ਅਸਲੀ ਮੁੱਦਿਆਂ ਤੋਂ ਕਿਉਂ ਭਟਕ ਰਹੀ ਹੈ ਪੰਜਾਬ ਦੀ ਆਪ ਸਰਕਾਰ ?

ਵਿਧਾਨ ਸਭਾ ਦਾ ਇਹ ਵਿਸ਼ੇਸ਼ ਸੈਸ਼ਨ ਬੁਲਾਇਆ ਤਾਂ ਬੜੇ ਮਹੱਤਵਪੂਰਨ ਮੁੱਦਿਆਂ ਲਈ ਗਿਆ ਸੀ ਪਰ ਉਸ ਵਿਚ ਪੇਸ਼ ਭਰੋਸੇ ਦਾ ਮੱਤ ਕਰ ਦਿੱਤਾ ਗਿਆ।
ਅਸਲੀ ਮੁੱਦਿਆਂ ਤੋਂ ਕਿਉਂ ਭਟਕ ਰਹੀ ਹੈ ਪੰਜਾਬ ਦੀ ਆਪ ਸਰਕਾਰ ?

ਭਗਵੰਤ ਮਾਨ ਸਰਕਾਰ ਦੁਆਰਾ ਅੱਜ ਬੁਲਾਏ ਗਏ ਅਸੈਂਬਲੀ ਦੇ ਵਿਸ਼ੇਸ਼ ਸੈਸ਼ਨ ਦੌਰਾਨ ਵੱਖ ਵੱਖ ਕਿਸਮ ਦੀ ਡਰਾਮੇਬਾਜ਼ੀ ਦੇਖਣ ਨੂੰ ਮਿਲੀ। ਇਹ ਵਰਨਣਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੰਜਾਬ ਦੇ ਗਵਰਨਰ ਵਿਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਖਿੱਚੋਤਾਣ ਚੱਲ ਰਹੀ ਹੈ। ਪਹਿਲਾਂ ਆਪ ਸਰਕਾਰ ਅਤੇ ਗਵਰਨਰ ਬੀਐਲ ਪ੍ਰੋਹਤ ਦਰਮਿਆਨ ਵਿਸ਼ਵਾਸ ਮੱਤ ਦੇ ਲਈ ਸਪੈਸ਼ਲ ਸੈਸ਼ਨ ਬੁਲਾਉਣ ਨੂੰ ਲੈ ਕੇ ਕਾਫੀ ਖਿਚੋਤਾਣ ਚੱਲੀ। ਇਸ ਸੈਸ਼ਨ ਲਈ ਪਹਿਲਾਂ ਗਵਰਨਰ ਨੇ ਆਪਣੀ ਮਨਜ਼ੂਰੀ ਦੇ ਦਿੱਤੀ ਪ੍ਰੰਤੂ ਬਾਅਦ ਵਿੱਚ ਇਸ ਨੂੰ ਰੱਦ ਕਰ ਦਿੱਤਾ। ਆਪ ਸਰਕਾਰ ਦੁਆਰਾ ਮੰਤਰੀਮੰਡਲ ਦੀ ਮੁੜ ਮੀਟਿੰਗ ਕਰਕੇ 27 ਸਤੰਬਰ ਦਾ ਸੈਸ਼ਨ ਬੁਲਾਇਆ ਗਿਆ। ਇਸ ਦੀ ਮਨਜ਼ੂਰੀ ਦੇਣ ਲਈ ਗਵਰਨਰ ਨੇ ਸਰਕਾਰ ਤੋਂ ਸੈਸ਼ਨ ਦੇ ਏਜੰਡੇ ਦੀ ਮੰਗ ਕੀਤੀ। ਪੰਜਾਬ ਦੇ ਮੁੱਖ ਮੰਤਰੀ ਨੇ ਜਦ ਇਸ ਉੱਪਰ ਆਪਣੀ ਤਿੱਖੀ ਪ੍ਰਤੀਕਿਰਿਆ ਦਿੱਤੀ ਤਾਂ ਗਵਰਨਰ ਨੇ ਉਨ੍ਹਾਂ ਨੂੰ ਸੰਵਿਧਾਨ ਦੀਆਂ ਧਾਰਾਵਾਂ ਪੜ੍ਹਨ ਲਈ ਭੇਜ ਦਿੱਤੀਆਂ। ਇਸ ਤੋਂ ਬਾਅਦ ਸਰਕਾਰ ਨੇ ਵਿਧਾਨ ਸਭਾ ਵਿੱਚ ਜੀਐੱਸਟੀ ਪਰਾਲੀ ਅਤੇ ਬਿਜਲੀ ਦੇ ਮੁੱਦੇ ਦੱਸੇ ਜਿਸ ਤੋਂ ਬਾਅਦ ਗਵਰਨਰ ਨੇ ਸੈਸ਼ਨ ਦੀ ਮਨਜ਼ੂਰੀ ਦੇ ਦਿੱਤੀ। ਪ੍ਰੰਤੂ ਵਿਧਾਨ ਸਭਾ ਦੇ ਅੱਜ ਦੇ ਇਸ ਵਿਸ਼ੇਸ਼ ਸੈਸ਼ਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਵੱਲੋਂ ਵਿਸ਼ਵਾਸ ਮੱਤ ਪੇਸ਼ ਕਰ ਦਿੱਤਾ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਨੇ ਇਸ ਦਾ ਸਮਰਥਨ ਕੀਤਾ। ਇਸ ਉੱਪਰ ਵੋਟਿੰਗ 3 ਅਕਤੂਬਰ ਦੀ ਮਿਥੀ ਗਈ ਅਤੇ ਉਸ ਤੋਂ ਬਾਅਦ ਸਪੀਕਰ ਕੁਲਤਾਰ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ 29 ਸਤੰਬਰ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ।

ਕਾਂਗਰਸ ਦੇ ਵਿਧਾਇਕਾਂ ਨੇ ਵਿਸ਼ਵਾਸ ਮੱਤ ਪੇਸ਼ ਕਰਨ ਨੂੰ ਕਾਨੂੰਨ ਦੇ ਖ਼ਿਲਾਫ਼ ਦੱਸਿਆ ਅਤੇ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਰੱਜ ਕੇ ਨਾਅਰੇਬਾਜ਼ੀ ਅਤੇ ਹੰਗਾਮਾ ਕੀਤਾ। ਇਸ ਤੋਂ ਬਾਅਦ ਸਪੀਕਰ ਨੇ ਉਨ੍ਹਾਂ ਨੂੰ ਬਾਹਰ ਜਾਣ ਲਈ ਕਿਹਾ ਪਰ ਵਿਧਾਇਕਾਂ ਨੇ ਆਪਣਾ ਵਿਰੋਧ ਜਾਰੀ ਰੱਖਿਆ ਤਾਂ ਸਪੀਕਰ ਨੇ ਉਨ੍ਹਾਂ ਨੂੰ ਅੱਜ ਦੇ ਦਿਨ ਦੇ ਸਸਪੈਂਡ ਕਰਕੇ ਬਾਹਰ ਕੱਢ ਦਿੱਤਾ। ਕਾਂਗਰਸ ਦੇ ਵਿਧਾਇਕਾਂ ਨੇ ਬਾਹਰ ਜਾ ਕੇ ਵੀ ਆਪਣਾ ਪ੍ਰਦਰਸ਼ਨ ਜਾਰੀ ਕੀਤਾ ਇਸੇ ਤਰ੍ਹਾਂ ਭਾਜਪਾ ਦੇ ਵਿਧਾਇਕਾਂ ਨੇ ਅਪਰੇਸ਼ਨ ਲੋਟਸ ਦੇ ਦੋਸ਼ਾਂ ਨੂੰ ਝੂਠਾ ਦੱਸਦੇ ਹੋਏ ਵਿਧਾਨ ਸਭਾ ਵਿੱਚੋਂ ਵਾਕਆਊਟ ਕਰ ਦਿੱਤਾ। ਇਸ ਤੋਂ ਬਾਅਦ ਭਗਵੰਤ ਮਾਨ ਨੇ ਵਿਰੋਧੀਆਂ ਉੱਤੇ ਪੂਰੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਭਾਜਪਾ ਬਾਹਰ ਖਿਆਲੀ ਪੁਲਾਓ ਬਣਾ ਰਹੀ ਹੈ ਅਤੇ ਕਾਂਗਰਸ ਕੀ ਕਰ ਰਹੀ ਹੈ ਇਹ ਸਾਰੇ ਪੰਜਾਬ ਦੇ ਲੋਕ ਦੇਖ ਰਹੇ ਹਨ। ਉਨ੍ਹਾਂ ਨੇ ਸਰਕਾਰ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਉੱਪਰ ਵੀ ਕਈ ਦੂਸ਼ਨ ਲਗਾਏ ਅਤੇ ਨਾਲ ਹੀ ਕਾਂਗਰਸ ਨੂੰ ਪੁੱਛਿਆ ਕਿ ਉਹ ਦੱਸਣ ਕਿ ਉਨ੍ਹਾਂ ਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਹੁਣ ਕਿੱਥੇ ਹੈ। ਅਕਾਲੀ ਦਲ ਦੇ ਸਮਰਥਕਾਂ ਅਤੇ ਨੇਤਾਵਾਂ ਨੇ ਪੰਜਾਬ ਵਿਧਾਨ ਸਭਾ ਵੱਲ ਜਾਣ ਦਾ ਯਤਨ ਕੀਤਾ ਪ੍ਰੰਤੂ ਪੁਲੀਸ ਨੇ ਉਨ੍ਹਾਂ ਨੂੰ ਹਾਈਕੋਰਟ ਚੌਕ ਤੇ ਹੀ ਰੋਕ ਲਿਆ।

ਦੂਜੇ ਪਾਸੇ ਪੰਜਾਬ ਭਾਜਪਾ ਨੇ ਇਕ ਵੱਖਰੀ ਪਬਲਿਕ ਵਿਧਾਨਸਭਾ ਸੈਕਟਰ ਸੈਂਤੀ ਵਿੱਚ ਆਪਣੇ ਮੁੱਖ ਦਫ਼ਤਰ ਦੇ ਨੇਡ਼ੇ ਬੱਤਰਾ ਸਿਨੇਮਾ ਦੀ ਪਾਰਕਿੰਗ ਵਿੱਚ ਕੀਤੀ। ਭਾਜਪਾ ਨੇ ਆਪਣੀ ਇਸ ਪਬਲਿਕ ਵਿਧਾਨ ਸਭਾ ਵਿੱਚ ਪੰਜਾਬ ਨਾਲ ਜੁੜੇ ਛੇ ਮੁੱਦੇ ਉਠਾਏ। ਇਨ੍ਹਾਂ ਵਿਚ ਮੁੱਖ ਤੌਰ ਤੇ ਕੁਰੱਪਸ਼ਨ, ਅਧੂਰੇ ਵਾਅਦੇ, ਖੇਤੀ ਕਿਸਾਨੀ, ਵਧ ਰਹੀ ਨਸ਼ਾਖੋਰੀ ਐਸਸੀ ਅਤੇ ਓਬੀਸੀ ਦੀਆਂ ਸਮੱਸਿਆਵਾਂ ਅਤੇ ਲਾਅ ਐਂਡ ਆਰਡਰ ਦੀ ਵਿਗੜਦੀ ਸਥਿਤੀ ਸ਼ਾਮਲ ਸਨ। ਪਿਛਲੇ ਦਿਨੀਂ ਕਾਂਗਰਸ ਵਿਚੋਂ ਭਾਗਾਂ ਵਿੱਚ ਸ਼ਾਮਿਲ ਹੋਏ ਪੂਰਵ ਸੰਸਦ ਮੈਂਬਰ ਸੁਨੀਲ ਜਾਖੜ ਨੇ ਭਗਵੰਤ ਮਾਨ ਦੀ ਸਰਕਾਰ ਦੇ ਸ਼ਾਸਨ ਕਾਲ ਦਰਮਿਆਨ ਪੰਜਾਬ ਵਿੱਚ ਵਧੇ ਹੋਏ ਭ੍ਰਿਸ਼ਟਾਚਾਰ ਦਾ ਮੁੱਦਾ ਉਠਾਇਆ। ਬਹੁਤ ਨੇਤਾਵਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਵਿਗੜ ਚੁੱਕੀ ਹੈ ਅਤੇ ਸਰਕਾਰ ਆਪਣੀ ਨਾਕਾਮੀ ਨੂੰ ਲੁਕਾਉਣ ਲਈ ਅਪਰੇਸ਼ਨ ਲੋਟਸ ਵਰਗੇ ਫਾਲਤੂ ਮੁੱਦੇ ਉਠਾ ਰਹੀ ਹੈ। ਇਹ ਵੀ ਚਰਚਾ ਚੱਲੀ ਕਿ ਪੰਜਾਬ ਸਰਕਾਰ ਪਾਸ ਰਾਜ ਨੂੰ ਕਰਜ਼ੇ ਵਿੱਚੋਂ ਕੱਢਣ ਦੀ ਕੋਈ ਯੋਜਨਾ ਨਹੀਂ ਹੈ।

ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਨਿਰਧਾਰਤ ਮੁੱਦਿਆਂ ਤੋਂ ਕਿਉਂ ਭਟਕ ਰਹੀ ਹੈ। ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇਸ ਵੇਲੇ ਭਗਵੰਤ ਮਾਨ ਦੀ ਸਰਕਾਰ ਪੂਰੀ ਤਰ੍ਹਾਂ ਤਾਕਤ ਵਿੱਚ ਹੈ ਅਤੇ ਇਸ ਪਾਸ 92 ਐਮਐਲਏ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਇਸ ਸਰਕਾਰ ਨੂੰ ਵਿਸ਼ਵਾਸ ਮੱਤ ਪੇਸ਼ ਕਰਨ ਦੀ ਅਜਿਹੀ ਕਿਹੜੀ ਜ਼ਰੂਰਤ ਪੈ ਗਈ। ਭਰੋਸੇ ਦਾ ਮੱਤ ਉਸ ਵੇਲੇ ਲੋੜੀਂਦਾ ਹੈ ਜਦੋਂ ਸਦਨ ਵਿਚ ਬੇਵਿਸ਼ਵਾਸੀ ਜਾਂ ਬੇਭਰੋਸਗੀ ਦਾ ਮਤਾ ਪੇਸ਼ ਕੀਤਾ ਗਿਆ ਹੋਵੇ। ਵਿਧਾਨ ਸਭਾ ਦਾ ਇਹ ਵਿਸ਼ੇਸ਼ ਸੈਸ਼ਨ ਬੁਲਾਇਆ ਤਾਂ ਬੜੇ ਮਹੱਤਵਪੂਰਨ ਮੁੱਦਿਆਂ ਲਈ ਗਿਆ ਸੀ ਪਰ ਉਸ ਵਿਚ ਪੇਸ਼ ਭਰੋਸੇ ਦਾ ਮੱਤ ਕਰ ਦਿੱਤਾ ਗਿਆ। ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਹੁਤ ਵੱਡੀਆਂ ਆਸਾਂ ਤੇ ਉਮੀਦਾਂ ਨਾਲ ਲਿਆਂਦਾ ਸੀ। ਜਾਪੇ ਇਹ ਰਿਹਾ ਹੈ ਕਿ ਸਰਕਾਰ ਲੋਕਾਂ ਦੇ ਅਸਲੀ ਮੁੱਦੇ ਅਤੇ ਦੁੱਖਾਂ ਨੂੰ ਛੱਡ ਕੇ ਉਹ ਗੱਲਾਂ ਵਿੱਚ ਪੈ ਗਈ ਹੈ ਜਿਹੜੀਆਂ ਨਿਰੋਲ ਸਿਆਸੀ ਜਾਪਦੀਆਂ ਹਨ। ਇਹ ਵੀ ਯਾਦ ਰੱਖਣਾ ਹੋਵੇਗਾ ਕਿ ਜੇਕਰ ਸਰਕਾਰ ਇਸੇ ਤਰ੍ਹਾਂ ਮੁੱਦਿਆਂ ਤੋਂ ਭਟਕਦੀ ਰਹੀ ਤਾਂ ਲੋਕ ਹੋਰ ਨਰਾਸ਼ ਹੋ ਜਾਣਗੇ ਅਤੇ ਨਿਰਾਸ਼ ਹੋਏ ਲੋਕ ਸਰਕਾਰਾਂ ਨੂੰ ਮਿੰਟਾਂ ਸਕਿੰਟਾਂ ਵਿੱਚ ਬਦਲ ਸਕਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਲੋਕਾਂ ਦੇ ਸਾਰੇ ਮਹੱਤਵਪੂਰਨ ਮੁੱਦਿਆਂ ਉੱਤੇ ਬੜੀ ਸੰਜੀਦਗੀ ਨਾਲ ਕੰਮ ਕਰੇ ਅਤੇ ਉਨ੍ਹਾਂ ਨੂੰ ਹੱਲ ਕਰਨ ਵਿੱਚ ਆਪਣੀ ਤਰਜੀਹ ਦਿਖਾਵੇ।

Related Stories

No stories found.
logo
Punjab Today
www.punjabtoday.com