ਸੀਐੱਮ ਮਾਨ ਜਰਮਨੀ ਦੌਰੇ 'ਤੇ, ਕੰਪਨੀਆਂ ਨੂੰ ਨਿਵੇਸ਼ ਕਰਨ ਦਾ ਦਿੱਤਾ ਸੱਦਾ

ਪੰਜਾਬ ਨੂੰ ਵਪਾਰ ਕਰਨ ਲਈ ਸਭ ਤੋਂ ਪਸੰਦੀਦਾ ਸਥਾਨ ਦੱਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਨਿਵੇਸ਼ ਕਰਨ ਨਾਲ ਕੰਪਨੀਆਂ ਨੂੰ ਬਹੁੱਤ ਫਾਇਦਾ ਹੋਵੇਗਾ।
ਸੀਐੱਮ ਮਾਨ ਜਰਮਨੀ ਦੌਰੇ 'ਤੇ, ਕੰਪਨੀਆਂ ਨੂੰ ਨਿਵੇਸ਼ ਕਰਨ ਦਾ ਦਿੱਤਾ ਸੱਦਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਜਰਮਨੀ ਫੇਰੀ ਦੇ ਪਹਿਲੇ ਦਿਨ ਅੱਜ ਵੱਖ-ਵੱਖ ਨਾਮੀ ਕੰਪਨੀਆਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਪੰਜਾਬ ਨੂੰ ਨਿਵੇਸ਼ ਲਈ ਤਰਜੀਹੀ ਸਥਾਨ ਦੱਸਿਆ ਅਤੇ ਉਨ੍ਹਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ।

ਮੁੱਖ ਮੰਤਰੀ ਮਾਨ ਨੂੰ ਡਾ. ਰੇਨਹਾਰਡ ਫੀਫਰ ਨੇ ਫ਼ੂਡ ਇੰਡਸਟਰੀ ਲਈ ਵਿਸ਼ਵ ਦੇ ਪ੍ਰਮੁੱਖ ਵਪਾਰ ਮੇਲੇ, ਡਰਿੰਕਟੈਕ 2022 ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਸੀ। ਸਮਾਗਮ ਵਿੱਚ ਵੱਖ-ਵੱਖ ਉਦਯੋਗਾਂ ਨਾਲ ਜੁੜੇ ਲੋਕਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ 23-24 ਫਰਵਰੀ 2023 'ਚ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਇਨਵੈਸਟਰਸ ਸਮਿਟ ਵਿੱਚ ਸ਼ਾਮਲ ਹੋਣ ਲਈ ਵਿਸ਼ਵ ਭਰ ਦੇ ਉਦਯੋਗਪਤੀਆਂ ਨੂੰ ਸੱਦਾ ਦਿੱਤਾ।

ਸਮਾਗਮ ਦੌਰਾਨ ਭਗਵੰਤ ਮਾਨ ਨੇ ਪੰਜਾਬ ਦੇ ਉਦਯੋਗਾਂ ਜਿਵੇਂ ਕਿ ਤੇਲ ਬੀਜ ਪ੍ਰੋਸੈਸਿੰਗ ਮਸ਼ੀਨਰੀ, ਉਦਯੋਗਿਕ ਏਅਰ ਫਿਲਟਰੇਸ਼ਨ ਸਿਸਟਮ, ਸ਼ੁੱਧੀਕਰਨ ਤਕਨਾਲੋਜੀ, ਰਸਾਇਣਾਂ ਵਿੱਚ ਪ੍ਰਮੁੱਖ ਕੰਪਨੀਆਂ ਜਿਵੇਂ ਕਿ ਜ਼ੈਪੇਲਿਨ, ਬੁਏਲਰ, ਪ੍ਰੋ ਮਾਈਨੈਟ, ਡੋਨਾਲਡਸਨ, ਇਗਸ, ਸਿਪ੍ਰਿਆਨੀ ਹੈਰੀਸਨ ਵਾਲਵਾਸ, ਪੈਂਟੇਅਰ ਅਤੇ ਹੋਰਾਂ ਨਾਲ ਗੱਲਬਾਤ ਕੀਤੀ। ਮਾਪਣ, ਰਸਾਇਣਾਂ ਲਈ ਉਪਕਰਨਾਂ ਨੂੰ ਉਛਾਲਣ, ਬਾਇਓਮਾਸ ਨੂੰ ਊਰਜਾ ਵਿੱਚ ਬਦਲਣ, ਉਦਯੋਗਾਂ ਲਈ ਪਾਣੀ ਨੂੰ ਸ਼ੁੱਧ ਕਰਨ ਅਤੇ ਹੋਰਾਂ ਲਈ ਵੱਖ-ਵੱਖ ਤਕਨਾਲੋਜੀ ਹੱਲਾਂ ਬਾਰੇ ਚਰਚਾ ਕੀਤੀ ਗਈ। ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਦੇ ਅਨੁਕੂਲ ਉਦਯੋਗਿਕ ਮਾਹੌਲ ਬਾਰੇ ਜਾਣਕਾਰੀ ਦਿੱਤੀ ਅਤੇ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਲਈ ਕਿਹਾ।

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਲੰਬੇ ਸਮੇਂ ਤੋਂ ਭਾਰਤ ਦੇ ਅਨਾਜ ਭੰਡਾਰ ਵਜੋਂ ਜਾਣਿਆ ਜਾਂਦਾ ਹੈ ਅਤੇ ਫੂਡ ਪ੍ਰੋਸੈਸਿੰਗ ਖੇਤਰ ਨੇ ਸੂਬੇ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਰਾਜ ਸਰਕਾਰ ਆਲਮੀ ਉਦਯੋਗਾਂ ਨੂੰ ਪੰਜਾਬ ਵਿੱਚ ਆਪਣਾ ਕਾਰੋਬਾਰ ਸਥਾਪਤ ਕਰਨ ਲਈ ਪੂਰਾ ਸਹਿਯੋਗ ਦੇਣ ਲਈ ਤਿਆਰ ਹੈ। ਪੰਜਾਬ ਨੂੰ ਵਪਾਰ ਕਰਨ ਲਈ ਸਭ ਤੋਂ ਪਸੰਦੀਦਾ ਸਥਾਨ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਨਿਵੇਸ਼ ਕਰਨ ਨਾਲ ਕੰਪਨੀਆਂ ਨੂੰ ਬਹੁਤ ਫਾਇਦਾ ਹੋਵੇਗਾ।

ਉਨ੍ਹਾਂ ਕਿਹਾ ਕਿ ਸੂਬੇ ਦਾ ਸਰਬਪੱਖੀ ਵਿਕਾਸ ਅਤੇ ਖੁਸ਼ਹਾਲੀ ਆਪਸੀ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਸਦਕਾ ਹੈ। ਭਗਵੰਤ ਮਾਨ ਨੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਾਰੋਬਾਰ ਨੂੰ ਫੈਲਾਉਣ ਲਈ ਮਿਆਰੀ ਬੁਨਿਆਦੀ ਢਾਂਚੇ, ਬਿਜਲੀ, ਹੁਨਰਮੰਦ ਮਨੁੱਖੀ ਵਸੀਲਿਆਂ ਅਤੇ ਹੋਰ ਸਹੂਲਤਾਂ ਨਾਲ ਲੈਸ ਬਿਹਤਰ ਉਦਯੋਗਿਕ ਮਾਹੌਲ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀਆਂ ਨਿਵੇਸ਼ ਪੱਖੀ ਨੀਤੀਆਂ ਸੂਬੇ ਵਿੱਚ ਉਦਯੋਗਿਕ ਸ਼ਾਂਤੀ ਅਤੇ ਅਤਿ-ਆਧੁਨਿਕ ਬੁਨਿਆਦੀ ਢਾਂਚੇ ਦੇ ਨਾਲ ਉਦਯੋਗਿਕ ਵਿਕਾਸ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਦੀਆਂ ਹਨ।

ਉਨਾਂ ਕਿਹਾ ਕਿ ਪਹਿਲਾਂ ਸਿੰਗਲ ਵਿੰਡੋ ਸੇਵਾ ਸਿਰਫ ਇੱਕ ਧੋਖਾ ਸੀ, ਜਿਸ ਨੇ ਨਾ ਸਿਰਫ ਸੰਭਾਵੀ ਨਿਵੇਸ਼ਕਾਂ ਨੂੰ ਨਿਰਾਸ਼ ਕੀਤਾ, ਸਗੋਂ ਸੂਬੇ ਦੇ ਉਦਯੋਗਿਕ ਵਿਕਾਸ ਵਿੱਚ ਵੀ ਰੁਕਾਵਟ ਪਾਈ। ਹੁਣ ਉਨ੍ਹਾਂ ਦੀ ਸਰਕਾਰ ਨੇ ਇਹ ਸੁਨਿਸ਼ਚਿਤ ਕੀਤਾ ਹੈ, ਕਿ ਸਿੰਗਲ ਵਿੰਡੋ ਸਿਸਟਮ ਰਾਜ ਵਿੱਚ ਨਿਵੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਉੱਦਮੀਆਂ ਲਈ ਇੱਕ ਅਸਲ ਸਹੂਲਤ ਵਜੋਂ ਕੰਮ ਕਰਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਉਨ੍ਹਾਂ ਦੇ ਦੌਰੇ ਨਾਲ ਪੰਜਾਬ ਵਿੱਚ ਉਦਯੋਗੀਕਰਨ ਦੀ ਪ੍ਰਕਿਰਿਆ ਨੂੰ ਹੁਲਾਰਾ ਮਿਲੇਗਾ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇਸ਼ ਦਾ ਉਦਯੋਗਿਕ ਧੁਰਾ ਬਣ ਕੇ ਉਭਰੇਗਾ। ਮੁੱਖ ਮੰਤਰੀ ਦੇ ਇਸ ਸੱਦੇ 'ਤੇ ਕੁਝ ਵੱਡੀਆਂ ਕੰਪਨੀਆਂ ਨੇ ਸੂਬੇ ਵਿੱਚ ਵੱਡੇ ਪੱਧਰ 'ਤੇ ਨਿਵੇਸ਼ ਕਰਨ ਦਾ ਭਰੋਸਾ ਵੀ ਦਿੱਤਾ ਹੈ।

Related Stories

No stories found.
logo
Punjab Today
www.punjabtoday.com