
ਪੰਜਾਬ ਅਤੇ ਦੇਸ਼ ਵਿਚ ਦੁਨੀਆਂ 'ਚ ਅਨੇਕਾਂ ਸੰਸਥਾਵਾਂ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀਆਂ ਹਨ। ਜਿਨ੍ਹਾਂ ਵਿੱਚੋਂ ਇੱਕ ਹੈ 'ਏਕ ਜ਼ਰੀਆ' ਜਿਸਦੀ ਸ਼ੁਰੂਆਤ ਲੁਧਿਆਣਾ ਦੇ ਨੌਜਵਾਨ ਅਨਮੋਲ ਕਵਾਤਰਾ ਵੱਲੋਂ ਸਾਲ 2016 'ਚ ਸ਼ੁਰੂ ਕੀਤੀ ਗਈ।
ਕੀ ਤੁਸੀਂ ਸੋਚ ਸਕਦੇ ਹੋ ਕਿ ਕੋਈ ਸੰਸਥਾ ਜਿਸਦਾ ਨਾ ਕੋਈ ਅਕਾਉਂਟ ਨੰਬਰ ਹੋਵੇ ਨਾ ਕਿਸੇ ਦਾਨੀ ਵੱਲੋਂ ਦਿੱਤੇ ਦਾਨ ਦੇ ਪੈਸੇ ਜਾਂ ਚੀਜ਼ਾਂ ਨੂੰ ਹੱਥ ਲਗਾਉਂਦੀ ਹੋਵੇ ਤੇ ਨਾ ਹੀ ਬਾਹਰਲੇ ਮੁਲਕਾਂ 'ਚ ਬੈਠੇ ਦਾਨੀਆਂ ਕੋਲੋਂ ਔਨਲਾਈਨ ਫੰਡਿੰਗ ਲੈਂਦੀ ਹੋਵੇ, ਪਰ ਫਿਰ ਵੀ ਹਜ਼ਾਰਾਂ-ਲੱਖਾਂ ਲੋੜਵੰਦ ਮਰੀਜ਼ਾਂ ਦਾ ਇਲਾਜ਼ ਕਰਵਾ ਚੁੱਕੀ ਹੋਵੇ।
ਗੱਲ ਯਕੀਨ ਕਰਨ ਵਾਲੀ ਤਾਂ ਨਹੀਂ ਪਰ 'ਏਕ ਜ਼ਰੀਆ' ਦੇ ਕੰਮ ਕਰਨ ਤਰੀਕਾ ਇਹੋ ਹੈ, ਜੋ ਤੁਹਾਨੂੰ ਦੱਸਿਆ। ਇਸ ਸੰਸਥਾ ਦੀਆਂ ਟੀਮਾਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਜੰਮੂ-ਕਸ਼ਮੀਰ ਤੇ ਪੀਜੀਆਈ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ 'ਚ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਹਨ ਅਤੇ ਨਾਲ ਹੀ ਫਰੀਦਕੋਟ ਅਤੇ ਬਠਿੰਡਾ 'ਚ ਵੀ 'ਏਕ ਜ਼ਰੀਆ' ਦੇ ਟੀਮ ਮੈਂਬਰ ਲੋੜਵੰਦ ਮਰੀਜ਼ਾਂ ਦਾ ਇਲਾਜ਼ ਦਾਨੀਆਂ ਦੇ ਸਹਿਯੋਗ ਨਾਲ ਲਗਾਤਾਰ ਕਰਵਾ ਰਹੇ ਹਨ।
'ਏਕ ਜ਼ਰੀਆ' ਦੀ ਸ਼ੁਰੂਆਤ ਕਰਨ ਵਾਲੇ ਨੌਜਵਾਨ ਅਨਮੋਲ ਕਵਾਤਰਾ ਪੂਰਾ ਸਾਲ 365 ਦਿਨ ਆਪਣੀ ਟੀਮ ਨਾਲ ਲੋੜਵੰਦ ਮਰੀਜ਼ਾਂ ਦੀਆਂ ਮੁਸਕਲਾਂ ਸੁਣਦੇ ਹਨ ਅਤੇ ਲੋੜ ਅਨੁਸਾਰ ਉਨ੍ਹਾਂ ਦੀ ਦਾਨੀਆਂ ਪਾਸੋਂ ਸਿੱਧੀ ਮੱਦਦ ਕਰਵਾਈ ਜਾਂਦੀ ਹੈ। ਟੀਮ ਦਾ ਕੰਮ ਹੈ ਮਰੀਜ਼ ਦੀ ਮੁਸ਼ਕਲ ਨੂੰ ਸੁਣਨਾ, ਉਸਦੀ ਗਹਿਰਾਈ ਨਾਲ ਜਾਂਚ ਕਰਨੀ ਅਤੇ ਫਿਰ ਉਸਦੇ ਬਾਅਦ ਦਾਨ ਦਾ ਪੈਸਾ ਉਹਨਾਂ ਨੂੰ ਦਿਵਾਉਣਾ ਤਾਂ ਕਿ ਬਿਨ੍ਹਾਂ ਜਾਂਚ-ਪੜਤਾਲ ਤੋਂ ਕਿਸੇ ਦਾਨੀ ਵੱਲੋਂ ਮਿਹਨਤ ਕਰਕੇ ਕੀਤੀ ਕਮਾਈ 'ਚੋ ਕੱਢਿਆ ਦਸਵੰਦ ਕਿਸੇ ਗਲਤ ਹੱਥਾਂ 'ਚ ਨਾ ਜਾਵੇ ਅਤੇ ਗਲਤ ਵਰਤੋਂ ਨਾ ਹੋਵੇ।
ਅੱਜ ਇਸ ਸੰਸਥਾ ਨੂੰ ਚਲਦੇ ਹੋਏ 7ਵਾਂ ਸਾਲ ਚੱਲ ਹੋ ਗਏ ਹਨ,ਪਰ ਅਜੇ ਤੱਕ 'ਏਕ ਜ਼ਰੀਆ' ਦੀ ਟੀਮ ਕੋਲ ਆਪਣੀ ਕੋਈ ਜਗ੍ਹਾ ਨਹੀਂ ਹੈ। ਅੱਜ ਦੇ ਸਮੇਂ ਇਹ ਟੀਮ ਲੁਧਿਆਣਾ ਦੇ ਮਾਡਲ ਟਾਊਨ 'ਚ ਬਾਬਾ ਦੀਪ ਸਿੰਘ ਜੀ ਦੇ ਗੁਰੂਦੁਆਰਾ ਸਾਹਿਬ ਦੇ ਨੇੜੇ ਇੱਕ ਪਾਰਕਿੰਗ ਵਾਲੀ ਥਾਂ ਉੱਤੇ ਸ਼ਾਮ ਸਮੇ 7 ਵਜੇ ਤੋਂ 9 ਵਜੇ ਤੱਕ ਮਰੀਜ਼ਾਂ ਨੂੰ ਮਿਲਦੀ ਹੈ। ਇਸਦੇ ਇਲਾਵਾ ਸਵੇਰੇ 10 ਵਜੇ ਤੋਂ 12 ਵਜੇ ਤੱਕ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਅੰਦਰ ਓਪੀਡੀ ਦੇ ਸਾਹਮਣੇ ਇੱਕ ਟੀਮ ਬੈਠਦੀ ਹੈ, ਜੋ ਉੱਥੇ ਇਲਾਜ਼ ਲਈ ਆਏ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ, ਉਨ੍ਹਾਂ ਦੇ ਟੈਸਟ ਕਰਵਾਉਣੇ ਅਤੇ ਉਨ੍ਹਾਂ ਦੇ ਅਪ੍ਰੇਸ਼ਨ ਕਰਵਾਉਣ ਵਿਚ ਮਦਦ ਕਰਦੀ ਹੈ। ਮੀਂਹ ਪੈਂਦਾ ਹੋਵੇ, ਹਨ੍ਹੇਰੀ ਚੱਲਦੀ ਹੋਵੇ ਜਾਂ ਝੱਖੜ ਝੁੱਲਦਾ ਹੋਵੇ 'ਏਕ ਜ਼ਰੀਆ' ਦੀ ਟੀਮ ਬਿਨ ਨਾਗਾ ਹਰ ਦਿਨ ਲੋੜਵੰਦ ਮਰੀਜ਼ਾਂ ਦੀ ਸੇਵਾ 'ਚ ਹਾਜ਼ਰ ਹੁੰਦੀ ਹੈ।