
ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਲਈ ਪਹੇਲੀ ਬਣਿਆ ਹੋਇਆ ਹੈ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ 27 ਦਿਨਾਂ ਤੋਂ ਪੁਲਿਸ ਨੂੰ ਚਕਮਾ ਦੇ ਰਿਹਾ ਹੈ, ਪਰ ਹੁਣ ਪਪਲਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ 'ਤੇ ਦਬਾਅ ਬਣ ਰਿਹਾ ਹੈ। ਅੰਮ੍ਰਿਤਪਾਲ ਸਿੰਘ ਅਗਲੇ 48 ਘੰਟਿਆਂ ਵਿੱਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਮਦਮਾ ਸਾਹਿਬ ਜਾਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਤਮ ਸਮਰਪਣ ਕਰ ਸਕਦਾ ਹੈ। ਇਸ ਲਈ ਤਿੰਨਾਂ ਤਖਤਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ18 ਮਾਰਚ ਤੋਂ ਫਰਾਰ ਹੈ, ਪਪਲਪ੍ਰੀਤ ਸਿੰਘ ਹੀ ਉਹ ਵਿਅਕਤੀ ਸੀ ਜੋ ਅੰਮ੍ਰਿਤਪਾਲ ਨੂੰ ਛੁਪਾਉਣ ਅਤੇ ਭੱਜਣ ਵਿਚ ਮਦਦ ਕਰ ਰਿਹਾ ਸੀ। ਅੰਮ੍ਰਿਤਪਾਲ ਜਿੱਥੇ ਵੀ ਜਾਂਦਾ, ਉਹ ਪਪਲਪ੍ਰੀਤ ਸਿੰਘ ਦੇ ਨੇੜੇ ਹੁੰਦਾ ਸੀ। ਪਪਲਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਤੋਂ ਹੀ ਪੁਲਿਸ ਅੰਮ੍ਰਿਤਪਾਲ ਸਿੰਘ 'ਤੇ ਦਬਾਅ ਵਧਾ ਰਹੀ ਹੈ।
ਇਸ ਦੇ ਨਾਲ ਹੀ 28-29 ਮਾਰਚ ਨੂੰ ਹੁਸ਼ਿਆਰਪੁਰ 'ਚ ਅੰਮ੍ਰਿਤਪਾਲ ਸਿੰਘ ਨੇ ਜਿਸ ਘਰ 'ਚ ਪਨਾਹ ਲਈ ਸੀ, ਉਸ ਘਰ ਵਿਚ ਵੀ ਪੁਲਿਸ ਪਹੁੰਚ ਗਈ ਹੈ। ਅਜਿਹੇ ਇਨਪੁਟ ਹਨ ਕਿ ਅੰਮ੍ਰਿਤਪਾਲ ਸਿੰਘ ਅਜੇ ਵੀ ਪੰਜਾਬ ਵਿੱਚ ਲੁਕਿਆ ਹੋਇਆ ਹੈ ਅਤੇ ਹੁਣ ਉਹ ਆਪਣੀ ਸਾਖ ਬਚਾਉਣ ਲਈ 14 ਅਪ੍ਰੈਲ ਤੋਂ ਪਹਿਲਾਂ ਆਤਮ ਸਮਰਪਣ ਕਰ ਸਕਦਾ ਹੈ। ਅੰਮ੍ਰਿਤਪਾਲ ਸਿੰਘ ਵੱਲੋਂ 14 ਅਪ੍ਰੈਲ ਨੂੰ ਸਰਬੱਤ ਖਾਲਸਾ ਸੱਦਣ ਦੀ ਮੰਗ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਰੱਦ ਕੀਤੇ ਜਾਣ ਤੋਂ ਬਾਅਦ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਪੰਥਕ ਕਾਨਫਰੰਸ ਦਾ ਸੱਦਾ ਦਿੱਤਾ ਹੈ।
ਐਮਪੀ ਮਾਨ ਸ਼ੁਰੂ ਤੋਂ ਹੀ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਵਿੱਚ ਰਹੇ ਹਨ। 14 ਅਪ੍ਰੈਲ ਨੂੰ ਐਮ.ਪੀ ਮਾਨ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਵਿਖੇ ਆਪਣੀ ਸਟੇਜ ਸਜਾਉਣਗੇ। ਕਿਆਸ ਲਗਾਏ ਜਾ ਰਹੇ ਹਨ ਕਿ ਅੰਮ੍ਰਿਤਪਾਲ ਵੀ ਆਤਮ ਸਮਰਪਣ ਲਈ ਇਸ ਸਟੇਜ ਦੀ ਵਰਤੋਂ ਕਰ ਸਕਦਾ ਹੈ। ਪਪਲਪ੍ਰੀਤ ਵਾਂਗ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਵੀ ਆਤਮ ਸਮਰਪਣ ਕਰਨ ਤੋਂ ਪਹਿਲਾਂ ਗ੍ਰਿਫਤਾਰ ਕਰਨਾ ਚਾਹੁੰਦੀ ਹੈ।
ਇਸੇ ਤਰ੍ਹਾਂ ਪੁਲਿਸ 27 ਦਿਨਾਂ ਤੋਂ ਭਗੌੜੇ ਅੰਮ੍ਰਿਤਪਾਲ ਸਿੰਘ ਨੂੰ ਆਤਮ ਸਮਰਪਣ ਕਰਨ ਤੋਂ ਪਹਿਲਾਂ ਗ੍ਰਿਫਤਾਰ ਕਰਕੇ ਆਪਣੀ ਸਾਖ ਬਚਾਉਣਾ ਚਾਹੁੰਦੀ ਹੈ। ਇਸ ਦੇ ਲਈ ਪੁਲਿਸ ਨੇ ਪੰਜਾਬ ਦੇ ਤਿੰਨੋਂ ਤਖ਼ਤਾਂ 'ਤੇ ਸੁਰੱਖਿਆ ਦੇ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਪਹਿਲਾਂ ਹੀ ਨੋਟਿਸ ਜਾਰੀ ਕਰਕੇ ਲੋਕਾਂ ਤੋਂ ਮਦਦ ਮੰਗੀ ਹੈ। ਹੁਣ ਪਿਛਲੇ ਦਿਨੀਂ ਪੁਲਿਸ ਵੱਲੋਂ ਬਟਾਲਾ ਦੇ ਰੇਲਵੇ ਸਟੇਸ਼ਨਾਂ 'ਤੇ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਚਿਪਕਾਏ ਗਏ ਸਨ ਅਤੇ ਲੋਕਾਂ ਨੂੰ ਯੋਗ ਇਨਾਮ ਦੇਣ ਦੀ ਗੱਲ ਵੀ ਸਾਹਮਣੇ ਆਈ ਹੈ।