ਕੇਜਰੀਵਾਲ ਨਾਲ ਪਾਰਟੀ ਦੀ ਮੁਹਿੰਮ ਦੀ ਸ਼ੁਰੂਆਤ ਕਰਨ ਗੁਜਰਾਤ ਗਏ ਭਗਵੰਤ ਮਾਨ ਤੇ ਹੁਣ ਸਿਆਸਤ ਭੱਖ ਗਈ ਹੈ। ਸੀਐਮ ਭਗਵੰਤ ਮਾਨ ਨੇ 1 ਤੋਂ 3 ਅਪ੍ਰੈਲ ਤੱਕ ਗੁਜਰਾਤ ਦਾ ਦੌਰਾ ਕੀਤਾ ਸੀ। ਜਿੱਥੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਵੀ ਉਨ੍ਹਾਂ ਦੇ ਨਾਲ ਸਨ। ਦੋਵਾਂ ਨੇ ਦਸੰਬਰ ਵਿੱਚ ਹੋਣ ਵਾਲੀਆਂ ਗੁਜਰਾਤ ਚੋਣਾਂ ਲਈ ਪਾਰਟੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।
ਭਗਵੰਤ ਮਾਨ ਦੇ ਇਸ ਗੁਜਰਾਤ ਦੌਰੇ ਨੇ ਪੰਜਾਬ ਦੇ ਸਰਕਾਰੀ ਖਜ਼ਾਨੇ ਤੇ ਪ੍ਰਭਾਵ ਪਾਇਆ ਹੈ। ਮਾਨ ਨੇ ਗੁਜਰਾਤ ਲਈ ਇੱਕ ਨਿੱਜੀ ਜਹਾਜ਼ ਕਿਰਾਏ 'ਤੇ ਲਿਆ ਸੀ। ਇਸਦੇ ਬਦਲੇ ਸ਼ਹਿਰੀ ਹਵਾਈ ਵਿਭਾਗ ਨੇ ਖਜ਼ਾਨੇ ਨੂੰ 44.85 ਲੱਖ ਰੁਪਏ ਦਾ ਬਿੱਲ ਭੇਜਿਆ ਹੈ। ਇਹ ਜਾਣਕਾਰੀ ਬਠਿੰਡਾ ਦੇ RTI ਕਾਰਕੁਨ ਹਰਮਿਲਾਪ ਗਰੇਵਾਲ ਨੇ ਮੰਗੀ ਸੀ।
ਇਸਦੇ ਨਾਲ ਹੀ ਮਾਨ ਹੁਣ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਕਾਂਗਰਸ ਨੇ ਮਾਨ ਸਰਕਾਰ ਨੂੰ ਪੁੱਛਿਆ ਕਿ ਕੀ ਇਹ ਤਬਦੀਲੀ ਅਤੇ ਇੰਕਲਾਬ ਹੈ ਜਿਸਦਾ ਭਗਵੰਤ ਮਾਨ ਨੇ ਆਪਣੀ ਚੋਣ ਮੁਹਿੰਮ ਦੌਰਾਨ ਵਾਅਦਾ ਕੀਤਾ ਸੀ? ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮਾਲ ਨੇ ਪੰਜਾਬ ਦੇ ਟੈਕਸਦਾਤਾਂਵਾਂ ਦੇ 45 ਲੱਖ ਰੁਪਏ ਬਰਬਾਦ ਕਰ ਦਿੱਤੇ।
ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ, ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਨੇ ਬਦਲਾਅ ਤੇ ਇੰਕਲਾਬ ਦਾ ਵਾਅਦਾ ਕੀਤਾ ਸੀ। ਹੁਣ ਅਰਵਿੰਦ ਕੇਜਰੀਵਾਲ ਦੀਆਂ ਸਿਆਸੀ ਇੱਛਾਵਾਂ ਨੂੰ ਪੂਰਾ ਕਰਨ ਲਈ ਪ੍ਰਾਈਵੇਟ ਜੈੱਟ ਕਿਰਾਏ 'ਤੇ ਲਏ ਜਾ ਰਹੇ ਹਨ। ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਵਿਚ ਪੰਜਾਬ ਦੇ 45 ਲੱਖ ਰੁਪਏ ਬਰਬਾਦ ਹੋ ਗਏ ਹਨ ਇਸ ਲਈ ਕਿਸਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ?
ਹਿਮਾਚਲ ਦੌਰੇ ਦਾ ਵੀ ਹਲੇ ਤੱਕ ਨਹੀਂ ਮਿਲਿਆ ਜਵਾਬ
RTI ਕਾਰਕੁਨ ਹਰਮਿਲਾਪ ਗਰੇਵਾਲ ਨੇ ਹਿਮਾਚਲ ਦੌਰੇ ਦੌਰਾਨ ਹੋਏ ਖਰਚਿਆਂ ਬਾਰੇ ਵੀ ਜਾਣਕਾਰੀ ਮੰਗੀ ਸੀ। ਇਸਦੇ ਜਵਾਬ ਵਿੱਚ ਕਿਹਾ ਗਿਆ ਕਿ ਮਾਨ 6 ਅਪ੍ਰੈਲ ਨੂੰ ਸਰਕਾਰੀ ਹੈਲੀਕਾਪਟਰ ਰਾਹੀਂ ਉੱਥੇ ਗਏ ਸਨ। ਇਸਦੇ ਖਰਚ ਦਾ ਮੁਲਾਂਕਣ ਨਹੀਂ ਕੀਤਾ ਜਾ ਸਕਦਾ। ਇਸ ਸਬੰਧੀ ਹਰਮਿਲਾਪ ਗਰੇਵਾਲ ਨੇ ਕਿਹਾ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਮਾਨ ਚਰਨਜੀਤ ਚੰਨੀ ਵੱਲੋਂ ਪੰਜਾਬ 'ਚ ਹੈਲੀਕਾਪਟਰਾਂ ਦੀ ਵਰਤੋਂ ਕਰਨ 'ਤੇ ਆਲੋਚਨਾ ਕਰਦੇ ਸਨ। ਹੁਣ ਉਹ ਪਾਰਟੀ ਦੀ ਮੁਹਿੰਮ ਲਈ ਨਿੱਜੀ ਜੈੱਟ ਕਿਰਾਏ 'ਤੇ ਲੈ ਰਹੇ ਹਨ।