ਪੰਜਾਬ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਛਾਪੇਮਾਰੀ ਨੂੰ ਲੈ ਕੇ ਹੰਗਾਮਾ ਮਚ ਗਿਆ ਹੈ। ਇਸ ਜੰਗ 'ਚ ਹੁਣ ਅਰਵਿੰਦ ਕੇਜਰੀਵਾਲ ਨੇ ਸੀਐੱਮ ਚਰਨਜੀਤ ਚੰਨੀ ਤੇ ਵੱਡਾ ਹਮਲਾ ਕੀਤਾ ਹੈ। ਮੁੱਖ ਮੰਤਰੀ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਦੇ ਟਿਕਾਣਿਆਂ ਤੋਂ ਕਰੋੜਾਂ ਦੀ ਬਰਾਮਦਗੀ ਤੇ ਕੇਜਰੀਵਾਲ ਨੇ ਕਿਹਾ ਕਿ ਚੰਨੀ ਕੋਈ ਆਮ ਆਦਮੀ ਨਹੀਂ, ਸਗੋਂ ਬੇਈਮਾਨ ਆਦਮੀ ਹੈ।
ਇਸ ਤੋਂ ਪਹਿਲਾਂ ਮੋਹਾਲੀ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਰੇਤ ਚੋਰੀ ਦੇ ਦੋਸ਼ 'ਚ ਮੁੱਖ ਮੰਤਰੀ ਦੇ ਰਿਸ਼ਤੇਦਾਰ ਦੇ ਘਰ ਰੇਡ ਹੋ ਰਹੀ ਹੈ। 'ਆਪ' ਆਗੂ ਰਾਘਵ ਚੱਢਾ ਨੇ ਵੀ ਰੇਤ ਦੀ ਚੋਰੀ ਦਾ ਪਰਦਾਫਾਸ਼ ਕੀਤਾ ਸੀ ਪਰ ਸੀ.ਐਮ ਨੇ ਕਾਰਵਾਈ ਕਰਨ ਦੀ ਬਜਾਏ ਇਸ ਨੂੰ ਛੁਪਾ ਦਿੱਤਾ। ਰੇਤ ਚੋਰੀ ਵਿੱਚ ਸ਼ਾਮਲ ਮੁੱਖ ਮੰਤਰੀ ਅਤੇ ਉਨ੍ਹਾਂ ਦਾ ਪਰਿਵਾਰ ਪੰਜਾਬ ਦਾ ਕੋਈ ਭਲਾ ਨਹੀਂ ਕਰ ਸਕਦਾ।
ਇਸ ਤੋਂ ਬਾਅਦ ਸੀਐਮ ਚਰਨਜੀਤ ਚੰਨੀ ਨੇ ਵੀ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕੇਜਰੀਵਾਲ ਦੇ ਸਾਲੇ ਦੇ ਪੁੱਤਰ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਉਦੋਂ ਉਹ ਇਸ ਨੂੰ ਸਿਆਸੀ ਬਦਲਾਖੋਰੀ ਕਹਿੰਦੇ ਸਨ। ਜਦੋਂ ਉਸ ਵਿਰੁੱਧ ਕਾਰਵਾਈ ਹੁੰਦੀ ਹੈ ਤਾਂ ਕੇਜਰੀਵਾਲ ਉਸ ਦੀ ਤਾਰੀਫ਼ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਸੀ ਕਿ ਇਸ ਪੂਰੇ ਮਾਮਲੇ ਵਿੱਚ ਕੇਂਦਰ ਸਰਕਾਰ ਅਤੇ ਭਾਜਪਾ ਦੇ ਨਾਲ ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੀ ਸ਼ਾਮਲ ਹਨ।ਚਰਨਜੀਤ ਸਿੰਘ ਚੰਨੀ ਨੇ ਅੱਗੇ ਕਿਹਾ ਕਿ ਮੈਂ ਚੋਣ ਕਮਿਸ਼ਨ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜੇਕਰ ਪੰਜਾਬ ਵਿੱਚ ਨਿਰਪੱਖ ਚੋਣਾਂ ਕਰਵਾਉਣੀਆਂ ਹਨ ਤਾਂ ਕੇਂਦਰ ਸਰਕਾਰ ਦੀਆਂ ਇਨ੍ਹਾਂ ਸਾਜ਼ਿਸ਼ਾਂ ਨੂੰ ਰੋਕਿਆ ਜਾਵੇ।
ਇਸ ਤੋਂ ਪਹਿਲਾਂ ਸੀਐਮ ਚੰਨੀ ਨੇ ਕਿਹਾ ਸੀ ਕਿ ਪੰਜਾਬ ਵਿੱਚ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਗੁਪਤ ਸਮਝੌਤਾ ਹੋਇਆ ਹੈ। ਜਿਸ ਕਾਰਨ ਕੇਜਰੀਵਾਲ ਈਡੀ ਦੀ ਕਾਰਵਾਈ ਦਾ ਸਮਰਥਨ ਕਰ ਰਹੇ ਹਨ।
ਮੈਂ ਕਹਿੰਦਾ ਹਾਂ ਕਿ ਜੇ ਉਸ ਦੀ ਕੋਈ ਗਲਤੀ ਹੈ ਤਾਂ ਉਸ ਨੂੰ ਸਜ਼ਾ ਦਿਓ, ਪਰ ਉਸ ਨੂੰ ਸਾਜ਼ਿਸ਼ ਤਹਿਤ ਫਸਾਉਣ ਦਾ ਕੰਮ ਨਾ ਕਰੋ। ਸੀਐਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਦਿੱਲੀ ਮੁਗਲਾਂ ਦੇ ਸਮੇਂ ਤੋਂ ਪੰਜਾਬ 'ਤੇ ਪਹਿਲਾਂ ਵੀ ਦਬਾਅ ਪਾਉਂਦੀ ਰਹੀ ਹੈ, ਪੰਜਾਬ ਨੇ ਦਿੱਲੀ ਨੂੰ ਜਵਾਬ ਦਿੱਤਾ ਹੈ ਅਤੇ ਅੱਜ ਵੀ ਦੇਵੇਗਾ।