
ਜੰਮੂ-ਕਸ਼ਮੀਰ ਤੋਂ ਇਕ ਮਾੜੀ ਖਬਰ ਸਾਹਮਣੇ ਆ ਰਹੀ ਹੈ। ਜੰਮੂ-ਕਸ਼ਮੀਰ 'ਚ ਵੀਰਵਾਰ ਨੂੰ ਹੋਏ ਹਮਲੇ 'ਚ ਮਾਰੇ ਗਏ ਪੰਜ ਜਵਾਨਾਂ 'ਚੋਂ ਚਾਰ ਪੰਜਾਬ ਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਜਵਾਨਾਂ ਦੀ ਸ਼ਹਾਦਤ 'ਤੇ ਦੁੱਖ ਪ੍ਰਗਟਾਇਆ ਹੈ। ਸ਼ਹੀਦ ਹੋਣ ਵਾਲਿਆਂ ਵਿੱਚ ਮਨਦੀਪ ਸਿੰਘ ਵਾਸੀ ਚੱਕੋਈਆਂ ਕਲਾਂ ਲੁਧਿਆਣਾ, ਹਰੀਕ੍ਰਿਸ਼ਨ ਸਿੰਘ ਵਾਸੀ ਤਲਵੰਡੀ ਭਰਥ ਗੁਰਦਾਸਪੁਰ, ਕੁਲਵੰਤ ਸਿੰਘ ਵਾਸੀ ਚੜਿੱਕ ਮੋਗਾ ਅਤੇ ਸੇਵਕ ਸਿੰਘ ਬਾਘਾ ਬਠਿੰਡਾ ਸ਼ਾਮਲ ਹਨ।
ਪੁੰਛ ਵਿੱਚ ਸ਼ਹੀਦ ਹੋਏ ਜਵਾਨਾਂ ਵਿੱਚੋਂ ਇੱਕ ਕੁਲਵੰਤ ਸਿੰਘ ਮੋਗਾ ਦੇ ਪਿੰਡ ਚੜਿੱਕ ਦਾ ਵਸਨੀਕ ਹੈ। ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਦੇ ਪਿਤਾ ਵੀ ਕਾਰਗਿਲ ਵਿੱਚ ਸ਼ਹੀਦ ਹੋਏ ਸਨ। ਕੁਲਵੰਤ ਦੀ ਡੇਢ ਸਾਲ ਦੀ ਬੇਟੀ ਅਤੇ ਤਿੰਨ ਮਹੀਨੇ ਦਾ ਬੇਟਾ ਹੈ। ਕੁਲਵੰਤ ਸਿੰਘ ਮਹੀਨਾ ਪਹਿਲਾਂ ਛੁੱਟੀ 'ਤੇ ਪਿੰਡ ਆਇਆ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਲਿਖਿਆ ਹੈ ਕਿ ਸ਼ਹੀਦ ਅਮਰ ਰਹਿੰਦੇ ਹਨ। ਉਨ੍ਹਾਂ ਨੇ ਸ਼ਹੀਦ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
ਪੂੰਛ ਜ਼ਿਲੇ ਦੇ ਭਟਾਦੁਰੀਆ ਇਲਾਕੇ 'ਚ ਫੌਜ ਦੇ ਵਾਹਨ 'ਤੇ ਹੋਏ ਅੱਤਵਾਦੀ ਹਮਲੇ 'ਚ 5 ਜਵਾਨ ਸ਼ਹੀਦ ਹੋ ਗਏ। ਅੱਤਵਾਦੀਆਂ ਦੇ ਹਮਲੇ ਕਾਰਨ ਗੱਡੀ ਨੂੰ ਅੱਗ ਲੱਗ ਗਈ। ਸਿਪਾਹੀ ਅੱਗ ਵਿੱਚ ਝੁਲਸ ਗਏ। ਇਕ ਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੈ, ਜਿਸ ਨੂੰ ਹਵਾਈ ਜਹਾਜ਼ ਰਾਹੀਂ ਇਲਾਜ ਲਈ ਮਿਲਟਰੀ ਹਸਪਤਾਲ ਭੇਜਿਆ ਗਿਆ ਹੈ। ਉੱਤਰੀ ਕਮਾਂਡ ਹੈੱਡਕੁਆਰਟਰ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਜਵਾਨਾਂ ਨੂੰ ਲੈ ਕੇ ਟਰੱਕ ਭਿੰਬਰ ਗਲੀ ਤੋਂ ਪੁੰਛ ਵੱਲ ਜਾ ਰਿਹਾ ਸੀ, ਮੀਂਹ ਪੈ ਰਿਹਾ ਸੀ। ਵਿਜ਼ੀਬਿਲਟੀ ਵੀ ਬਹੁਤ ਘੱਟ ਸੀ। ਇਸ ਦਾ ਫਾਇਦਾ ਅੱਤਵਾਦੀਆਂ ਨੇ ਚੁੱਕਿਆ। ਹਮਲੇ 'ਚ ਇਕ ਜਵਾਨ ਵੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਹੈ।
ਫੌਜ ਦੇ ਬੁਲਾਰੇ ਨੇ ਦੱਸਿਆ ਕਿ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਅੱਤਵਾਦੀ ਸੰਗਠਨ ਪੀਪਲਜ਼ ਐਂਟੀ ਫਾਸੀਵਾਦੀ ਫਰੰਟ (ਪੀਏਐਫਐਫ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅਗਲੇ ਮਹੀਨੇ 22 ਤੋਂ 24 ਮਈ ਤੱਕ ਸ਼੍ਰੀਨਗਰ 'ਚ ਹੋਣ ਵਾਲੀ ਜੀ-20 ਬੈਠਕ ਦੇ ਮੱਦੇਨਜ਼ਰ ਫੌਜ ਨੂੰ ਅਲਰਟ ਰਹਿਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।