ਪੰਜਾਬ ਵਿਚ ਜਦੋ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਤੋਂ ਬਹੁੱਤ ਉਮੀਦਾਂ ਸਨ। ਪਰ 'ਆਪ' ਦੇ ਸੱਤਾ ਵਿਚ ਆਉਣ ਤੋਂ ਬਾਅਦ ਕਾਨੂੰਨ ਵਿਵਸਥਾ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ, ਹੁਣ 'ਆਪ' ਅਤੇ ਭਗਵੰਤ ਮਾਨ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਹਨ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਗਾਇਕਾਂ ਨੂੰ ਲੈ ਕੇ ਭੜਕੇ ਹੋਏ ਹਨ।
ਉਨ੍ਹਾਂ ਕਿਹਾ ਕਿ ਬੰਦੂਕ ਸੱਭਿਆਚਾਰ ਅਤੇ ਗੈਂਗਸਟਰਵਾਦ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਬੰਦ ਕਰੋ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸਰਕਾਰ ਸਖ਼ਤ ਕਾਰਵਾਈ ਕਰੇਗੀ। ਫਿਲਹਾਲ ਇਹ ਅਪੀਲ ਹੈ, ਪਰ ਜੇਕਰ ਭਵਿੱਖ 'ਚ ਅਜਿਹੇ ਗੀਤ ਆਉਂਦੇ ਹਨ ਤਾਂ ਸਰਕਾਰ ਉਨ੍ਹਾਂ ਨੂੰ ਨਹੀਂ ਬਖਸ਼ੇਗੀ। ਵੀਰਵਾਰ ਨੂੰ ਹੋਈ ਮੀਟਿੰਗ ਵਿੱਚ ਸੀਐੱਮ ਮਾਨ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ, ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰਾਂ ਨੂੰ ਇਸ 'ਤੇ ਨਜ਼ਰ ਰੱਖਣ ਲਈ ਕਿਹਾ ਹੈ।
ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਗਾਇਕਾਂ ਨੂੰ ਗੀਤਾਂ ਰਾਹੀਂ ਹਿੰਸਾ ਫੈਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੰਜਾਬ ਦੇ ਗਾਇਕਾਂ ਦੇ ਗੀਤਾਂ ਤੋਂ ਜਲਦੀ ਪ੍ਰਭਾਵਿਤ ਹੋਣ ਵਾਲੇ ਬੱਚੇ ਵਿਗੜ ਜਾਂਦੇ ਹਨ। ਗੀਤਾਂ ਵਿੱਚ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰੋ। ਉਨ੍ਹਾਂ ਕਿਹਾ ਕਿ ਪੰਜਾਬੀ ਗਾਇਕਾਂ ਨੂੰ ਇਸ ਗਨ ਕਲਚਰ ਵੱਲ ਰੁਝਾਨ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ।
ਸੀਐੱਮ ਮਾਨ ਨੇ ਕਿਹਾ ਕਿ ਪੰਜਾਬੀ ਗਾਇਕਾਂ ਨੂੰ ਆਪਣੇ ਗੀਤਾਂ ਵਿੱਚ ਸਮਾਜ ਵਿਰੋਧੀਆਂ ਦੀ ਵਡਿਆਈ ਨਹੀਂ ਕਰਨੀ ਚਾਹੀਦੀ। ਇਸ ਨਾਲ ਸਮਾਜ ਵਿੱਚ ਹਿੰਸਾ, ਨਫ਼ਰਤ ਅਤੇ ਦੁਸ਼ਮਣੀ ਭੜਕ ਰਹੀ ਹੈ। ਇਸ ਦੀ ਬਜਾਏ ਗਾਇਕਾਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਕਦਰਾਂ-ਕੀਮਤਾਂ 'ਤੇ ਚੱਲਦੇ ਹੋਏ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਵਾਲੇ ਗੀਤ ਗਾਉਣੇ ਚਾਹੀਦੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਲਈ ਪਾਲੀਵੁੱਡ ਇੰਡਸਟਰੀ ਕੋਈ ਨਵੀਂ ਗੱਲ ਨਹੀਂ ਹੈ। ਮਾਨ ਨੇ ਕਈ ਦਹਾਕਿਆਂ ਤੋਂ ਕਾਮੇਡੀ ਕੀਤੀ ਹੈ। ਉਸ ਦੇ ਕਈ ਟੀਵੀ ਸ਼ੋਅ, ਕੈਸੇਟਾਂ ਮਾਰਕੀਟ ਵਿੱਚ ਆ ਚੁੱਕੀਆਂ ਹਨ। ਉਸਨੇ ਮਸ਼ਹੂਰ ਟੀਵੀ ਸ਼ੋਅ ਲਾਫਟਰ ਚੈਲੇਂਜ ਵਿੱਚ ਵੀ ਹਿੱਸਾ ਲਿਆ ਸੀ। ਇਸ ਤੋਂ ਬਾਅਦ ਉਹ ਰਾਜਨੀਤੀ 'ਚ ਆਏ। ਉਹ ਸੰਗਰੂਰ ਸੀਟ ਤੋਂ 2 ਵਾਰ ਸੰਸਦ ਮੈਂਬਰ ਰਹੇ। ਇਸ ਵਾਰ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਸੀਐਮ ਚਿਹਰਾ ਬਣਾ ਕੇ ਚੋਣ ਲੜੀ ਅਤੇ 92 ਸੀਟਾਂ ਜਿੱਤ ਕੇ ਸਰਕਾਰ ਬਣਾਈ ਅਤੇ ਪੰਜਾਬ ਦੇ ਲੋਕਾਂ ਖਾਸਕਰ ਨੌਜਵਾਨ ਪੀੜੀ ਨੂੰ ਭਗਵੰਤ ਮਾਨ ਤੋਂ ਬਹੁੱਤ ਉਮੀਦਾਂ ਹਨ ।