ਕੌਣ ਹਨ ਜਸਵੰਤ ਸਿੰਘ ਗਿੱਲ, ਜਿਹਨਾਂ ਦੀ ਬਾਇਓਪਿਕ ਬਣਾਉਣਗੇ ਅਕਸ਼ੈ ਕੁਮਾਰ?

ਜਸਵੰਤ ਸਿੰਘ ਗਿੱਲ ਨੇ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ 65 ਲੋਕਾਂ ਨੂੰ ਕੋਲੇ ਦੀ ਖਾਨ ਵਿੱਚੋਂ ਬਚਾਇਆ ਸੀ।
ਕੌਣ ਹਨ ਜਸਵੰਤ ਸਿੰਘ ਗਿੱਲ, ਜਿਹਨਾਂ ਦੀ ਬਾਇਓਪਿਕ  ਬਣਾਉਣਗੇ ਅਕਸ਼ੈ ਕੁਮਾਰ?

ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਦੀ ਚੀਫ ਮਾਈਨਿੰਗ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਬਾਇਓਪਿਕ ਦੀ ਪਹਿਲੀ ਝਲਕ ਇਸ ਸਮੇਂ ਵਾਇਰਲ ਹੋ ਰਹੀ ਹੈ। ਫਿਲਮ ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਨੇ ਸੋਸ਼ਲ ਮੀਡੀਆ 'ਤੇ ਅਕਸ਼ੈ ਕੁਮਾਰ ਦਾ ਇੱਕ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਫਿਲਮ ਦਾ ਨਾਮ ਰੱਖਿਆ ਜਾਣਾ ਬਾਕੀ ਹੈ। ਰਿਪੋਰਟਾਂ ਅਨੁਸਾਰ ਇਹ ਝਲਕ ਕੁਝ ਹੋਰ ਨਹੀਂ ਬਲਕਿ ਜਸਵੰਤ ਸਿੰਘ ਗਿੱਲ ਦੀ ਬਾਇਓਪਿਕ ਦੀ ਹੈ।

ਫਿਲਮ ਦਾ ਪੋਸਟਰ ਸਾਹਮਣੇ ਆਉਣ ਤੋਂ ਬਾਅਦ ਬਹੁਤ ਸਾਰੇ ਲੋਕ ਫਿਲਮ ਦੇ ਪਿੱਛੇ ਦੀ ਸੱਚੀ ਕਹਾਣੀ ਨੂੰ ਲੈ ਕੇ ਹੈਰਾਨ ਹਨ। ਇਹ ਕਹਾਣੀ ਅੰਮ੍ਰਿਤਸਰ ਦੇ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਹੈ ਜੋ 65 ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਆਪਣੇ ਬਹਾਦਰੀ ਭਰੇ ਯਤਨਾਂ ਲਈ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ।

22 ਨਵੰਬਰ 1937 ਨੂੰ ਜਨਮੇ ਜਸਵੰਤ ਗਿੱਲ ਪੰਜਾਬ ਦੇ ਅੰਮ੍ਰਿਤਸਰ ਦੇ ਪਿੰਡ ਸਠਿਆਲਾ ਦੇ ਵਸਨੀਕ ਸਨ। ਗਿੱਲ ਨੇ ਅੰਮ੍ਰਿਤਸਰ ਦੇ ਪ੍ਰਸਿੱਧ ਖਾਲਸਾ ਕਾਲਜ ਵਿੱਚ ਪੜ੍ਹਾਈ ਕੀਤੀ ਅਤੇ 1959 ਵਿੱਚ ਗ੍ਰੈਜੂਏਸ਼ਨ ਕੀਤੀ।ਇੰਜਨੀਅਰ ਗਿੱਲ ਜਿਨ੍ਹਾਂ ਦੀ 26 ਨਵੰਬਰ, 2019 ਨੂੰ ਮੌਤ ਹੋ ਗਈ ਸੀ, ਨੇ 1989 ਵਿੱਚ ਪੱਛਮੀ ਬੰਗਾਲ ਦੇ ਰਾਣੀਗੰਜ ਵਿੱਚ ਹੜ੍ਹ ਨਾਲ ਭਰੀ ਕੋਲੇ ਦੀ ਖਾਨ ਵਿੱਚ ਫਸੇ ਖਣਿਜਾਂ ਦੇ ਬਚਾਅ ਕਾਰਜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

23 ਨਵੰਬਰ, 1989 ਨੂੰ, ਪੱਛਮੀ ਬੰਗਾਲ ਦੇ ਰਾਣੀਗੰਜ ਵਿੱਚ ਇੱਕ ਕੋਲੇ ਦੀ ਖਾਨ ਵਿੱਚ 220 ਮਾਈਨਰ, ਰੋਜ਼ਾਨਾ ਦੀ ਤਰਾਂ ਧਮਾਕੇ ਕਰਕੇ ਕੋਲੇ ਦੀਆਂ ਕੰਧਾਂ ਨੂੰ ਤੋੜਨ ਦਾ ਆਪਣਾ ਕੰਮ ਕਰ ਰਹੇ ਸਨ। ਉਸ ਸਮੇਂ ਦੌਰਾਨ ਪੱਛਮੀ ਬੰਗਾਲ ਵਿੱਚ ਭਾਰੀ ਹੜ੍ਹ ਆਇਆ ਹੋਇਆ ਸੀ ਅਤੇ ਕਿਸੇ ਨੇ ਗਲਤੀ ਨਾਲ ਖਾਨ ਦੀ ਉਪਰਲੀ ਸੀਮ ਨੂੰ ਛੂਹ ਲਿਆ ਅਤੇ ਪਾਣੀ ਖਾਣ ਅੰਦਰ ਵੜ ਗਿਆ। ਬਹੁਤ ਸਾਰੇ ਮਜ਼ਦੂਰ ਦੋ ਲਿਫਟਾਂ ਰਾਹੀਂ ਖਾਣ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ ਪਰ 71 ਮਾਈਨਰ ਫਸੇ ਰਹੇ ਕਿਉਂਕਿ ਸ਼ਾਫਟਾਂ ਪਾਣੀ ਨਾਲ ਭਰ ਗਈਆਂ ਸਨ। ਇਸ ਘਟਨਾ 'ਚ 6 ਲੋਕ ਡੁੱਬ ਗਏ ਅਤੇ 65 ਲੋਕ ਫਸ ਗਏ।

ਉਸ ਸਮੇਂ ਜਸਵੰਤ ਸਿੰਘ ਗਿੱਲ ਮਾਈਨਿੰਗ ਦੇ ਐਡੀਸ਼ਨਲ ਚੀਫ ਮਾਈਨਿੰਗ ਇੰਜੀਨੀਅਰ ਸਨ। ਜਦੋਂ ਉਨ੍ਹਾਂ ਨੂੰ ਇਸ ਦੁਖਾਂਤ ਬਾਰੇ ਪਤਾ ਲੱਗਿਆ ਅਤੇ 65 ਲੋਕਾਂ ਦੀ ਜਾਨ ਨੂੰ ਖ਼ਤਰਾ ਹੈ, ਤਾਂ ਸਰਦਾਰ ਗਿੱਲ ਨੇ ਬਿਨਾਂ ਸੋਚੇ ਸਮਝੇ ਬੋਰਵੈੱਲ ਵਿੱਚ ਜਾ ਕੇ ਖੁਦ ਹੀ ਮਾਈਨਰਾਂ ਨੂੰ ਬਚਾਇਆ। ਜਸਵੰਤ ਗਿੱਲ ਨੇ ਪੂਰੀ ਬਚਾਅ ਮੁਹਿੰਮ ਦੀ ਖੁਦ ਯੋਜਨਾ ਬਣਾਈ ਅਤੇ ਇੱਕ ਸਟੀਲ ਕੈਪਸੂਲ ਬਣਾਉਣ ਦਾ ਵਿਚਾਰ ਆਇਆ ਜੋ ਬੋਰਵੈਲ ਰਾਹੀਂ ਇੱਕ ਸਮੇਂ ਵਿੱਚ ਇੱਕ ਵਿਅਕਤੀ ਨੂੰ ਲਿਜਾ ਸਕਦਾ ਸੀ।

ਬਚਾਅ ਕਾਰਜ ਦੌਰਾਨ ਜਸਵੰਤ ਸਿੰਘ ਗਿੱਲ ਖੁਦ ਟੋਏ ਵਿੱਚ ਪਏ ਮਜ਼ਦੂਰਾਂ ਨੂੰ ਬਚਾ ਰਹੇ ਸਨ। ਸਾਰਿਆਂ ਨੂੰ ਬਚਾਏ ਜਾਣ ਤੋਂ ਬਾਅਦ ਹੀ ਉਹ ਬਾਹਰ ਆਏ ਅਤੇ ਇਹ ਬਚਾਅ ਕਾਰਜ ਤਕਰੀਬਨ ਛੇ ਘੰਟੇ ਚੱਲਿਆ ਸੀ। ਇਸ ਬਹਾਦਰੀ ਦੇ ਕਾਰਨਾਮੇ ਨੇ ਜਸਵੰਤ ਸਿੰਘ ਗਿੱਲ ਨੂੰ ਇੱਕ ਰਾਸ਼ਟਰੀ ਨਾਇਕ ਬਣਾ ਦਿੱਤਾ ਸੀ ਅਤੇ ਉਹਨਾਂ ਨੂੰ 1991 ਵਿੱਚ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਰਾਮਾਸਵਾਮੀ ਵੈਂਕਟਾਰਮਨ ਦੁਆਰਾ ਸਰਵੋਤਮ ਜੀਵਨ ਰਕਸ਼ਾ ਪਦਕ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਵਿੱਚ ਮਜੀਠਾ ਰੋਡ 'ਤੇ ਇੱਕ ਚੌਕ ਦਾ ਨਾਮ ਵੀ ਉਨ੍ਹਾਂ ਦੇ ਨਾਮ 'ਤੇ ਰੱਖਿਆ ਗਿਆ ਹੈ। ਹੁਣ ਅਜਿਹੇ ਇਨਸਾਨ ਤੇ ਬਾਇਓਪਿਕ ਬਣਨੀ ਸ਼ਲਾਘਾਯੋਗ ਹੈ ਕਿਉਂਕਿ ਇਸ ਨਾਲ ਨਵੀਂ ਪੀੜੀ ਨੂੰ ਵੀ ਸਮਾਜ ਲਈ ਚੰਗੇ ਕੰਮ ਕਰਨ ਦੀ ਪ੍ਰੇਰਨਾ ਮਿਲੇਗੀ।

Related Stories

No stories found.
logo
Punjab Today
www.punjabtoday.com