ਅੰਮ੍ਰਿਤਸਰ G20:4 ਸਕੂਲ ਹੋਣਗੇ ਅਪਗ੍ਰੇਡ, 20 ਦੇਸ਼ਾਂ ਦੇ ਨੁਮਾਇੰਦੇ ਪਹੁੰਚਣਗੇ

ਅੰਮ੍ਰਿਤਸਰ ਦੇ ਇਹ 4 ਸਕੂਲ ਅਗਲੇ ਮਹੀਨੇ ਹੋਣ ਵਾਲੇ ਜੀ-20 ਸੰਮੇਲਨ ਦੌਰਾਨ ਦਿਖਾਏ ਜਾਣਗੇ। ਜੀ20 ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ 15 ਮਾਰਚ ਨੂੰ ਸ਼ੁਰੂ ਹੋਣ ਵਾਲੀ ਹੈ।
ਅੰਮ੍ਰਿਤਸਰ G20:4 ਸਕੂਲ ਹੋਣਗੇ ਅਪਗ੍ਰੇਡ, 20 ਦੇਸ਼ਾਂ ਦੇ ਨੁਮਾਇੰਦੇ ਪਹੁੰਚਣਗੇ
Updated on
2 min read

ਅੰਮ੍ਰਿਤਸਰ 'ਚ G20 ਸੰਮੇਲਨ ਦੀਆਂ ਤਿਆਰੀ ਜ਼ੋਰਾ ਸ਼ੋਰਾ 'ਤੇ ਸ਼ੁਰੂ ਹੋ ਗਈਆਂ ਹਨ। ਪੰਜਾਬ ਦੇ 117 ਸਕੂਲਾਂ ਨੂੰ 'ਸਕੂਲ ਆਫ਼ ਐਮੀਨੈਂਸ' ਸਕੀਮ ਤਹਿਤ ਅਪਗ੍ਰੇਡ ਕਰਨ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਜਿਸ ਵਿੱਚ ਅੰਮ੍ਰਿਤਸਰ ਦੇ 8 ਸਕੂਲ ਸ਼ਾਮਲ ਹਨ, ਪਰ ਇਨ੍ਹਾਂ ਵਿੱਚੋਂ 4 ਸਕੂਲ ਅਜਿਹੇ ਹਨ, ਜਿਨ੍ਹਾਂ ਨੂੰ 28 ਫਰਵਰੀ ਤੱਕ ਪੂਰੀ ਤਰ੍ਹਾਂ ਅਪਗ੍ਰੇਡ ਕਰਨ ਦੇ ਹੁਕਮ ਦਿੱਤੇ ਗਏ ਹਨ।

ਇਹ ਉਹ ਸਕੂਲ ਹਨ, ਜਿੱਥੇ ਜੀ-20 ਸੰਮੇਲਨ ਦੌਰਾਨ 20 ਦੇਸ਼ਾਂ ਦੇ ਪ੍ਰਤੀਨਿਧੀ ਪਹੁੰਚਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਜੀਐਸਐਸਐਸ) ਛੇਹਰਟਾ, ਜੀਐਸਐਸਐਸ ਟਾਊਨ ਹਾਲ, ਜੀਐਸਐਸਐਸ ਮਾਲ ਰੋਡ ਅਤੇ ਜੀਐਸਐਸਐਸ ਜੰਡਿਆਲਾ ਗੁਰੂ (ਲੜਕੀਆਂ ਲਈ) ਸ਼ਾਮਲ ਹਨ। ਅੰਮ੍ਰਿਤਸਰ ਦੇ ਇਹ 4 ਸਕੂਲ ਅਗਲੇ ਮਹੀਨੇ ਹੋਣ ਵਾਲੇ ਜੀ-20 ਸੰਮੇਲਨ ਦੌਰਾਨ ਦਿਖਾਏ ਜਾਣਗੇ। ਜੀ20 ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ 15 ਮਾਰਚ ਨੂੰ ਸ਼ੁਰੂ ਹੋਣ ਵਾਲੀ ਹੈ।

ਇਸ ਵਿੱਚ ਜੀ-20 ਦੇਸ਼ਾਂ, ਮਹਿਮਾਨ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਨੁਮਾਇੰਦਿਆਂ ਸਮੇਤ 120 ਤੋਂ ਵੱਧ ਪ੍ਰਤੀਨਿਧਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਨ੍ਹਾਂ 4 ਸਕੂਲਾਂ ਨੂੰ ਅਪਗ੍ਰੇਡ ਕਰਨ ਲਈ ਪੰਜਾਬ ਸਰਕਾਰ ਵੱਲੋਂ 11 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਹੁਕਮ ਦਿੱਤੇ ਗਏ ਹਨ ਕਿ ਇਨ੍ਹਾਂ ਸਕੂਲਾਂ ਦਾ ਕੰਮ 28 ਫਰਵਰੀ ਤੱਕ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਜੇਕਰ ਕੋਈ ਕਮੀ ਹੈ ਤਾਂ 15 ਮਾਰਚ ਤੋਂ ਪਹਿਲਾਂ-ਪਹਿਲਾਂ ਉਸ ਨੂੰ ਠੀਕ ਕੀਤਾ ਜਾ ਸਕੇ।

ਸਕੂਲ ਆਫ ਐਮੀਨੈਂਸ ਦੇ ਤੌਰ 'ਤੇ ਅਪਗ੍ਰੇਡ ਕੀਤੇ ਜਾਣ ਨਾਲ, ਉਨ੍ਹਾਂ ਵਿੱਚ ਨਵੀਨਤਮ ਤਕਨਾਲੋਜੀਆਂ ਸ਼ਾਮਲ ਕੀਤੀਆਂ ਜਾਣੀਆਂ ਹਨ। ਇਨ੍ਹਾਂ ਸਕੂਲਾਂ ਵਿੱਚ ਪ੍ਰੋਜੈਕਟਰ, ਐਲਈਡੀ ਸਕਰੀਨਾਂ, ਸਪੀਕਰਾਂ ਦੇ ਨਾਲ ਸਮਾਰਟ ਬੋਰਡ ਵੀ ਹੋਣਗੇ। ਇੰਨਾ ਹੀ ਨਹੀਂ ਹਰ ਵਿਸ਼ੇ ਲਈ ਆਡੀਓ-ਵੀਡੀਓ ਸਮੱਗਰੀ ਵੀ ਤਿਆਰ ਕੀਤੀ ਗਈ ਹੈ, ਜਿਸ ਰਾਹੀਂ ਇੱਥੇ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ। ਇਨ੍ਹਾਂ ਸਕੂਲਾਂ ਵਿੱਚ ਅਧਿਆਪਕਾਂ ਦੀ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਰਾਜ ਦੇ ਸਰਵੋਤਮ ਅਧਿਆਪਕ ਇੱਥੇ 35:1 (ਵਿਦਿਆਰਥੀ ਅਧਿਆਪਕਾਂ ਦਾ ਅਨੁਪਾਤ) ਦੇ ਅਨੁਪਾਤ ਨਾਲ ਪੜ੍ਹਾਉਣਗੇ।

ਇਸ ਤੋਂ ਪਹਿਲਾ ਪਿੱਛਲੇ ਮਹੀਨੇ ਜੀ-20 ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਹੋਈ ਮੀਟਿੰਗ ਦੌਰਾਨ ਇੰਦਰਬੀਰ ਸਿੰਘ ਨਿੱਝਰ ਅਤੇ ਹਰਭਜਨ ਸਿੰਘ ਈ.ਟੀ.ਓ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਾਰੇ ਕੰਮ ਸਮਾਂਬੱਧ ਢੰਗ ਨਾਲ ਮੁਕੰਮਲ ਕਰਨ। ਡਾ. ਨਿੱਝਰ ਨੇ ਕਿਹਾ ਕਿ ਅੰਤਰਰਾਸ਼ਟਰੀ ਸੰਮੇਲਨ ਤੋਂ ਪਹਿਲਾਂ ਸ਼ਹਿਰ ਦੇ ਸੁੰਦਰੀਕਰਨ 'ਤੇ 100 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਜਿਸ ਵਿਚ ਹੋਰ ਪਤਵੰਤਿਆਂ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਮੁਖੀਆਂ ਦੀ ਸ਼ਮੂਲੀਅਤ ਹੋਵੇਗੀ।

Related Stories

No stories found.
logo
Punjab Today
www.punjabtoday.com