
ਪੰਜਾਬ ਵਿੱਚ ਪਿੱਛਲੇ ਦਿਨੀ ਇਕ ਬਹੁਤ ਵਧੀਆ ਉਪਰਾਲਾ ਵੇਖਣ ਨੂੰ ਮਿਲਿਆ। ਪੰਜਾਬ ਦੇ ਪਟਿਆਲਾ 'ਚ 10ਵੀਂ ਜਮਾਤ ਦੀ ਵਿਦਿਆਰਥਣ ਮਹਿਫੂਜ਼ਾ ਦੇ 'ਆਈਏਐਸ ਅਫ਼ਸਰ' ਬਣਨ ਦੇ ਸੁਪਨੇ ਨੂੰ ਮੰਗਲਵਾਰ ਨੂੰ ਉਸ ਸਮੇਂ ਖੰਭ ਲੱਗ ਗਏ, ਜਦੋਂ ਡੀਸੀ ਸਾਕਸ਼ੀ ਸਾਹਨੀ ਨੇ ਉਸਨੂੰ ਆਪਣੀ ਕੁਰਸੀ 'ਤੇ ਬਿਠਾ ਕੇ ਇੱਕ ਦਿਨ ਲਈ ਡੀਸੀ (ਡਿਪਟੀ ਕਮਿਸ਼ਨਰ) ਬਣਾ ਦਿੱਤਾ।
ਮਹਿਫੂਜਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਾਡਲ ਟਾਊਨ ਦੀ ਵਿਦਿਆਰਥਣ ਹੈ। ਮਹਿਫੂਜਾ ਦੇ ਸਕੂਲ ਵਿੱਚ ਹਾਲ ਹੀ ਵਿੱਚ ਇੱਕ ਮੈਗਾ ਪੇਰੈਂਟ ਟੀਚਰ ਮੀਟਿੰਗ 'ਚ ਮੁੱਖ ਮਹਿਮਾਨ ਵਜੋਂ ਭਗਵੰਤ ਮਾਨ ਪੁੱਜੇ ਸਨ। ਉਦੋਂ ਮਹਿਫੂਜ਼ਾ ਨੇ ਮੁੱਖ ਮੰਤਰੀ ਦੇ ਸਾਹਮਣੇ ਵੱਡੀ ਹੋ ਕੇ ਆਈਏਐਸ ਅਧਿਕਾਰੀ ਬਣਨ ਦੀ ਇੱਛਾ ਜ਼ਾਹਰ ਕੀਤੀ ਸੀ।
ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਵਿਦਿਆਰਥਣ ਨੂੰ ਇੱਕ ਦਿਨ ਲਈ ਡੀ.ਸੀ. ਪਟਿਆਲਾ ਬਣਾ ਦਿਤਾ। ਡੀਸੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਵੱਲ ਪ੍ਰੇਰਿਤ ਕਰਨਾ ਹੈ। ਇਸ ਮਕਸਦ ਲਈ ਨਵਾਂ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਹੁਣ ਹਰ ਮਹੀਨੇ ਜ਼ਿਲ੍ਹੇ ਦੇ ਸਕੂਲਾਂ ਦੇ ਚੁਣੇ ਹੋਏ ਵਿਦਿਆਰਥੀਆਂ ਨੇ ਆਪਣੀ ਇੱਛਾ ਅਨੁਸਾਰ ਇਲਾਕੇ ਦੇ ਅਧਿਕਾਰੀਆਂ ਨਾਲ ਇੱਕ ਦਿਨ ਬਿਤਾਉਣ ਲਈ ਆਈਐਸ-ਪੇਅਰ ਲੀਡਰਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਜਾ ਸਕੇ।
ਇਸੇ ਲੜੀ ਤਹਿਤ ਵਿਦਿਆਰਥੀ ਮਹਿਫੂਜਾ ਨੇ ਮੰਗਲਵਾਰ ਨੂੰ ਡੀਸੀ ਅਤੇ ਐਸਐਸਪੀ ਦਫ਼ਤਰ ਪਹੁੰਚ ਕੇ ਦੋਵਾਂ ਅਹੁਦਿਆਂ ਦਾ ਕੰਮਕਾਜ ਸਮਝਿਆ। ਵਿਦਿਆਰਥਣ ਨੇ ਡੀਸੀ ਦੀ ਕੁਰਸੀ 'ਤੇ ਬੈਠ ਕੇ ਵੱਖ-ਵੱਖ ਵਿਭਾਗਾਂ ਦੀਆਂ ਮੀਟਿੰਗਾਂ ਵਿੱਚ ਹਿੱਸਾ ਲਿਆ। ਮਹਿਫੂਜਾ ਨੇ ਪਰਾਲੀ ਪ੍ਰਬੰਧਨ ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਸੁਝਾਅ ਵੀ ਦਿੱਤੇ। ਇਸ ਦੇ ਨਾਲ ਹੀ ਮਾਲ ਵਿਭਾਗ ਦੇ ਰਿਕਾਰਡ ਰੂਮ ਦਾ ਦੌਰਾ ਕੀਤਾ ਅਤੇ ਪੁਰਾਣੇ ਰਿਕਾਰਡ ਦੀ ਸਾਂਭ-ਸੰਭਾਲ ਨੂੰ ਵੀ ਦੇਖਿਆ।
ਇਸ ਦੌਰਾਨ ਵਿਦਿਆਰਥਣ ਨੇ ਆਪਣੇ ਪਿੰਡ ਇੰਦਰਪੁਰਾ ਦਾ ਪੁਰਾਣਾ ਰਿਕਾਰਡ ਵੀ ਦੇਖਿਆ। ਵਿਦਿਆਰਥਣ ਮਹਿਫੂਜਾ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਉਸਨੂੰ ਆਪਣਾ ਸੁਪਨਾ ਪੂਰਾ ਕਰਨ ਦੀ ਪ੍ਰੇਰਨਾ ਮਿਲੇਗੀ। ਇਸ ਤੋਂ ਬਾਅਦ ਐਸਐਸਪੀ ਵਰੁਣ ਸ਼ਰਮਾ ਨੇ ਐਸਐਸਪੀ ਦਫ਼ਤਰ ਪੁੱਜੀ ਮਹਿਫੂਜਾ ਨੂੰ ਆਪਣੀ ਕੁਰਸੀ 'ਤੇ ਬਿਠਾ ਕੇ ਪੁਲਿਸ ਵਿਭਾਗ ਦੇ ਕੰਮਕਾਜ ਬਾਰੇ ਦੱਸਿਆ। ਉਨ੍ਹਾਂ ਵਿਦਿਆਰਥਣ ਨੂੰ 11 ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ। ਇਸ ਮੌਕੇ ਮਹਿਫੂਜਾ ਦੇ ਭਾਵੁਕ ਪਿਤਾ ਮੱਖਣ ਖਾਨ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਹੀ ਖੁਸ਼ਕਿਸਮਤ ਦਿਨ ਹੈ, ਜਦੋਂ ਉਨ੍ਹਾਂ ਦੀ ਬੇਟੀ ਨੇ ਜ਼ਿਲ੍ਹੇ ਦੇ ਸਭ ਤੋਂ ਵੱਡੇ ਅਹੁਦੇ ਦੀ ਕੁਰਸੀ 'ਤੇ ਬੈਠਣ ਦਾ ਮਾਣ ਹਾਸਿਲ ਕੀਤਾ।