ਪੰਜਾਬ ਵਿਧਾਨਸਭਾ ਚੋਣਾਂ 'ਚ ਇਸ ਵਾਰ ਮੁਕਾਬਲਾ ਬਹੁਤ ਜ਼ੋਰਦਾਰ ਹੋਣ ਵਾਲਾ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਚਰਨਜੀਤ ਨਾਂ ਦੇ ਬੰਦੇ ਨੂੰ ਹੀ ਉਮੀਦਵਾਰ ਬਣਾਇਆ ਹੈ। 'ਆਪ' ਨੇ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਸੀਟ ਤੋਂ ਡਾ: ਚਰਨਜੀਤ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਸੀਟ ਤੋਂ ਵਿਧਾਨ ਸਭਾ ਦੇ ਮੌਜੂਦਾ ਮੈਂਬਰ ਹਨ।
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਡਾ: ਚਰਨਜੀਤ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਸਨ। ਚਰਨਜੀਤ ਸਿੰਘ ਅੱਖਾਂ ਦੇ ਮਾਹਿਰ ਡਾਕਟਰ ਹਨ।ਆਮ ਆਦਮੀ ਪਾਰਟੀ ਨੇ ਤਰੁਨਪ੍ਰੀਤ ਸਿੰਘ ਸੌਂਧ ਨੂੰ ਖੰਨਾ ਤੋਂ ਉਮੀਦਵਾਰ ਬਣਾਇਆ ਹੈ। ਲਖਬੀਰ ਸਿੰਘ ਰਾਏ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਨਰਿੰਦਰ ਕੌਰ ਭਾਰਜ ਸੰਗਰੂਰ ਤੋਂ ਚੋਣ ਲੜਨਗੇ। ਕੁਲਵੰਤ ਸਿੰਘ ਮੋਹਾਲੀ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ। ਕੁਲਵੰਤ ਸਿੰਘ ਰੀਅਲ ਅਸਟੇਟ ਕਾਰੋਬਾਰੀ ਹਨ ਅਤੇ ਮੋਹਾਲੀ ਦੇ ਸਾਬਕਾ ਮੇਅਰ ਵੀ ਰਹਿ ਚੁੱਕੇ ਹਨ।ਉਹ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਗੁਰਦੀਪ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਹੋਣਗੇ। ਮੰਜੂ ਰਾਣਾ ਕਪੂਰਥਲਾ ਤੋਂ ਪਾਰਟੀ ਦੀ ਉਮੀਦਵਾਰ ਹੋਵੇਗੀ।
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੇ ਬਹੁਤੇ ਨਾਵਾਂ ਦਾ ਪਹਿਲਾਂ ਤੋਂ ਹੀ ਐਲਾਨ ਕਰਨ ਦੀ ਰਣਨੀਤੀ ਉਲੀਕੀ ਹੈ, ਤਾਂ ਜੋ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਸੰਪਰਕ ਕਰਨ ਦਾ ਮੌਕਾ ਮਿਲ ਸਕੇ।ਦੱਸ ਦੇਈਏ ਕਿ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਿਆਸਤ ਦਾ ਲੰਬਾ ਤਜ਼ਰਬਾ ਹੈ। ਚਰਨਜੀਤ ਸਿੰਘ ਚੰਨੀ 2015 ਤੋਂ 2016 ਤੱਕ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ।
ਉਨ੍ਹਾਂ ਦਾ ਸਿਆਸੀ ਸਫ਼ਰ ਸਾਲ 2002 ਵਿੱਚ ਖਰੜ ਨਗਰ ਕੌਂਸਲ ਦੇ ਪ੍ਰਧਾਨ ਚੁਣੇ ਜਾਣ ਨਾਲ ਸ਼ੁਰੂ ਹੋਇਆ ਸੀ। ਚੰਨੀ ਨੇ ਪਹਿਲੀ ਵਾਰ 2007 ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਅਤੇ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ। ਉਹ ਸਾਲ 2012 ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਅਤੇ ਮੁੜ ਉਸੇ ਸੀਟ ਤੋਂ ਵਿਧਾਇਕ ਚੁਣੇ ਗਏ। ਜੇਕਰ ਸੀ.ਐਮ ਚਰਨਜੀਤ ਸਿੰਘ ਚੰਨੀ ਇਸ ਸੀਟ ਤੋਂ ਦੁਬਾਰਾ ਚੋਣ ਲੜਦੇ ਹਨ ਤਾਂ ਇਹ ਮੁਕਾਬਲਾ ਕਾਫੀ ਦਿਲਚਸਪ ਹੋਵੇਗਾ।