
ਅਕਾਲੀ ਦਲ 'ਚ ਬਗਾਵਤ ਦਾ ਦੌਰ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਬੀਬੀ ਜਗੀਰ ਕੌਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੁਣ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਸਕਦਾ ਹੈ।
ਬਰਾੜ ਨੂੰ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵੱਲੋਂ 6 ਦਸੰਬਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਦੁਪਹਿਰ 12 ਵਜੇ ਕਮੇਟੀ ਦੇ ਸਾਹਮਣੇ ਨਿੱਜੀ ਤੌਰ 'ਤੇ ਜਵਾਬ ਦੇਣ ਲਈ ਕਿਹਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਵੱਲੋਂ ਇਹ ਤੈਅ ਪ੍ਰਕਿਰਿਆ ਸਿਰਫ ਦਿਖਾਵੇ ਲਈ ਹੀ ਅਪਣਾਈ ਜਾ ਰਹੀ ਹੈ, ਪਰ ਇਸ ਤੋਂ ਬਾਅਦ ਬਰਾੜ ਨੂੰ ਪਾਰਟੀ ਵਿਰੋਧੀ ਬਿਆਨਾਂ ਅਤੇ ਗਤੀਵਿਧੀਆਂ ਕਾਰਨ ਪਾਰਟੀ 'ਚੋਂ ਬਾਹਰ ਕੱਢਿਆ ਜਾ ਸਕਦਾ ਹੈ।
ਜਗਮੀਤ ਸਿੰਘ ਬਰਾੜ ਨੇ ਬੀਤੇ ਵੀਰਵਾਰ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਇੱਕ ਕਾਨਫਰੰਸ ਦੌਰਾਨ ਬੀਬੀ ਜਗੀਰ ਕੌਰ ਸਮੇਤ 12 ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਏਕਤਾ ਤਾਲਮੇਲ ਕਮੇਟੀ ਵਿੱਚ ਸ਼ਾਮਲ ਕੀਤਾ ਸੀ। ਇਸਦੇ ਨਾਲ ਹੀ ਜਗਮੀਤ ਬਰਾੜ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਬਰਾੜ ਨੇ ਬੀਬੀ ਜਗੀਰ ਕੌਰ 'ਤੇ ਕੀਤੀ ਕਾਰਵਾਈ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਸੀ। ਇਸ ਦੇ ਨਾਲ ਹੀ ਪਾਰਟੀ ਵੱਲੋਂ ਉਨ੍ਹਾਂ ਨੂੰ ਦਿੱਤੇ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਗਿਆ। ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਬਰਾੜ ਨੂੰ 6 ਦਸੰਬਰ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ, ਜਦਕਿ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਬਰਾੜ ਨੇ ਦੱਸਿਆ ਕਿ ਬੀਬੀ ਜਗੀਰ ਕੌਰ ਨੇ 6 ਦਸੰਬਰ ਨੂੰ ਕਪੂਰਥਲਾ ਵਿਖੇ ਅਕਾਲੀ ਵਰਕਰਾਂ ਦੀ ਮੀਟਿੰਗ ਬੁਲਾਈ ਹੈ।
ਇਸ ਮੀਟਿੰਗ ਤੋਂ ਬਾਅਦ ਬਰਾੜ ਨੇ ਦੱਸਿਆ ਕਿ ਕਮੇਟੀ ਵੱਲੋਂ ਤਿੰਨ ਕਨਵੈਨਸ਼ਨਾਂ ਬਠਿੰਡਾ, ਤਰਨਤਾਰਨ ਅਤੇ ਜਲੰਧਰ ਵਿੱਚ ਕੀਤੀਆਂ ਜਾਣਗੀਆਂ। ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਏਕਤਾ ਤਾਲਮੇਲ ਕਮੇਟੀ ਵਿੱਚ ਬੀਬੀ ਜਗੀਰ ਕੌਰ ਤੋਂ ਇਲਾਵਾ ਕਈ ਹੋਰ ਨੇਤਾਵਾਂ ਨੂੰ ਵੀ ਸ਼ਾਮਿਲ ਕੀਤਾ ਹੈ। ਜ਼ਿਕਰਯੋਗ ਹੈ ਕਿ ਜਗਮੀਤ ਬਰਾੜ ਲਗਾਤਾਰ ਪਾਰਟੀ ਮੁਖੀ ਖਿਲਾਫ ਬਿਆਨਬਾਜ਼ੀ ਕਰਦੇ ਆ ਰਹੇ ਹਨ ਅਤੇ ਪਾਰਟੀ ਦੀਆਂ ਨੀਤੀਆਂ ਤੋਂ ਵੱਖ ਹੋ ਕੇ ਆਪਣੀ ਰਾਏ ਜਨਤਕ ਤੌਰ 'ਤੇ ਪ੍ਰਗਟ ਕਰਦੇ ਰਹੇ ਹਨ। ਵਿਰੋਧ ਕਰਨ 'ਤੇ ਪਾਰਟੀ ਨੇ 20 ਅਕਤੂਬਰ ਨੂੰ ਜਗਮੀਤ ਬਰਾੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਹਾਲਾਂਕਿ ਬਾਅਦ 'ਚ ਇਹ ਮਾਮਲਾ ਰੁੱਕ ਗਿਆ ਅਤੇ ਜਗਮੀਤ ਬਰਾੜ ਵੀ ਚੁੱਪ ਰਹੇ ਸੀ।