ਪੰਜਾਬ ਦੀ ਸਾਰੀਆਂ ਪਾਰਟੀਆਂ 2022 ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਲਿਸਟ ਨੂੰ ਅੰਤਿਮ ਰੂਪ ਦੇਣ ਵਿੱਚ ਰੁੱਝੀਆਂ ਹੋਈਆਂ ਹਨ। ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਧੂਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਜਾ ਰਹੇ ਹਨ।
ਆਮ ਆਦਮੀ ਪਾਰਟੀ ਦੀ ਤਰਫੋਂ ਰਾਘਵ ਚੱਢਾ ਨੇ ਇਸ ਦੀ ਪੁਸ਼ਟੀ ਕੀਤੀ ਹੈ।ਪੰਜਾਬ 'ਚ ਆਮ ਆਦਮੀ ਪਾਰਟੀ ਦੀ ਤਰਫੋਂ ਰਾਘਵ ਚੱਢਾ ਨੇ ਦੱਸਿਆ ਕਿ ਭਗਵੰਤ ਮਾਨ ਧੂਰੀ ਹਲਕਾ ਚੋਣ ਮੈਦਾਨ 'ਚ ਉਤਰਨਗੇ। ਉਨ੍ਹਾਂ ਨੇ ਇਸ ਦਾ ਰਸਮੀ ਐਲਾਨ ਕੀਤਾ।
ਜਿਕਰਯੋਗ ਹੈ ਕਿ ਮਾਨ ਨੂੰ ਦੋ ਦਿਨ ਪਹਿਲਾਂ ਹੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨਿਆ ਗਿਆ ਸੀ। ਉਹ ਪਿਛਲੀਆਂ ਦੋ ਵਾਰ ਤੋਂ ਸੰਗਰੂਰ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਰਹੇ ਹਨ ਅਤੇ ਹੁਣ ਪਾਰਟੀ ਦੀ ਵਾਗਡੋਰ ਸੰਭਾਲਦਿਆਂ ਉਨ੍ਹਾਂ ਦੇ ਮੋਢਿਆਂ ਤੇ ਸੀਐੱਮ ਦੀ ਵੱਡੀ ਜ਼ਿੰਮੇਵਾਰੀ ਪਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਭਗਵੰਤ ਮਾਨ ਮਾਲਵਾ ਖੇਤਰ ਤੋਂ ਆਉਂਦੇ ਹਨ ਅਤੇ ਹੁਣ ਤੱਕ ਮਾਲਵੇ ਨੇ ਸਭ ਤੋਂ ਵੱਧ ਮੁੱਖ ਮੰਤਰੀ ਦਿੱਤੇ ਹਨ। ਹੁਣ ਦੇਖਣਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਮੰਤਰੀ ਦਾ ਚਿਹਰਾ ਸੁਖਬੀਰ ਬਾਦਲ ਅਤੇ ‘ਆਪ’ ਵੱਲੋਂ ਭਗਵੰਤ ਮਾਨ ਚੋਣਾਂ ਵਿੱਚ ਕੀ ਕਰਿਸ਼ਮਾ ਦਿਖਾ ਸਕਦੇ ਹਨ।
ਦੂਜੇ ਪਾਸੇ ਕਾਂਗਰਸ ਵਿੱਚ ਆਪਸੀ ਉਥਲ-ਪੁਥਲ ਕਾਰਨ ਸੀਐੱਮ ਦੇ ਚਿਹਰੇ ਤੇ ਹਾਲੇ ਤੱਕ ਕਿਸੇ ਦੇ ਨਾਂ ਦੀ ਮੋਹਰ ਨਹੀਂ ਲੱਗੀ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਪੰਜਾਬ 'ਚ ਕਾਂਗਰਸ ਦਾ ਚਿਹਰਾ ਹੋਣਗੇ। ਇਸ ਦੇ ਨਾਲ ਹੀ ਇਹ ਸਮਾਂ ਹੀ ਦੱਸੇਗਾ ਕਿ ਅਮਰਿੰਦਰ-ਭਾਜਪਾ ਅਤੇ ਯੂਨਾਈਟਿਡ ਅਕਾਲੀ ਦਲ ਗਠਜੋੜ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ।
ਇਸਤੋਂ ਪਹਿਲਾ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦਾ ਚਿਹਰਾ ਤੈਅ ਕਰਨ ਲਈ ਪੰਜਾਬ ਦੇ ਲੋਕਾਂ ਦੀ ਰਾਏ ਲਈ ਸੀ। ਇਸ ਲਈ ਇੱਕ ਫ਼ੋਨ ਨੰਬਰ ਜਾਰੀ ਕੀਤਾ ਗਿਆ ਸੀ। ਪਾਰਟੀ ਨੇ ਇਸ ਮੁਹਿੰਮ ਦਾ ਨਾਂ 'ਜਨਤਾ ਚੁੰਗੇਗੀ ਅਪਨਾ ਮੁੱਖ ਮੰਤਰੀ' ਰੱਖਿਆ ਸੀ ।
ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ 4 ਦਿਨਾਂ ਦੇ ਅੰਦਰ 22 ਲੱਖ ਲੋਕਾਂ ਨੇ ਫੋਨ ਕਾਲ, ਮੈਸੇਜ ਅਤੇ ਵਟਸਐਪ ਰਾਹੀਂ ਪਾਰਟੀ ਨੂੰ ਆਪਣੀ ਰਾਏ ਦਿੱਤੀ ਹੈ। 'ਆਪ' ਦਾ ਦਾਅਵਾ ਹੈ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਰੂਪ 'ਚ ਦੇਖਣਾ ਚਾਹੁੰਦੇ ਹਨ। ਇਸੇ ਲਈ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਸੀਐੱਮ ਦਾ ਚਿਹਰਾ ਬਣਾਉਣ ਦਾ ਫੈਸਲਾ ਕੀਤਾ ਹੈ।