ਇਸ ਵਾਰ ਲੰਗੂਰ ਮੇਲੇ 'ਚ 4856 ਬੱਚੇ, ਇਕ ਵਿਦੇਸ਼ ਤੋਂ ਆਇਆ, ਉਤਾਰਨਗੇ ਚੋਲਾ

ਇਸ ਵਾਰ ਲੰਗੂਰ ਮੇਲੇ ਵਿੱਚ 4856 ਬੱਚਿਆਂ ਨੇ ਰਜਿਸਟ੍ਰੇਸ਼ਨ ਕਰਵਾਈ। ਇਨ੍ਹਾਂ ਵਿੱਚੋਂ ਸਭ ਤੋਂ ਛੋਟਾ ਬੱਚਾ 4 ਮਹੀਨੇ ਦਾ ਹੈ। ਲੰਗੂਰ ਬਣਨ ਵਾਲਿਆਂ ਵਿੱਚ ਸਾਢੇ 24 ਸਾਲ ਦਾ ਇੱਕ ਨੌਜਵਾਨ ਵੀ ਸ਼ਾਮਲ ਹੈ।
ਇਸ ਵਾਰ ਲੰਗੂਰ ਮੇਲੇ 'ਚ 4856 ਬੱਚੇ, ਇਕ ਵਿਦੇਸ਼ ਤੋਂ ਆਇਆ, ਉਤਾਰਨਗੇ ਚੋਲਾ

ਅੰਮ੍ਰਿਤਸਰ ਦਾ ਦੁਰਗਿਆਨਾ ਮੰਦਿਰ ਭਾਰਤ ਦਾ ਇੱਕੋ ਇੱਕ ਅਜਿਹਾ ਮੰਦਰ ਹੈ, ਜਿੱਥੇ ਲੋਕ ਸੁੱਖਣਾ ਪੂਰੀ ਹੋਣ 'ਤੇ ਪੂਰੀ ਨਵਰਾਤਰੀ ਲਈ ਆਪਣੇ ਬੱਚੇ ਨੂੰ ਲੰਗੂਰ ਦੇ ਰੂਪ ਵਿੱਚ ਰੱਖਦੇ ਹਨ। ਇਸ ਮੇਲੇ ਵਿੱਚ ਬੱਚੇ ਲੰਗੂਰ ਦਾ ਰੂਪ ਧਾਰਨ ਕਰਦੇ ਹੋਏ, ਚਾਂਦੀ ਦੇ ਰੰਗ ਵਾਲਾ ਲਾਲ ਪਹਿਰਾਵਾ, ਸਿਰ 'ਤੇ ਸ਼ੰਕੂ ਵਾਲੀ ਟੋਪੀ ਅਤੇ ਹੱਥ ਵਿੱਚ ਸੋਟੀ ਲੈ ਕੇ ਆਉਂਦੇ ਹਨ।

ਅੱਜ ਦੁਸਹਿਰੇ 'ਤੇ ਉਸੇ ਧੂਮ-ਧਾਮ ਨਾਲ ਸਮਾਪਤ ਹੋ ਰਿਹਾ ਹੈ, ਜਿਸ ਨਾਲ ਪਹਿਲੀ ਨਵਰਾਤਰੀ ਮੌਕੇ ਪੈਰਾਂ 'ਚ ਬੰਨ੍ਹੇ ਘੁੰਗਰੂਆਂ ਦੀ ਛੱਮ ਛੱਮ ਨਾਲ ਢੋਲ ਵਜਾਉਂਦੇ ਹੋਏ, ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਇਹ ਮੇਲਾ ਸ਼ੁਰੂ ਹੋਇਆ ਸੀ। ਇਸ ਵਾਰ ਲੰਗੂਰ ਮੇਲੇ ਵਿੱਚ 4856 ਬੱਚਿਆਂ ਨੇ ਰਜਿਸਟ੍ਰੇਸ਼ਨ ਕਰਵਾਈ। ਇਨ੍ਹਾਂ ਵਿੱਚੋਂ ਸਭ ਤੋਂ ਛੋਟਾ ਬੱਚਾ 4 ਮਹੀਨੇ ਦਾ ਹੈ। ਇਸ ਸਾਲ ਵਿਦੇਸ਼ ਤੋਂ ਇੱਕ ਬੱਚਾ ਮੇਲੇ ਵਿੱਚ ਪਹੁੰਚਿਆ ਹੈ।

ਲੰਗੂਰ ਬਣਨ ਵਾਲਿਆਂ ਵਿੱਚ ਸਾਢੇ 24 ਸਾਲ ਦਾ ਇੱਕ ਨੌਜਵਾਨ ਵੀ ਸ਼ਾਮਲ ਹੈ। ਭਾਰਤ ਵਿਚ ਇਸ ਤਰ੍ਹਾਂ ਦੇ ਇਕਲੌਤੇ ਮੇਲੇ ਦਾ ਸਭ ਤੋਂ ਵੱਡਾ ਆਕਰਸ਼ਣ ਲੰਗੂਰ ਬਣਨ ਵਾਲੇ ਬੱਚੇ ਹਨ। ਕੋਰੋਨਾ ਕਾਰਨ ਸਾਲ 2020 ਵਿੱਚ ਲੰਗੂਰ ਮੇਲਾ ਨਹੀਂ ਹੋਇਆ ਸੀ। 2021 'ਚ ਲੰਗੂਰ ਮੇਲਾ ਫੇਰ ਦੋਬਾਰਾ ਸ਼ੁਰੂ ਹੋਇਆ ਸੀ ,ਪਰ ਕੋਰੋਨਾ ਕਾਰਨ ਇਸ 'ਚ ਸਿਰਫ 3 ਹਜ਼ਾਰ ਬੱਚੇ ਹੀ ਆਏ ਸਨ।

ਇਸ ਵਾਰ ਕੋਰੋਨਾ ਦੀ ਲਹਿਰ ਪੂਰੀ ਤਰ੍ਹਾਂ ਖਤਮ ਹੋਣ ਤੋਂ ਬਾਅਦ ਪਹਿਲੀ ਵਾਰ ਇੰਨੀ ਵੱਡੀ ਗਿਣਤੀ 'ਚ ਬੱਚੇ ਲੰਗੂਰ ਮੇਲੇ 'ਚ ਪਹੁੰਚੇ। ਅੱਜ ਸ਼ਾਮ ਦੁਸਹਿਰੇ ਦੇ ਮੌਕੇ 'ਤੇ ਰਾਵਣ-ਮੇਘਨਾਦ ਦੇ ਪੁਤਲੇ ਸਾੜੇ ਜਾਣ ਤੋਂ ਬਾਅਦ ਇਹ ਬੱਚੇ ਭਲਕੇ ਸਵੇਰੇ ਦੁਰਗਿਆਣਾ ਮੰਦਰ ਦੇ ਵੱਡੇ ਹਨੂੰਮਾਨ ਮੰਦਿਰ 'ਚ ਪਹੁੰਚ ਕੇ ਬਜਰੰਗ ਬਲੀ ਅੱਗੇ ਮੱਥਾ ਟੇਕ ਕੇ ਆਪਣੇ ਚੋਲਾ ਉਤਾਰਨਗੇ। ਚੋਲਾ ਉਤਾਰਨ ਤੋਂ ਬਾਅਦ ਬੱਚੇ ਮਾਪਿਆਂ ਨਾਲ ਆਪੋ-ਆਪਣੇ ਘਰਾਂ ਨੂੰ ਚਲੇ ਜਾਣਗੇ।

ਦੁਰਗਿਆਣਾ ਮੰਦਿਰ ਕੰਪਲੈਕਸ 'ਚ ਵੱਡੇ ਹਨੂੰਮਾਨ ਮੰਦਰ 'ਚ ਸ਼ਰਧਾਲੂਆਂ ਦੀ ਭੀੜ ਨੂੰ ਦੇਖਦੇ ਹੋਏ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ। ਲੰਗੂਰ ਬਣਨ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇੱਥੇ ਕਈ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਮੇਲੇ ਦੇ ਪਹਿਲੇ ਦਿਨ ਲੰਗਰ ਛਕਣ ਤੋਂ ਪਹਿਲਾਂ ਪੂਜਾ ਅਰਚਨਾ ਕੀਤੀ ਜਾਂਦੀ ਹੈ, ਜਿਸ ਵਿੱਚ ਮਿਠਾਈ, ਨਾਰੀਅਲ ਅਤੇ ਫੁੱਲਾਂ ਦੇ ਹਾਰ ਚੜ੍ਹਾਏ ਜਾਂਦੇ ਹਨ।

ਇਸ ਤੋਂ ਬਾਅਦ ਪੁਜਾਰੀ ਤੋਂ ਆਸ਼ੀਰਵਾਦ ਲੈਣ ਉਪਰੰਤ ਬੱਚਿਆਂ ਨੂੰ ਲੰਗੂਰ ਦਾ ਚੋਲਾ ਪਹਿਨਾਇਆ ਜਾਂਦਾ ਹੈ। ਲੰਗੂਰ ਬਣਨ ਵਾਲੇ ਬੱਚਿਆਂ ਨੂੰ ਰੋਜ਼ਾਨਾ ਦੋ ਵਾਰ ਮੰਦਿਰ ਵਿੱਚ ਮਥਾ ਟੇਕਣ ਲਈ ਆਉਣਾ ਪੈਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਜ਼ਮੀਨ 'ਤੇ ਸੌਣਾ ਪੈਂਦਾ ਹੈ। ਨਵਰਾਤਰੀ ਦੌਰਾਨ ਨੰਗੇ ਪੈਰੀਂ ਰਹਿਣਾ ਪੈਂਦਾ ਹੈ। ਇਸ ਦੌਰਾਨ ਚਾਕੂ ਨਾਲ ਕੱਟਿਆ ਹੋਇਆ ਕੁਝ ਵੀ ਨਹੀਂ ਖਾਧਾ ਜਾਂਦਾ ਹੈ। ਪੂਰੇ ਮੇਲੇ ਦੌਰਾਨ ਵੈਸ਼ਨੋ ਭੋਜਨ ਕਰਨਾ ਪੈਂਦਾ ਹੈ । ਲੰਗੂਰ ਬਣਨ ਵਾਲੇ ਬੱਚੇ ਆਪਣੇ ਘਰ ਤੋਂ ਇਲਾਵਾ ਕਿਸੇ ਹੋਰ ਦੇ ਘਰ ਨਹੀਂ ਜਾ ਸਕਦੇ।

ਲੰਗੂਰ ਬਣ ਜਾਣ ਵਾਲਾ ਬੱਚਾ ਸੂਈ, ਧਾਗਾ ਅਤੇ ਕੈਂਚੀ ਨਹੀਂ ਚਲਾ ਸਕਦਾ। ਦਿਨ ਵਿੱਚ 11 ਵਾਰ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ। ਦੁਸਹਿਰੇ ਵਾਲੇ ਦਿਨ ਲੰਗੂਰ ਬਣੇ ਬੱਚੇ ਰਾਵਣ ਅਤੇ ਮੇਘਨਾਦ ਦੇ ਪੁਤਲਿਆਂ 'ਤੇ ਤੀਰ ਚਲਾਉਂਦੇ ਹਨ। ਅਗਲੇ ਦਿਨ ਸਾਰੇ ਬੱਚੇ ਮੰਦਿਰ ਵਿੱਚ ਹਨੂੰਮਾਨ ਜੀ ਅੱਗੇ ਮੱਥਾ ਟੇਕ ਕੇ ਆਪਣੇ ਤੀਰ ਅਤੇ ਆਪਣੇ ਬਾਣ ਉਤਾਰਦੇ ਹਨ।

Related Stories

No stories found.
logo
Punjab Today
www.punjabtoday.com