
ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਸੀਨੀਅਰ ਆਗੂ ਬੀਬੀ ਜਗੀਰ ਕੌਰ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਵਾਰ ਉਹ ਪਾਰਟੀ ਲਾਈਨ ਤੋਂ ਵੱਖ ਹੋ ਕੇ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ । ਦੱਸ ਦੇਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਅਤੇ ਕਾਰਜਕਾਰਨੀ ਮੈਂਬਰਾਂ ਲਈ 9 ਨਵੰਬਰ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਦੋ ਵਾਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਰਹਿ ਚੁੱਕੀ ਬੀਬੀ ਜਗੀਰ ਕੌਰ ਇਸ ਵਾਰ ਫੇਰ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ।
ਸੂਤਰਾਂ ਮੁਤਾਬਕ ਪਾਰਟੀ ਆਗੂ ਲਗਾਤਾਰ ਜਗੀਰ ਕੌਰ 'ਤੇ ਚੋਣ ਨਾ ਲੜਨ ਲਈ ਦਬਾਅ ਬਣਾ ਰਹੇ ਸਨ, ਪਰ ਦੱਸਿਆ ਜਾ ਰਿਹਾ ਹੈ ਕਿ ਜਗੀਰ ਕੌਰ ਇਸ ਲਈ ਰਾਜ਼ੀ ਨਹੀਂ ਸੀ। ਬੀਬੀ ਜਗੀਰ ਕੌਰ ਆਪਣੇ ਦਮ 'ਤੇ ਚੋਣ ਲੜਨ ਦੀ ਇੱਛਾ ਜ਼ਾਹਰ ਕਰ ਰਹੀ ਸੀ, ਜਦਕਿ ਪਾਰਟੀ ਦੀ ਰਵਾਇਤ ਰਹੀ ਹੈ ਕਿ ਪ੍ਰਧਾਨ ਦਾ ਫੈਸਲਾ ਜਨਰਲ ਹਾਊਸ 'ਚ ਹੁੰਦਾ ਹੈ, ਸ਼੍ਰੋਮਣੀ ਅਕਾਲੀ ਦਲ ਉਸ ਉਮੀਦਵਾਰ ਦਾ ਸਮਰਥਨ ਕਰਦਾ ਹੈ।