ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਚ ਵਿਧਾਨਸਭਾ ਚੋਣਾਂ ਮੈਡੀਕਲ ਅਤੇ ਸਿਖਿਆ ਨੂੰ ਅੱਗੇ ਰੱਖ ਕੇ ਲੜਿਆ ਸੀ। ਹੁਸ਼ਿਆਰਪੁਰ ਦੇ ਲੋਕਾਂ ਨੂੰ ਜਲਦੀ ਹੀ ਬਿਹਤਰ ਸਿਹਤ ਸਹੂਲਤਾਂ ਮਿਲਣਗੀਆਂ। ਗੰਭੀਰ ਬਿਮਾਰੀ ਦੇ ਇਲਾਜ ਲਈ ਆਮ ਜਨਤਾ ਨੂੰ ਜਲੰਧਰ ਜਾਂ ਲੁਧਿਆਣਾ ਨਹੀਂ ਜਾਣਾ ਪਵੇਗਾ।
ਸੂਬਾ ਸਰਕਾਰ ਨੇ ਮੈਡੀਕਲ ਕਾਲਜ ਲਈ ਤਿਆਰੀ ਸ਼ੁਰੂ ਕਰ ਦਿਤੀ ਹੈ। ਸਿਵਲ ਹਸਪਤਾਲ ਦੇ ਅੰਦਰ 360 ਕਰੋੜ ਦੀ ਲਾਗਤ ਨਾਲ ਮੈਡੀਕਲ ਕਾਲਜ ਅਤੇ ਹੋਸਟਲ ਦੀ ਇਮਾਰਤ ਤਿਆਰ ਹੋਵੇਗੀ। ਇਸ ਪ੍ਰੋਜੈਕਟ ਨੂੰ ਲੋਕ ਨਿਰਮਾਣ ਵਿਭਾਗ ਅਤੇ ਬੀ.ਆਰ. ਦੁਆਰਾ ਚਲਾਇਆ ਜਾਵੇਗਾ। ਇਹ ਸੂਬੇ ਦਾ 5ਵਾਂ ਮੈਡੀਕਲ ਕਾਲਜ ਹੋਵੇਗਾ। ਸੂਬਾ ਸਰਕਾਰ ਹੁਸ਼ਿਆਰਪੁਰ ਵਿੱਚ ਮੈਡੀਕਲ ਕਾਲਜ ਬਣਾਉਣ ਲਈ ਬਹੁਤ ਗੰਭੀਰ ਹੈ। ਇਸ ਵਾਰ ਮੈਡੀਕਲ ਕਾਲਜ ਲਈ 412 ਕਰੋੜ ਰੁਪਏ ਦੇ ਵੱਖਰੇ ਬਜਟ ਦਾ ਪ੍ਰਬੰਧ ਕੀਤਾ ਗਿਆ ਸੀ।
ਇਸਤੋਂ ਬਾਅਦ ਹੁਣ ਇਸ ਦਿਸ਼ਾ 'ਚ ਕਦਮ ਚੁੱਕੇ ਗਏ ਹਨ। ਉਸਾਰੀ ਦਾ ਕੰਮ ਜੂਨ ਮਹੀਨੇ ਤੱਕ ਸ਼ੁਰੂ ਹੋ ਜਾਵੇਗਾ। ਹਾਲਾਂਕਿ, ਮੈਡੀਕਲ ਕਾਲਜ ਲਈ ਜਗ੍ਹਾ ਦੀ ਪਹਿਲਾਂ ਹੀ ਪਛਾਣ ਕੀਤੀ ਜਾ ਚੁੱਕੀ ਸੀ। ਇਸ ਸਮੇਂ ਜ਼ਿਲ੍ਹਾ ਹਸਪਤਾਲ ਦੇ ਅੰਦਰ 23 ਏਕੜ ਜ਼ਮੀਨ ਵਿੱਚ ਕਾਲਜ ਦੀ ਸਥਾਪਨਾ ਕੀਤੀ ਜਾਵੇਗੀ। ਇਹ ਇਮਾਰਤ ਪੂਰੀ ਤਰ੍ਹਾਂ ਭੂਚਾਲ ਰੋਧਕ ਹੋਵੇਗੀ। ਕਾਲਜ ਵਿੱਚ ਐਮਬੀਬੀਐਸ ਦੀਆਂ 100 ਸੀਟਾਂ ਹੋਣਗੀਆਂ। ਸਰਕਾਰ ਦੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਜਲਦੀ ਹੀ ਇਸ ਹਸਪਤਾਲ ਦਾ ਲਾਭ ਮਿਲੇ।
ਹੁਸ਼ਿਆਰਪੁਰ ਦੇ ਵਿਧਾਇਕ ਤੇ ਮੰਤਰੀ ਬ੍ਰਹਮ ਸ਼ੰਕਰ ਦਾ ਕਹਿਣਾ ਹੈ ਕਿ ਇਹ ਮੈਡੀਕਲ ਕਾਲਜ ਹੁਸ਼ਿਆਰਪੁਰ ਨਹੀਂ ਸਗੋਂ ਦੋਆਬੇ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਮਿੱਥੇ ਸਮੇਂ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਮੈਡੀਕਲ ਕਾਲਜ ਦਾ ਨਾਂ ਸੂਬਾ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਰੱਖਿਆ ਗਿਆ ਹੈ।
ਇਹ ਕਾਲਜ ਹਿਮਾਚਲ ਦੇ ਕਈ ਜ਼ਿਲ੍ਹਿਆਂ ਲਈ ਵੀ ਵਰਦਾਨ ਸਾਬਤ ਹੋਵੇਗਾ, ਕਿਉਂਕਿ ਉਸ ਇਲਾਕੇ ਵਿੱਚ ਕੋਈ ਵੀ ਵੱਡਾ ਸਰਕਾਰੀ ਅਦਾਰਾ ਨਹੀਂ ਹੈ, ਜਦੋਂ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਮਹਿੰਗਾ ਹੈ। ਪੰਜਾਬ ਵਿੱਚ ਮੈਡੀਕਲ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਸੂਬਾ ਸਰਕਾਰ ਨੇ ਆਉਣ ਵਾਲੇ ਪੰਜ ਸਾਲਾਂ ਵਿੱਚ 16 ਨਵੇਂ ਮੈਡੀਕਲ ਕਾਲਜ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਸੂਬੇ ਵਿੱਚ ਮੈਡੀਕਲ ਕਾਲਜਾਂ ਦੀ ਕੁੱਲ ਗਿਣਤੀ 25 ਹੋ ਜਾਵੇਗੀ। ਇਸ ਨਾਲ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਦੀ ਸਥਾਪਨਾ ਯਕੀਨੀ ਹੋਵੇਗੀ।