦੇ ਹਨ ਕਿ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦਾ ਕੀ ਫ਼ਾਇਦਾ ਜੇ ਭ੍ਰਿਸ਼ਟ ਮੰਤਰੀਆਂ ਨੂੰ ਹੀ ਦੁਬਾਰਾ ਕੈਬਨਿਟ ਦੇ ਵਿਚ ਜਗ੍ਹਾ ਦੇਣੀ ਹੈ ।
ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਲਗਾਤਾਰ ਆਪਣੀ ਹੀ ਪਾਰਟੀ ਦੇ ਕਈ ਫ਼ੈਸਲਿਆਂ ਖ਼ਿਲਾਫ਼ ਟਵੀਟ ਕਰਦੇ ਰਹੇ ਹਨ ਅਤੇ ਰਾਣਾ ਗੁਰਜੀਤ ਇਹ ਕਹਿੰਦੇ ਰਹੇ ਹਨ ਕਿ ਨਵਜੋਤ ਸਿੱਧੂ ਨੂੰ ਪਾਰਟੀ ਦੇ ਡਿਸਿਪਲਨ ਦਾ ਪਾਲਣ ਕਰਨਾ ਚਾਹੀਦਾ ਹੈ ।
ਹਲਕਾ ਸੁਲਤਾਨਪੁਰ ਲੋਧੀ ਦੀ ਰੈਲੀ ਦੌਰਾਨ ਨਵਜੋਤ ਸਿੱਧੂ ਆਉਂਦੇ ਹਨ ਅਤੇ ਪਾਰਟੀ ਹਾਈ ਕਮਾਂਡ ਵੱਲੋਂ ਬਿਨਾਂ ਟਿਕਟ ਅਨਾਊਂਸ ਕੀਤੇ ਹੀ ਨਵਤੇਜ ਸਿੰਘ ਚੀਮਾ ਨੂੰ ਪਾਰਟੀ ਦਾ ਉਮੀਦਵਾਰ ਬਣਾ ਕੇ ਥਾਪੀ ਦੇ ਜਾਂਦੇ ਹਨ । ਜਦ ਕਿ ਰਾਣਾ ਗੁਰਜੀਤ ਸਿੰਘ ਆਪਣੇ ਸਪੁੱਤਰ ਰਾਣਾ ਇੰਦਰ ਪ੍ਰਤਾਪ ਨੂੰ ਸੁਲਤਾਨਪੁਰ ਲੋਧੀ ਤੋਂ ਟਿਕਟ ਦਿਵਾਉਣਾ ਚਾਹੁੰਦੇ ਹਨ । ਤਾਂ ਇਸ ਤੇ ਵੀ ਰਾਣਾ ਗੁਰਜੀਤ ਸਿੱਧੂ ਦੀ ਵਿਰੋਧਤਾ ਕਰਦੇ ਹਨ ਅਤੇ ਕਹਿੰਦੇ ਹਨ ਕਿ ਪਾਰਟੀ ਹਾਈ ਕਮਾਂਡ ਦੇ ਫੈਸਲੇ ਤੋਂ ਬਿਨਾਂ ਟਿਕਟ ਵੰਡਣ ਵਾਲੇ ਉਹ ਕੌਣ ਹੁੰਦੇ ਹਨ ।
ਰਾਣਾ ਗੁਰਜੀਤ ਜੋ ਕਿ ਆਪਣੇ ਆਪ ਨੂੰ ਇਕ ਅਜਿਹੇ ਲੀਡਰ ਕਹਾਉਂਦੇ ਹਨ ਕਿ ਜੇ ਉਹ ਕਿਸੇ ਨਾਲ ਦੁਸ਼ਮਣੀ ਪਾ ਲੈਣ ਤਾਂ ਉਹ ਉਸ ਦੁਸ਼ਮਨੀ ਨੂੰ ਚੰਗੀ ਤਰ੍ਹਾਂ ਨਿਭਾਉਂਦੇ ਹਨ ।
ਰਾਣਾ ਗੁਰਜੀਤ ਕਹਿੰਦੇ ਨੇ ਕਿ ਨਵਜੋਤ ਸਿੱਧੂ ਕਾਂਗਰਸ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਸੱਚੇ ਕਾਂਗਰਸੀਆਂ ਉਤੇ ਸ਼ੱਕ ਕਰਦੇ ਰਹੇ ਹਨ ।
ਉਨ੍ਹਾਂ ਕਿਹਾ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਕਾਂਗਰਸ ਨੂੰ ਦਿੱਤੀ ਹੈ ਅਤੇ ਉਨ੍ਹਾਂ ਨੇ ਕਾਂਗਰਸ ਕਦੇ ਮੁੱਖ ਮੰਤਰੀ ਬਣਨ ਲਈ ਨਹੀਂ ਜੁਆਇਨ ਕੀਤੀ ਸੀ। ਪਰ ਨਵਜੋਤ ਸਿੰਘ ਸਿੱਧੂ ਮੁੱਖ ਮੁੱਦਾ ਹੀ ਸਿਰਫ਼ ਮੁੱਖ ਮੰਤਰੀ ਬਣਨਾ ਹੈ।
ਰਾਣਾ ਨੇ ਕਿਹਾ ਕਿ ਜੋ ਬੰਦੇ ਨੂੰ ਹਾਲੇ ਪਾਰਟੀ ਜੁਆਇਨ ਕੀਤੇ ਨੂੰ ਪੰਜ ਸਾਲ ਵੀ ਨਹੀਂ ਹੋਏ ਉਹ ਸਾਨੂੰ ਸਿਖਾ ਰਿਹਾ ਹੈ ਕਿ ਕਾਂਗਰਸ ਵਿੱਚ ਕੰਮ ਕਿਵੇਂ ਹੋਵੇਗਾ ।
ਜ਼ਿਕਰਯੋਗ ਹੈ ਕਿ ਪਹਿਲਾਂ ਤੋਂ ਹੀ ਆਪਸੀ ਕਾਟੋ ਕਲੇਸ਼ ਵਿੱਚ ਉਲਝੀ ਪਈ ਕਾਂਗਰਸ ਇਨ੍ਹਾਂ ਬਿਆਨਬਾਜ਼ੀਆਂ ਤੋਂ ਬਾਅਦ ਹੋਰ ਵੀ ਨੁਕਸਾਨ ਝੱਲ ਸਕਦੀ ਹੈ। ਲੋਕਾਂ ਨੇ ਤਾਂ ਇੱਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਇਹ ਸਾਰੇ ਕਾਂਗਰਸੀ ਆਪਣੀ ਆਪਣੀ ਕੁਰਸੀ ਦੇ ਭੁੱਖੇ ਹਨ ।
ਕਾਂਗਰਸ ਦੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਕਾਂਗਰਸ ਤਾਂ ਕਲੇਸ਼ ਇੱਥੋਂ ਤਕ ਵਧ ਗਿਆ ਹੈ ਕਿ ਬਾਜਵੇ ਦੀ ਰੰਧਾਵੇ ਨਾਲ ਨਹੀਂ ਬਣਦੀ ਰੰਧਾਵੇ ਦੀ ਰਾਣੀ ਨਾਲ ਨਹੀਂ ਬਣਦੀ ਰਾਣੇ ਦੀ ਸਿੱਧੂ ਨਾਲ ਨਹੀਂ ਬਣਦੀ ਅਤੇ ਸਿੱਧੂ ਦੀ ਕਿਸੇ ਨਾਲ ਵੀ ਨਹੀਂ ਬਣਦੀ ।
ਹੁਣ ਤਾਂ ਦੇਖਣਾ ਇਹ ਹੋਵੇਗਾ ਕਿ ਇਸ ਸਿਆਸੀ ਵੈਰ ਵਿੱਚ ਕਾਂਗਰਸ ਕਿੰਨੀਆਂ ਕੁ ਸੀਟਾਂ ਜਿੱਤ ਸਕਦੀ ਹੈ।